ਸਾਫਟਵੇਅਰ ਇੰਜਨੀਅਰ ਨਾਲ 23 ਲੱਖ ਦੀ ਠੱਗੀ ਵੱਜੀ
ਖੇਤਰੀ ਪ੍ਰਤੀਨਿਧ
ਪਟਿਆਲਾ, 28 ਦਸੰਬਰ
ਇੱਥੋਂ ਦੇ ਇੱਕ ਸਾਫਟਵੇਅਰ ਇੰਜਨੀਅਰ ਨਾਲ਼ ਦੋ ਨੌਸਰਬਾਜ਼ਾਂ ਵੱਲੋਂ 22.76 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਵੱਲੋਂ ਵਰਤੇ ਗਏ ਮੋਬਾਈਲ ਫੋਨ ਨੰਬਰ ਦੀ ਸੀਰੀਜ਼ ਬੈਂਕ ਦੇ ਮੋਬਾਈਲ ਫੋਨ ਨੰਬਰਾਂ ਨਾਲ ਮਿਲਦੀ-ਜੁਲਦੀ ਹੋਣ ਸਮੇਤ ਠੱੱਗਾਂ ਨੂੰ ਕਈ ਗੱਲਾਂ ਅਗਾਊਂ ਪਤਾ ਸਨ। ਇਸ ਕਰਕੇ ਇਹ ਸਾਫਟਵੇਅਰ ਇੰਜੀਨੀਅਰ ਉਨ੍ਹਾਂ ਦੇ ਝਾਂਸੇ ’ਚ ਆ ਗਿਆ ਅਤੇ ਕਰੀਬ 23 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਪੀੜਤ ਨੂੰ ਇਸ ਫਰਾਡ ’ਚ ਬੈਂਕ ਨਾਲ ਸਬੰਧਤ ਕਿਸੇ ਵਿਅਕਤੀ ਦੇ ਵੀ ਮਿਲੇ ਹੋਣ ਦਾ ਸ਼ੱਕ ਵੀ ਹੈ। ਡੀਐੱਸਪੀ ਸਿਟੀ 2 ਜਸਵਿੰਦਰ ਟਿਵਾਣਾ ਦਾ ਕਹਿਣਾ ਹੈ ਕਿ ਭਾਵੇਂ ਇਹ ਪੇਚੀਦਾ ਮਾਮਲਾ ਹੈ, ਪਰ ਪੁਲੀਸ ਦੋਸ਼ੀਆਂ ਦੀ ਪੈੜ ਨੱਪਦੀ ਹੋਈ ਉਨ੍ਹਾਂ ਤੱਕ ਜਾ ਅਪੱੜੇਗੀ।
ਠੱਗੀ ਦੀ ਇਹ ਪ੍ਰਕਿਰਿਆ ਪੰਜ ਦਿਨਾਂ ’ਚ ਮੁਕੰਮਲ ਹੋਈ। ਇਸ ਦੌਰਾਨ ਸ਼ਿਕਾਇਤਕਰਤਾ ਨੇ ਉਸ ਨੂੰ ਬੈਂਕ ਮੁਲਾਜ਼ਮ ਦੱਸ ਕੇ ਫੋਨ ਕਰਨ ਵਾਲ਼ੇ ਵਿਅਕਤੀਆਂ ਵੱਲੋਂ ਆਏ ਫੋਨ ਨੰਬਰ ਦੇ ਹਵਾਲੇ ਨਾਲ ਸੀਰੀਜ਼ ਬਾਰੇ ਵੀ ਆਪਣੇ ਬੈਂਕ ’ਚ ਫੋਨ ਕਰਕੇ ਪੁੱੱਛ ਪੜਤਾਲ਼ ਕੀਤੀ। ਪੜਤਾਲ਼ ਦੌਰਾਨ ਬੈਂਕ ਵੱਲੋਂ ਦੱਸੀ ਗਈ ਸੀਰੀਜ਼ ਨਾਲ ਸਬੰਧਤ ਫੋਨ ਨੰਬਰ ਉਨ੍ਹਾਂ ਦੇ ਬੈਂਕ ਨਾਲ ਹੀ ਸਬੰਧਤ ਹੋਣ ਦੀ ਹਾਮੀ ਭਰਨ ’ਤੇ ਸਾਫਟਵੇਅਰ ਇੰਜਨੀਅਰ ਠੱਗਾਂ ਵੱਲੋਂ ਬੁਣੇ ਗਏ ਜਾਲ਼ ’ਚ ਫਸ ਗਿਆ। ਅਸਲ ’ਚ ਠੱਗਾਂ ਵੱਲੋਂ ਵਰਤੀ ਜਾ ਰਹੀ ਸੀਰੀਜ਼ ਨੂੰ (ਪਲੱਸ) ਸਮੇਤ ਮਾਮੂਲੀ ਹੋਰ ਫਰਕ ਵੀ ਸੀ ਜਿਸ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਬੈਂਕ ਵੱਲੋਂ ਇਸ ਗਾਹਕ ਦੇ ਘਰ ਪਹਿਲਾਂ ਤੋਂ ਹੀ ਭੇਜੇ ਗਏ ਕਰੈਡਿਟ ਕਾਰਡ ਬਾਰੇ ਠੱਗਾਂ ਨੂੰ ਵੀ ਪਤਾ ਸੀ। ਇਸ ਦੌਰਾਨ ਠੱਗਾਂ ਨੇ ਉਸ ਦੇ ਖਾਤੇ ’ਚ ਪਏ ਪੰਜ ਲੱਖ ਰੁਪਏ ਉਡਾਉਣ ਸਮੇਤ ਉਸ ਦੇ ਨਾਮ ’ਤੇ 18 ਲੱਖ ਰੁਪਏ ਦਾ ਲੋਨ ਵੀ ਕਰਵਾ ਲਿਆ ਅਤੇ ਇਹ ਸਾਰੀ ਰਾਸ਼ੀ ਵੀ ਠੱੱਗਾਂ ਨੇ ਆਪਣੇ ਖਾਤਿਆਂ ’ਚ ਟਰਾਂਸਫਰ ਕਰ ਲਈ। ਇਸ ਤਰ੍ਹਾਂ ਇਸ ਸਾਫਟਵੇਅਰ ਇੰਜਨੀਅਰ ਨਾਲ਼ 22,76,500 ਰੁਪਏ ਦੀ ਠੱਗੀ ਲੱਗ ਗਈ ਕਿਉਂਕਿ ਬੈਂਕ ਵੱਲੋਂ ਇਹ ਲੋਨ ਵੀ ਇਸ ਗਾਹਕ ਦੇ ਖਾਤੇ ਹੀ ਪਾਇਆ ਜਾ ਰਿਹਾ ਹੈ ਕਿਉਂਕਿ ਠੱਗਾਂ ਨੂੰ ਓਟੀਪੀ/ ਪਾਸਵਰਡ ਆਦਿ ਦੇਣ ਦੀ ਉਹ ਗਲਤੀ ਕਰ ਗਿਆ। ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਬਾਜਵਾ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 420 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।