ਆਸ ਦੀ ਤੰਦ
ਕਰਮਜੀਤ ਕੌਰ ਮੁਕਤਸਰ
ਸਾਨੂੰ ਪਿੰਡੋਂ ਸ਼ਹਿਰ ਆਇਆਂ ਨੂੰ ਮਸਾਂ ਅਜੇ ਚਾਰ ਕੁ ਦਿਨ ਹੀ ਹੋਏ ਸਨ। ਅਸੀਂ ਘਰ ਦਾ ਸਾਜ਼ੋ-ਸਾਮਾਨ ਟਿਕਾਉਣ ਵਿੱਚ ਰੁੱਝੇ ਹੋਏ ਸੀ। ਦੁਪਹਿਰ ਦੇ ਵਕਤ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਮੈਂ ਕਮਰੇ ਵਿੱਚੋਂ ਰਸੋਈ ਤੱਕ ਅਜੇ ਪਹੁੰਚੀ ਹੀ ਸੀ ਕਿ ਮੇਰੀ ਮਕਾਨ ਮਾਲਕਣ ਜੋ ਹੁਣੇ-ਹੁਣੇ ਮੇਰੇ ਕੋਲ ਦੀ ਗੇਟ ਤੋਂ ਬਾਹਰ ਗਈ ਸੀ, ਉਨ੍ਹੀਂ ਪੈਰੀਂ ਵਾਪਸ ਰੋਂਦੀ-ਰੋਂਦੀ ਦੁਬਾਰਾ ਮੇਰੇ ਕੋਲ ਦੀ ਲੰਘ ਗਈ। ਆਪਣੇ ਕਮਰੇ ਵਿੱਚ ਜਾ ਕੇ ਉੱਚੀ-ਉੱਚੀ ਰੋਣ ਲੱਗ ਪਈ। ਉਸ ਦੇ ਨਾਲ ਉਸ ਦੀ ਪੰਜ ਕੁ ਸਾਲ ਦੀ ਬੱਚੀ ਵੀ ਉਸ ਦੇ ਪਿੱਛੇ ਪਿੱਛੇ ਸਹਿਮੀ ਹੋਈ ਦਰਵਾਜ਼ੇ ਵਿੱਚ ਜਾ ਖੜ੍ਹੀ ਸੀ। ਮੈਂ ਉਨ੍ਹਾਂ ਦੇ ਪਰਿਵਾਰ ਬਾਰੇ ਅਜੇ ਪੂਰੀ ਤਰ੍ਹਾਂ ਜਾਣੂ ਤਾਂ ਨਹੀਂ ਸੀ, ਪਰ ਫਿਰ ਵੀ ਇਨਸਾਨੀਅਤ ਨਾਤੇ ਮੈਂ ਆਪਣੀ ਰਸੋਈ ਦਾ ਦਰਵਾਜ਼ਾ ਬੰਦ ਕਰਕੇ ਉਨ੍ਹਾਂ ਦੇ ਕਮਰੇ ਵੱਲ ਨੂੰ ਹੋ ਗਈ। ਉਮਰ ਵਿੱਚ ਉਹ ਮੇਰੇ ਤੋਂ ਵੱਡੀ ਹੋਣ ਕਰਕੇ ਮੈਂ ਉਸ ਨੂੰ ਸਤਿਕਾਰ ਸਹਿਤ ਭੈਣ ਜੀ ਕਹਿ ਕੇ ਬੁਲਾਉਂਦੀ ਸੀ। ਮੈਂ ਉਨ੍ਹਾਂ ਦੇ ਕਮਰੇ ਵਿੱਚ ਪਹੁੰਚੀ ਤਾਂ ਉਹ ਭੁੱਬਾਂ ਮਾਰ ਕੇ ਰੋ ਰਹੀ ਸੀ। ਉਸ ਦੀ ਮਾਸੂਮ ਜਿਹੀ ਬੱਚੀ ਸਹਿਮੀ ਖੜ੍ਹੀ ਸੀ।
