ਵੰਡ, ਤਰਾਸਦੀ ਤੇ ਯਾਦਗਾਰ ਦੀ ਨਿਸ਼ਾਨੀ
ਡਾ. ਕੁਲਦੀਪ ਸਿੰਘ
14 ਅਗਸਤ 2020 ਰਾਤ ਦੇ 12.45 ਵੱਜੇ ਸਨ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਹਿੰਦ-ਪਾਕਿ ਦੋਸਤੀ ਮੰਚ ਦੀ ਰਹਿਨੁਮਾਈ ਹੇਠ 10 ਲੱਖ ਪੰਜਾਬੀਆਂ ਦੀ ਯਾਦ ਵਿਚ ਹਰ ਵਰ੍ਹੇ 1996 ਤੋਂ ਲਗਾਤਾਰ ਮੋਮਬੱਤੀਆਂ ਜਗਾਉਣ ਲਈ ਵਾਹਗਾ ਬਾਰਡਰ ਉੱਤੇ ਬਣਾਈ ‘ਯਾਦਗਾਰੀ ਮਸ਼ਾਲ’ ਵੱਲ ਜਾ ਰਹੇ ਸੀ। ਐਤਕੀਂ ਬੀਐੱਸਐੱਫ ਦੇ ਅਧਿਕਾਰੀ ਅਗਾਂਹ ਜਾਣ ਤੋਂ ਰੋਕ ਰਹੇ ਸਨ। ਇਸ ਮਾਰਚ ਦੇ ਮੋਹਤਬਰਾਂ ਨੇ ਤਨਜ਼ ਕੱਸੀ ਕਿ ਹੁਣ ‘ਸਾਨੂੰ ਇਹ ਵੀ ਹੱਕ ਨਹੀਂ ਕਿ ਉਪਰ ਬੇਦੋਸ਼ੇ ਅਤੇ ਬੇਗੁਨਾਹ ਪੰਜਾਬੀਆਂ ਦੀ ਯਾਦ ’ਚ ਅਸੀਂ ਯਾਦਗਾਰ ਉੱਤੇ ਮੋਮਬੱਤੀਆਂ ਬਾਲ ਸਕੀਏ?’
ਆਖ਼ਰਕਾਰ ਅਧਿਕਾਰੀਆਂ ਨੇ ਜੱਕੋ ਤੱਕੀ ਜਿਹੀ ਨਾਲ ‘ਹਾਂ’ ਕਰ ਦਿੱਤੀ ਪਰ ਜਦੋਂ ਯਾਦਗਾਰ ਵਾਲੀ ਥਾਂ ਉੱਪਰ ਪਹੁੰਚੇ ਤਾਂ ਹੱਕੇ-ਬੱਕੇ ਰਹਿ ਗਏ। ਆਮ ਲੋਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਅਤੇ ਭਵਿੱਖ ਵਿਚ ਇਸ ਖਿੱਤੇ ’ਚ 1947 ਵਰਗੀ ਤਰਾਸਦੀ ਨਾ ਵਾਪਰੇ, ਲਈ ਇਸ ਯਾਦਗਾਰ ਅੱਗੇ ਨਤਮਸਤਕ ਹੁੰਦੇ ਸੀ ਅਤੇ ਉੱਥੇ ਕਿਤਾਬ ਅਤੇ ਕਲਮ ਦੇ ਬਣੇ ਸੰਕੇਤਾਂ ਤੋਂ ਪ੍ਰੇਰਨਾ ਲੈਂਦੇ ਸੀ ਕਿ ਇਸ ਖਿੱਤੇ ਦੇ ਦਸ ਲੱਖ ਪੰਜਾਬੀਆਂ ਦੀ ਯਾਦ ਕਲਮ ਰਾਹੀਂ ਵਰਕਿਆਂ ਉਪਰ ਦਰਜ ਕਰਨੀ ਸਭ ਦੀ ਨੈਤਿਕ ਡਿਊਟੀ ਹੈ। ਯਾਦਗਾਰ ਉਪਰ ਅੰਿਮ੍ਰਤਾ ਪ੍ਰੀਤਮ ਦੀ ਪ੍ਰਸਿੱਧ ਕਵਿਤਾ ਦੀਆਂ ਸਤਰਾਂ ‘ਅੱਜ ਆਖਾਂ ਵਾਰਸ ਸ਼ਾਹ ਨੂੰ...’ ਅਤੇ ਫੈਜ਼ ਅਹਿਮਦ ਫੈਜ਼ ਦੀ ਨਜ਼ਮ ਦੀਆਂ ਸਤਰਾਂ ‘ਹਮ ਜੋ ਤਾਰੀਕ ਰਾਹੋਂ ਮੇਂ ਮਾਰੇ ਗਏ’ ਲਿਖੀਆਂ ਹੋਈਆਂ ਹਨ।
