ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਕੁਲਰ ਸਿਵਲ ਕੋਡ ਸਮੇਂ ਦੀ ਲੋੜ: ਮੋਦੀ

07:12 AM Aug 17, 2024 IST
ਲਾਲ ਕਿਲੇ ਦੀ ਫਸੀਲ ’ਤੇ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੰਜਾਬੀ ਟ੍ਰਿਬਿਊਨ

ਨਵੀਂ ਦਿੱਲੀ, 16 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ ਨੂੰ ਆਪਣੇ ਲਗਾਤਾਰ 11ਵੇਂ ਸੰਬੋਧਨ ਵਿਚ ਜਿੱਥੇ ‘ਸੈਕੁਲਰ’ ਸਿਵਲ ਕੋਡ ਨੂੰ ਸਮੇਂ ਦੀ ਲੋੜ ਦੱਸਿਆ, ਉਥੇ ਇਕੋ ਵੇਲੇ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣ ਦੀ ਵਕਾਲਤ ਕੀਤੀ। ਇਕਸਾਰ ਸਿਵਲ ਕੋਡ (ਯੂਸੀਸੀ) ਤੇ ‘ਇਕ ਰਾਸ਼ਟਰ ਇਕ ਚੋਣ’ ਦੋਵੇਂ ਹੀ ਸੱਤਾਧਾਰੀ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਹਨ।
ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਸੰਬੋੋਧਨ ਵਿਚ ਸ੍ਰੀ ਮੋਦੀ ਨੇ ਦੇਸ਼ ਵਿਚ ਇਕਸਾਰ ਸਿਵਲ ਕੋਡ (ਯੂਸੀਸੀ) ਦੀ ਜਮ ਕੇ ਵਕਾਲਤ ਕੀਤੀ। ਉਨ੍ਹਾਂ ਆਪਣੀ ਗੱਲ ਰੱਖਣ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਵੀ ਹਵਾਲਾ ਦਿੱਤਾ। ਸ੍ਰੀ ਮੋਦੀ ਨੇ ਕਿਹਾ, ‘‘ਸਮਾਜ ਦਾ ਇਕ ਵੱਡਾ ਵਰਗ ਮੰਨਦਾ ਹੈ ਤੇ ਇਹ ਸੱਚ ਵੀ ਹੈ ਕਿ ਮੌਜੂਦਾ ਸਿਵਲ ਕੋਡ ਇਕ ਤਰੀਕੇ ਨਾਲ ਫਿਰਕੂ ਸਿਵਲ ਕੋਡ ਹੈ। ਅਸੀਂ 75 ਸਾਲ ਇਸ ਫਿਰਕੂ ਸਿਵਲ ਕੋਡ ਨਾਲ ਕੱਢੇ ਹਨ। ਇਹ ਸਿਵਲ ਕੋਡ ਹੈ ਜੋ ਪੱਖਪਾਤ ਨੂੰ ਹੱਲਾਸ਼ੇਰੀ ਦਿੰਦਾ ਹੈ। ਇਹ ਦੇਸ਼ ਨੂੰ ਧਾਰਮਿਕ ਲੀਹਾਂ ’ਤੇ ਵੰਡਦਾ ਹੈ ਤੇ ਨਾਬਰਾਬਰੀ ਦਾ ਪ੍ਰਚਾਰ ਪਾਸਾਰ ਕਰਦਾ ਹੈ। ਹੁਣ ਸਾਨੂੰ ਸੈਕੁਲਰ ਸਿਵਲ ਕੋਡ ਵੱਲ ਵਧਣਾ ਹੋਵੇਗਾ। ਦੇਸ਼ ਵਿਚ ਧਰਮ-ਨਿਰਪੱਖ ਸਿਵਲ ਕੋਡ ਸਮੇਂ ਦੀ ਲੋੜ ਹੈ। ਇਹ ਸੰਵਿਧਾਨ ਦੀ ਰੂਹ ਹੈ। ਸੁਪਰੀਮ ਕੋਰਟ ਕਈ ਵਾਰ ਇਸ ਦੀ ਲੋੜ ’ਤੇ ਜ਼ੋਰ ਦੇ ਚੁੱਕੀ ਹੈ। ਸੰਵਿਧਾਨ ਨਿਰਮਾਤਾਵਾਂ ਦੇ ਸੁਪਨੇ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।’’
ਹਿੰਸਾ ਦੇ ਝੰਬੇ ਬੰਗਲਾਦੇਸ਼ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀ ਗੁਆਂਢੀ ਮੁਲਕ ਵਿਚ ਹਿੰਦੂਆਂ ਤੇ ਹੋਰ ਘੱਟਗਿਣਤੀਆਂ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਹਨ। ਪ੍ਰਧਾਨ ਮੰਤਰੀ ਨੇ ਆਸ ਜਤਾਈ ਕਿ ਛੇਤੀ ਹੀ ਉਥੇ ਹਾਲਾਤ ਆਮ ਵਾਂਗ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਵਿਚ ਹਮੇਸ਼ਾ ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਹੈ।
ਸ੍ਰੀ ਮੋਦੀ, ਜਿਨ੍ਹਾਂ ਸਫੇਦ ਕੁੜਤੇ ਤੇ ਚੂੜੀਦਾਰ ਪਜਾਮੇ ਨਾਲ ਸਿਰ ’ਤੇ ਰਾਜਸਥਾਨੀ ਲਹਿਰੀਆ ਪ੍ਰਿੰਟ ਦੀ ਪੱਗੜੀ ਸਜਾਈ ਹੋਈ ਸੀ, ਨੇ ਹਰੇਕ ਖੇਤਰ ਵਿਚ ਮਹਿਲਾਵਾਂ ਦੇ ਉਭਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਲਕਾਤਾ ਵਿਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕੇਸ ਦੇ ਹਵਾਲੇ ਨਾਲ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਅਜਿਹੇ ਕੇਸਾਂ ਵਿਚ ਪਹਿਲ ਦੇ ਅਧਾਰ ’ਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ। 98 ਮਿੰਟਾਂ ਦੇ ਆਪਣੇ ਹੁਣ ਤੱਕ ਦੀ ਸਭ ਤੋਂ ਲੰਮੇ ਭਾਸ਼ਣ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦਾ ਸੁਨਹਿਰੀ ਕਾਲ ਹੈ ਤੇ ਦੇਸ਼ ਨੂੰ 2047 ਤੱਕ ‘ਵਿਕਸਤ ਭਾਰਤ’ ਦੀ ਉਡੀਕ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਸਿਆਸਤ ਨੂੰ ਜਾਤੀਵਾਦ ਤੇ ਪਰਿਵਾਰਵਾਦ ਤੋਂ ਮੁਕਤ ਕਰਨ ਦਾ ਸੱਦਾ ਦਿੰਦਿਆਂ ਇਕ ਲੱਖ ਨੌਜਵਾਨਾਂ, ਜਿਨ੍ਹਾਂ ਦੇ ਪਰਿਵਾਰਾਂ ਦਾ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ ਹੈ, ਨੂੰ ਜਨਤਕ ਜੀਵਨ ਵਿਚ ਆਉਣ ਦੀ ਦਾਅਵਤ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਖੂਨ ਨਾਲ ਨਵੀਂ ਸੋਚ ਆਏਗੀ, ਜੋ ਜਮਹੂਰੀਅਤ ਨੂੰ ਹੋਰ ਸੰਪੰਨ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਦੀ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਅਗਲੇ ਪੰਜ ਸਾਲਾਂ ਵਿਚ 75000 ਨਵੀਆਂ ਮੈਡੀਕਲ ਸੀਟਾਂ ਸਿਰਜੇਗੀ। ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਅਜਿਹੇ ਲੋਕਾਂ ਤੋਂ ਚੌਕਸ ਰਹਿਣ ਜੋ ਦੇਸ਼ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਦੇਸ਼ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ ਤੇ ਦੇਸ਼ ਨੂੰ ਅਜਿਹੇ ਲੋਕਾਂ ਨੂੰ ਦਰਕਿਨਾਰ ਕਰਨਾ ਹੋਵੇਗਾ, ਜੋ ਨਿਰਾਸ਼ਾ ਵਿਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ 140 ਕਰੋੜ ਨਾਗਰਿਕ, ਜੇ ਮੋਢੇ ਨਾਲ ਮੋਢਾ ਜੋੜ ਦੇ ਤੁਰਨ ਤਾਂ ਖ਼ੁਸ਼ਹਾਲ ਤੇ ਵਿਕਸਤ ਭਾਰਤ ਦੇ ਟੀਚੇ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਹਰੇਕ ਸੈਕਟਰ ਵਿਚ ਆਧੁਨਿਕਤਾ ਤੇ ਤਕਨਾਲੋਜੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਤਨਜ਼ ਕਸਦਿਆਂ ਕਿਹਾ ਕਿ ਕੁਝ ਲੋਕ ਭ੍ਰਿਸ਼ਟਾਚਾਰ ਨੂੰ ਵਡਿਆ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰੀਆਂ ਵਿਚ ‘ਭੈਅ ਦਾ ਮਾਹੌਲ’ ਪੈਦਾ ਕਰਨਾ ਚਾਹੁੰਦੇ ਹਨ। -ਪੀਟੀਆਈ

Advertisement

‘ਫਿਰਕੂ ਸਿਵਲ ਕੋਡ’ ਬਾਰੇ ਟਿੱਪਣੀ ਅੰਬੇਡਕਰ ਦਾ ਅਪਮਾਨ: ਵਿਰੋਧੀ ਧਿਰਾਂ

ਨਵੀਂ ਦਿੱਲੀ: ਵਿਰੋਧੀ ਧਿਰਾਂ ਨੇ ਆਜ਼ਾਦੀ ਦਿਹਾੜੇ ਦੀ ਤਕਰੀਰ ਵਿਚ ‘ਫਿਰਕੂ ਸਿਵਲ ਕੋਡ’ ਬਾਰੇ ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਉਨ੍ਹਾਂ ’ਤੇ ‘ਵੰਡਪਾਊ ਏਜੰਡੇ’ ਦੇ ਪ੍ਰਚਾਰ ਪਾਸਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਦਾ ‘ਵੱਡਾ ਅਪਮਾਨ’ ਹਨ। ਕਾਂਗਰਸ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੀ ‘ਈਰਖਾ, ਸ਼ਰਾਰਤ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਆਪਣੀ ਸਮਰੱਥਾ ਦੀ ਖੁੱਲ੍ਹ ਕੇ ਨੁਮਾਇਸ਼ ਕੀਤੀ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ੍ਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਨੇ ਈਰਖਾ, ਸ਼ਰਾਰਤ ਤੇ ਇਤਿਹਾਸ ਨੂੰ ਤੋੜ-ਮਰੋੜ ਦੇ ਪੇਸ਼ ਕਰਨ ਦੀ ਆਪਣੀ ਸਮਰੱਥਾ ਦੀ ਖੁੱਲ੍ਹ ਕੇ ਨੁਮਾਇਸ਼ ਕੀਤੀ। ਇਹ ਕਹਿਣਾ ਕਿ ਹੁਣ ਤੱਕ ਸਾਡੇ ਕੋਲ ‘ਫ਼ਿਰਕੂ ਸਿਵਲ ਕੋਡ’ ਸੀ ਡਾ. ਅੰਬੇਦਕਰ, ਜੋ ਹਿੰਦੂ ਪਰਸਨਲ ਲਾਅਜ਼ (ਜਿਨ੍ਹਾਂ 1950ਵਿਆਂ ਦੇ ਮੱਧ ਵਿਚ ਹਕੀਕੀ ਰੂਪ ਲਿਆ) ਵਿਚ ਸੁਧਾਰਾਂ ਦੇ ਮਹਾਨ ਚੈਂਪੀਅਨ ਦਾ ਵੱਡਾ ਨਿਰਾਦਰ ਹੈ। ਆਰਐੱਸਐੱਸ ਤੇ ਜਨ ਸੰਘ ਇਨ੍ਹਾਂ ਸੁਧਾਰਾਂ ਦਾ ਜਮ ਕੇ ਵਿਰੋਧ ਕਰਦੇ ਰਹੇ ਹਨ।’’ ਉਧਰ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿਚ ਦੇਸ਼ ਨੂੰ ਇਕਜੁੱਟ ਕਰਨ ਤੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਕੋਈ ਮੁੱਦਾ ਨਹੀਂ ਰੱਖਿਆ। ਉਨ੍ਹਾਂ ਕਿਹਾ, ‘‘ਸ੍ਰੀ ਮੋਦੀ ਨੇ ਜੋ ਕੁਝ ਬੋਲਿਆ ਉਹ ਆਰਐੱਸਐੱਸ ਦਾ ਵੰਡਪਾਊ ਏਜੰਡਾ ਹੈ। ਪ੍ਰਧਾਨ ਮੰਤਰੀ ਨੇ 2047 ਦੀ ਗੱਲ ਕੀਤੀ, ਪਰ ਉਹ ਦੇਸ਼ ਦੀ ਅਨੇਕਤਾ ਤੇ ਵੰਨ-ਸੁਵੰਨਤਾ ਦੀ ਗੱਲ ਕਰਨ ਵਿਚ ਨਾਕਾਮ ਰਹੇ। ਉਹ ਦੇਸ਼ ’ਤੇ ਇਕਸਾਰਤਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।’’ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈੱਨ ਦੀ ਜਨਰਲ ਸਕੱਤਰ ਤੇ ਸੀਪੀਆਈ ਆਗੂ ਐਨੀ ਰਾਜਾ ਨੇ ਸ੍ਰੀ ਮੋਦੀ ਦੇ ‘ਇਕ ਦੇਸ਼ ਇਕ ਚੋਣ’ ਵਿਚਾਰ ’ਤੇ ਸਵਾਲ ਉਠਾਏ। ਆਰਜੇਡੀ ਆਗੂ ਮਨੋਜ ਝਾਅ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਸ਼ਾਇਦ ਅਜੇ ਤੱਕ ਇਹ ਅਹਿਸਾਸ ਨਹੀਂ ਹੋਇਆ ਕਿ ਦੇਸ਼ ਵਿਚ ਸਿਰਫ਼ ਇਕ ਹੀ ਪ੍ਰਧਾਨ ਮੰਤਰੀ ਹੁੰਦਾ ਹੈ ਤੇ ਜਿਨ੍ਹਾਂ ਵਿਰੋਧੀ ਧਿਰਾਂ ਲਈ ਵੋਟਾਂ ਪਾਈਆਂ ਉਨ੍ਹਾਂ ਲਈ ਕੋਈ ਵੱਖਰਾ ਪ੍ਰਧਾਨ ਮੰਤਰੀ ਨਹੀਂ ਹੈ। -ਪੀਟੀਆਈ

ਭਾਜਪਾ ਦੇ ਬਹੁਤੇ ਭਾਈਵਾਲਾਂ ਨੇ ਯੂਸੀਸੀ ਨਾਲੋਂ ਦੂਰੀ ਬਣਾਈ

ਭਾਜਪਾ ਦੇ ਬਹੁਤੇ ਭਾਈਵਾਲਾਂ ਨੇ ਇਕਸਾਰ ਸਿਵਲ ਕੋਡ (ਯੂਸੀਸੀ) ਦੀ ਹਮਾਇਤ ਬਾਰੇ ਹਾਲ ਦੀ ਘੜੀ ਆਪਣੇ ਪੱਤੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਐੱਨਡੀਏ ਦੀ ਸਭ ਤੋਂ ਵੱਡੀ ਭਾਈਵਾਲ ਤੇਲਗੂ ਦੇਸਮ ਪਾਰਟੀ (ਟੀਡੀਪੀ) ਨੇ ਕਿਹਾ ਕਿ ਉਹ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਵੇਰਵਿਆਂ ਦੀ ਉਡੀਕ ਕਰੇਗੀ। ਉਧਰ ਭਾਜਪਾ ਦੀ ਦੂਜੀ ਸਭ ਤੋਂ ਵੱਡੀ ਭਾਈਵਾਲ ਜੇਡੀਯੂ ਨੇ ਕਿਹਾ ਕਿ ਪਾਰਟੀ ਅਜਿਹੇ ਕਿਸੇ ਸੁਧਾਰ ਦੀ ਹਮਾਇਤ ਕਰੇਗੀ। ਪਾਰਟੀ ਦੇ ਤਰਜਮਾਨ ਕੇਸੀ ਤਿਆਗੀ ਨੇ ਕਿਹਾ ਕਿ ਉਹ ਧਾਰਮਿਕ ਸਮੂਹਾਂ ਤੇ ਰਾਜਾਂ ਸਣੇ ਸਾਰੇ ਸਬੰਧਤ ਭਾਈਵਾਲਾਂ ਨਾਲ ਸਹਿਮਤੀ ਬਣਾਉਣ ਮਗਰੋਂ ਹੀ ਜ਼ੋਰ ਅਜ਼ਮਾਈ ਕਰਨਗੇ। ਇਕ ਹੋਰ ਅਹਿਮ ਭਾਈਵਾਲ ਸ਼ਿਵ ਸੈਨਾ ਨੇ ਯੂਸੀਸੀ ਤੇ ‘ਇਕ ਦੇਸ਼ ਇਕ ਚੋਣ’ ਦੀ ਹਮਾਇਤ ਕੀਤੀ ਹੈ।

Advertisement

ਮੁਰਮੂ ਤੇ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਨੂੰ ਸ਼ਰਧਾਂਜਲੀਆਂ

ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕੌਮੀ ਰਾਜਧਾਨੀ ਸਥਿਤ ‘ਸਦੈਵ ਅਟਲ’ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਵਾਜਪਈ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਵਿੱਚ ਲਿਖਿਆ, ‘‘ਰਾਸ਼ਟਰ-ਨਿਰਮਾਣ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਅਣਗਿਣਤ ਲੋਕਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਕਿ ਸਾਡੇ ਸਾਥੀ ਨਾਗਰਿਕ ਬਿਹਤਰ ਜ਼ਿੰਦਗੀ ਮਾਣ ਸਕਣ।’’

Advertisement