ਇਸ ਯਾਦਗਾਰ ਨੂੰ 1996 ਵਿਚ ਦੇਸ਼ ਵਾਸੀਆਂ ਲਈ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੀ ਅਗਵਾਈ ’ਚ ਸਮਰਪਿਤ ਕਰਨ ਦੀ ਰਸਮ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਪੰਜਾਬੀ ਦੇ ਪੰਜ ਅਖ਼ਬਾਰਾਂ ਦੇ ਸੰਪਾਦਕਾਂ ਨੇ ਪੰਜ ਦਰਿਆਵਾਂ ’ਚੋਂ ਲਿਆਂਦੇ ਪੰਜ ਘੜਿਆਂ ਦੇ ਪਾਣੀ ਰਾਹੀਂ ਉਦਘਾਟਨੀ ਸਮਾਰੋਹ ’ਚ ਭਾਗ ਲਿਆ ਸੀ। ਉਂਝ ਇਕ ਹੋਰ ਤਰਾਸਦਿਕ ਘਟਨਾ 14 ਅਗਸਤ 2020 ਨੂੰ ਸਾਡੀਆਂ ਅੱਖਾਂ ਸਾਹਮਣੇ ਵਾਪਰੀ ਹੋਈ ਦਿਖਾਈ ਦੇ ਰਹੀ ਸੀ: ਯਾਦਗਾਰ ਮਿਟਾ ਦਿੱਤੀ ਗਈ ਸੀ। ਅਸਲ ਵਿਚ 1996 ਤੋਂ 2020 ਤੱਕ ਪਹੁੰਚਦੇ ਪਹੁੰਚਦੇ ਅਜੋਕੇ ਸਿਆਹ ਕਾਲੇ ਦੌਰ ਨੇ ਇਤਿਹਾਸ ਦੇ ਇਸ ਪੰਨੇ ਨੂੰ ਲੋਕਾਂ ਦੇ ਚੇਤਿਆਂ ਵਿਚੋਂ ਮਿਟਾਉਣ ਦਾ ਜ਼ਰੀਆ ਕਰ ਲਿਆ ਸੀ। ਖ਼ੈਰ! ਸਾਡਾ ਕਾਫ਼ਲਾ ਉਸ ਖ਼ਤਮ ਹੋਈ ਯਾਦਗਾਰ ਅੱਗੇ ਰੁਕ ਗਿਆ। ਹੱਥਾਂ ’ਚ ਮੋਮਬੱਤੀਆਂ ਸਨ ਅਤੇ ਅੱਖਾਂ ’ਚ ਅੱਥਰੂ। ਸਭ ਭੁੱਬਾਂ ਮਾਰ ਕੇ ਰੋ ਰਹੇ ਸਨ। ਬਸ ਕੁਝ ਦੇਰ ਰੁਕੇ, ਬਾਹਵਾਂ ਉੱਚੀਆਂ ਕਰ ਕੇ ‘ਹਿੰਦ-ਪਾਕਿ ਦੋਸਤੀ ਜ਼ਿੰਦਾਬਾਦ’, ‘ਪੰਜਾਬੀਆਂ ਦੀ ਯਾਦ ਜਿ਼ੰਦਾ ਰਹੇਗੀ’, ‘ਯਾਦਗਾਰ ਬਹਾਲ ਕਰਵਾ ਕੇ ਰਹਾਂਗੇ’ ਆਦਿ ਨਾਅਰਿਆਂ ਰਾਹੀਂ ਸਾਡੀਆਂ ਅੱਖਾਂ ਦੇ ਹੰਝੂ ਗੁੱਸੇ ’ਚ ਤਬਦੀਲ ਹੋ ਗਏ ਸਨ। ਉਸ ਰਾਤ ਵਾਪਸ ਅੰਮ੍ਰਿਤਸਰ ਪਰਤ ਆਏ ਪਰ ਹਰ ਇਕ ਦੇ ਚਿਹਰੇ ਉਪਰ ਗ਼ਮ, ਦੁੱਖ, ਦਰਦ ਤੇ ਸੰਜੀਦਾ ਕਿਸਮ ਦੀ ਸੋਚ ਆਪਣਾ ਸਥਾਨ ਲੈ ਚੁੱਕੀ ਸੀ। ਇੰਝ ਜਾਪ ਰਿਹਾ ਸੀ ਕਿ ਦੇਸ਼ ਦੀ ਵੰਡ ਸਮੇਂ 10 ਲੱਖ ਬੇਗੁਨਾਹ ਪੰਜਾਬੀਆਂ ਦਾ ਮੁੜ ਕਤਲ ਹੋਇਆ ਹੈ! 80 ਲੱਖ ਲੋਕ ਮੁੜ ਉਜਾੜੇ ਜਾ ਰਹੇ ਹਨ!! ਹਜ਼ਾਰਾਂ ਲੜਕੀਆਂ ਤੇ ਔਰਤਾਂ ਦਾ ਉਧਾਲਾ ਹੋਇਆ ਹੈ!!!
ਦਰਅਸਲ ਇਹ ਯਾਦਗਾਰ ਲੱਖਾਂ ਲੋਕਾਂ ਦੀ ਅਚੇਤ/ਸੁਚੇਤ ਸੋਚ ਦਾ ਹਿੱਸਾ ਬਣ ਗਈ ਸੀ ਕਿਉਂਕਿ ਜਿਹੜਾ ਵੀ ਦੇਸ਼ ਵਾਸੀ ਵਾਹਗਾ ਸਰਹੱਦ ਦੇਖਣ ਲਈ ਜਾਂਦਾ, ਇਸ ਯਾਦਗਾਰ ਅੱਗੇ ਜ਼ਰੂਰ ਨਤਮਸਤਕ ਹੁੰਦਾ। ਯਾਦਗਾਰ ਖ਼ਤਮ ਕਰਨ ਬਾਰੇ ਖ਼ਬਰ ਜਦ ਅਵਾਮ ਤੱਕ ਅਖ਼ਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਪਹੁੰਚੀ, ਤਾਕਤਵਰ ਹਕੂਮਤ ਨੂੰ ਮੁੜ ਸੋਚਣਾ ਪਿਆ ਅਤੇ ਯਾਦਗਾਰ ਦੀ ਮੁੜ ਉਸਾਰੀ ਤੇ ਉਸੇ ਤਰ੍ਹਾਂ ਦੀ ਹੀ ਕਲਮ ਅਤੇ ਕਿਤਾਬ ਤੋਂ ਲੈ ਕੇ ਅੰਿਮ੍ਰਤਾ ਪ੍ਰੀਤਮ ਤੇ ਫੈਜ਼ ਅਹਿਮਦ ਫੈਜ਼ ਦੀਆਂ ਸਤਰਾਂ ਲਿਖ ਕੇ ਮੁੜ ਯਾਦਗਾਰ ਉਸਾਰਨੀ ਪਈ।
ਫਿਰ ਜਦੋਂ 14 ਅਗਸਤ 2022 ਨੂੰ ਮੋਮਬੱਤੀਆਂ 12.45 ਵਜੇ ਜਗਾਈਆਂ ਜਾ ਰਹੀਆਂ ਸਨ ਤਾਂ ਹਰ ਇਕ ਦੇ ਚਿਹਰੇ ਉਪਰ ਜਲੌਅ ਦਿਸ ਰਿਹਾ ਸੀ ਕਿ ਵਿਰਾਸਤਾਂ ਦੀ ਰਾਖੀ ਸਾਡੀ ਚੇਤਨਾ ਅਤੇ ਵਿਰਸੇ ਨੂੰ ਇਵੇਂ ਹੀ ਪ੍ਰਚੰਡ ਕਰਦੀ ਹੈ। ਇਸ ਧਰਤੀ ਦੇ ਜਿੰਨੇ ਮਰਜ਼ੀ ਕੋਨੇ ਕਾਲੇ ਕਰ ਲਏ ਜਾਣ, ਯਾਦਗਾਰਾਂ ਮਿਟਾ ਦਿੱਤੀਆਂ ਜਾਣ, ਇਹ ਮੁੜ ਉਸਰ ਆਉਣਗੀਆਂ; ਲੋਕ ਉਸਾਰ ਲੈਣਗੇ ਪਰ ਇਸੇ ਸਿਆਹ ਕਾਲੇ ਦੌਰ ’ਚ 1947 ਵਰਗੀਆਂ ਤਰਾਸਦੀਆਂ ਤੋਂ ਸਬਕ ਲੈ ਕੇ ਅਮਨ ਸ਼ਾਂਤੀ ਅਤੇ ਸਰਹੱਦ ਦੇ ਆਰ-ਪਾਰ ਲੋਕਾਂ ਦੀ ਸਾਂਝ ਲਈ ਹਰ ਕਦਮ ਅਗਾਂਹ ਵਧਾਉਣਾ ਚਾਹੀਦਾ ਹੈ।
ਸੰਪਰਕ: 98151-15429