ਮੈਂ ਜਾਣ ਸਾਰ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਪੁੱਛਿਆ, “ਕੀ ਗੱਲ ਹੋ ਗਈ ਭੈਣ ਜੀ? ਤੁਸੀਂ ਰੋ ਕਿਉਂ ਰਹੇ ਹੋ।” ਏਨਾ ਕਹਿ ਮੈਂ ਉਸ ਦੀ ਬੱਚੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ। “ਰੋਣ ਤੋਂ ਸਿਵਾਏ ਮੇਰੇ ਕਰਮਾਂ ਵਿੱਚ ਹੋਰ ਕੁਝ ਰਿਹਾ ਵੀ ਨਹੀਂ।” ਆਪਣੇ ਕੰਬਦੇ ਹੋਏ ਬੁੱਲ੍ਹਾਂ ਵਿੱਚੋਂ ਇਹ ਸ਼ਬਦ ਕਹੇ ਤੇ ਉਹ ਫਿਰ ਰੋਣ ਲੱਗ ਪਈ। ‘‘ਫਿਰ ਵੀ ਕੀ ਗੱਲ ਹੋ ਗਈ, ਭੈਣ ਜੀ? ਤੁਸੀਂ ਇੱਕ ਵਾਰ ਮੈਨੂੰ ਦੱਸੋ ਤਾਂ ਸਹੀ,’’ ਮੈਂ ਦੁਬਾਰਾ ਪੁੱਛਣ ਦੀ ਕੋਸ਼ਿਸ਼ ਕੀਤੀ। ‘‘ਮੈਂ ਆਪਣੇ ਚਾਚਾ ਜੀ ਦੇ ਘਰ ਗਈ ਸੀ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੇ ਚਾਚੀ ਜੀ ਨੇ ਭਾਬੀ ਜੀ ਨੂੰ ਕਿਹਾ ਕਿ ਦੇਖ ਕੌਣ ਆਇਆ ਹੈ। ਭਾਬੀ ਜੀ ਨੇ ਪੈਂਦੀ ਸੱਟੇ ਕਿਹਾ ਕਿ ਉਹ ਹੀ ਹੋਣੀ ਹੈ ਜਿਹੜੀ ਰੋਡੀ ਲੱਗੀ ਹੋਈ ਹੈ। ਘਰੇ ਟਿਕ ਕੇ ਇਸ ਤੋਂ ਬੈਠਿਆ ਨਹੀਂ ਜਾਂਦਾ। ਬੰਦੇ ਦਾ ਚਿੱਤ ਚੰਗਾ ਨਾ ਹੋਵੇ ਤਾਂ ਉਹ ਘਰੇ ਮੂੰਹ ਸਿਰ ਲਪੇਟ ਕੇ ਪੈ ਜਾਂਦਾ ਪਰ ਇਹ ਹੈ ਕਿ ਇਹ ਮੂੰਹ ਚੁੱਕ ਕੇ ਇਧਰ ਨੂੰ ਤੁਰ ਪੈਂਦੀ ਹੈ। ਬੱਸ ਉਨ੍ਹਾਂ ਦੇ ਮੂੰਹੋਂ ਰੋਜ਼ ਦੇ ਬੋਲ ਕੁਬੋਲ ਸੁਣ ਕੇ ਮੈਂ ਥੱਕ ਗਈ।’’ ਉਸ ਨੇ ਰੋਂਦੀ ਹੋਈ ਨੇ ਉੱਤਰ ਦਿੱਤਾ। ‘‘ਭੈਣ ਜੀ, ਉਹ ਤੁਹਾਨੂੰ ਇਹੋ ਜਿਹੇ ਬੋਲ ਕੁਬੋਲ ਕਿਉਂ ਬੋਲਦੇ ਹਨ?” ਮੈਂ ਹੈਰਾਨ ਹੋਈ ਨੇ ਪੁੱਛਿਆ। ‘‘ਦਰਅਸਲ ਇਹ ਮੇਰੇ ਪੇਕਿਆਂ ਦਾ ਘਰ ਹੈ। ਹੁਣ ਅਸੀਂ ਇਸ ਘਰ ਵਿੱਚ ਪਿਓ-ਧੀ ਰਹਿੰਦੇ ਹਾਂ। ਇਹ ਮੇਰੀ ਛੋਟੀ ਜਿਹੀ ਬੱਚੀ ਹੈ,’’ ਉਸ ਨੇ ਮੇਰੀ ਗੋਦ ਵਿੱਚ ਬੈਠੀ ਆਪਣੀ ਬੱਚੀ ਵੱਲ ਦੇਖਦੇ ਹੋਏ ਕਿਹਾ, ‘‘ਕਦੇ ਸਮਾਂ ਸੀ ਜਦੋਂ ਇਸ ਘਰ ਵਿੱਚ ਵੀ ਬੇਅੰਤ ਰੌਣਕ ਹੁੰਦੀ ਸੀ ਜੋ ਅੱਜ ਰਹੀ ਨਹੀਂ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਮੇਰਾ ਵਿਆਹ ਹੋਇਆ ਸੀ। ਉਸ ਵਕਤ ਮੇਰਾ ਪਰਿਵਾਰ ਰਾਜ਼ੀ-ਖੁਸ਼ੀ ਅਤੇ ਪੂਰਾ ਸੀ। ਮੇਰੇ ਤੋਂ ਸਿਵਾਏ ਮੇਰਾ ਇੱਕ ਛੋਟਾ ਭਰਾ ਭੋਲਾ ਵੀ ਸੀ। ਭੋਲਾ ਵਾਕਈ ਬਹੁਤ ਭੋਲਾ ਸੀ, ਪਰ ਸ਼ਹਿਰ ਦੀ ਜੱਦੀ-ਪੁਸ਼ਤੀ 40 ਕਿੱਲੇ ਜ਼ਮੀਨ ਅਤੇ ਘਰ-ਬਾਰ ਹੋਣ ਕਰਕੇ ਉਸ ਨੂੰ ਬਹੁਤ ਰਿਸ਼ਤੇ ਆਉਂਦੇ। ਮੇਰੀ ਮਾਂ ਨੇ ਸੋਚਿਆ ਕਿ ਪਹਿਲਾਂ ਕੁੜੀ ਦਾ ਵਿਆਹ ਕਰਕੇ ਮੁੰਡੇ ਦਾ ਕੀਤਾ ਜਾਵੇ ਤਾਂ ਚੰਗਾ ਹੈ।
ਖ਼ੈਰ, ਮੇਰਾ ਵਿਆਹ ਹੋ ਗਿਆ। ਮੇਰੀ ਮਾਂ ਨੇ ਮੈਨੂੰ ਛੱਜ ਟੂੰਮਾਂ ਦਾ ਪਾ ਕੇ ਤੋਰਿਆ। ਮੈਂ ਸਹੁਰੇ ਘਰ ਚਲੀ ਗਈ। ਜਦ ਵਿਆਹ ਨੂੰ ਦੋ-ਚਾਰ ਮਹੀਨੇ ਹੋਏ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਲ ਧੋਖਾ ਹੋ ਗਿਆ। ਮੇਰੇ ਸਹੁਰੇ ਜੋ ਆਪਣੇ ਆਪ ਨੂੰ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਦੱਸਦੇ ਸਨ, ਉਨ੍ਹਾਂ ਕੋਲ ਚਾਰ ਕੁ ਕਿੱਲੇ ਬਰਾਨੀ ਜ਼ਮੀਨ ਸੀ। ਮੇਰਾ ਘਰਵਾਲਾ ਵਿਹਲਾ ਹੀ ਰਹਿੰਦਾ ਸੀ। ਘਰ ਦਾ ਗੁਜ਼ਾਰਾ ਮੇਰੀ ਸੱਸ ਦੀ ਪੈਨਸ਼ਨ ’ਤੇ ਚੱਲਦਾ ਸੀ। ਉਨ੍ਹਾਂ ਕੋਲ ਜੋ ਘਰ ਸੀ ਉਹ ਵੀ ਉਨ੍ਹਾਂ ਨੇ ਕਿਸੇ ਤੋਂ ਧੋਖੇ ਨਾਲ ਖੋਹਿਆ ਹੋਇਆ ਸੀ। ਪਰ ਹੁਣ ਮੈਂ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਮੇਰੀ ਕੁੱਖ ਵਿੱਚ ਮੇਰੀ ਬੱਚੀ ਪਲ ਰਹੀ ਸੀ। ਮੈਂ ਇੱਕ ਸੀਮਤ ਸਮੇਂ ਤੱਕ ਸਾਰੀ ਗੱਲਬਾਤ ਆਪਣੇ ਕੋਲ ਰੱਖੀ, ਕਿਸੇ ਨੂੰ ਕੁਝ ਨਹੀਂ ਦੱਸਿਆ। ਜਦੋਂ ਮੇਰੇ ਸਹੁਰਿਆਂ ਦੇ ਅੱਤਿਆਚਾਰ ਬਹੁਤ ਵਧ ਗਏ ਤਾਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਮਾਂ ਵੀ ਮੇਰੇ ਵਾਂਗ ਠੰਢਾ ਹਾਉਕਾ ਭਰ ਕੇ ਚੁੱਪ ਕਰ ਗਈ। ਇਸ ਕਰਕੇ ਕਿ ਮੇਰੇ ਭਰਾ ਦਾ ਵਿਆਹ ਹੋਣ ਦਿੱਤਾ ਜਾਵੇ, ਕਿਧਰੇ ਉਸ ਦੇ ਰਿਸ਼ਤੇ ਉੱਪਰ ਕੋਈ ਅਸਰ ਨਾ ਪਵੇ। ਮੈਂ ਆਪਣੇ ਸਹੁਰਿਆਂ ਦਾ ਹਰ ਅੱਤਿਆਚਾਰ ਸਹਾਰਦੀ ਰਹੀ। ਇੱਥੋਂ ਤੱਕ ਕਿ ਮੈਂ ਕਦੇ ਫੋਨ ’ਤੇ ਆਪਣੇ ਮਾਂ-ਬਾਪ ਨਾਲ ਗੱਲਬਾਤ ਨਹੀਂ ਕਰ ਸਕਦੀ ਸੀ। ਮੈਨੂੰ ਵਾਰ-ਵਾਰ ਪੈਸੇ ਲਿਆਉਣ ਲਈ ਕਿਹਾ ਜਾਂਦਾ। ਜੇ ਕਦੇ ਪੈਸੇ ਲਿਜਾਣ ਵਿੱਚ ਦੇਰ ਹੋ ਜਾਂਦੀ ਤਾਂ ਮੇਰੇ ਉੱਪਰ ਭਾਰੀ ਤਸ਼ੱਦਦ ਕੀਤਾ ਜਾਂਦਾ। ਮੇਰੇ ਘਰਵਾਲੇ ਦੀ ਅੱਖ ਮੇਰੇ ਪੇਕਿਆਂ ਦੀ ਜ਼ਮੀਨ ’ਤੇ ਸੀ। ਇਸ ਕਰਕੇ ਉਨ੍ਹਾਂ ਨੂੰ ਮੇਰਾ ਭਰਾ ਕੰਡੇ ਵਾਂਗ ਚੁੱਭਦਾ ਸੀ। ਮੇਰੀ ਮਾਂ ਨੇ ਸੋਚਿਆ ਕਿ ਤੁਸੀਂ ਭੋਲੇ ਦਾ ਸਾਰੀ ਉਮਰ ਸਾਥ ਦੇਣਾ ਹੈ। ਪਰ ਮੇਰਾ ਘਰਵਾਲਾ ਨਹੀਂ ਸੀ ਚਾਹੁੰਦਾ ਕਿ ਭੋਲਾ ਇਕੱਲਾ ਕਰੋੜਾਂ ਦੀ ਜਾਇਦਾਦ ਦਾ ਵਾਰਸ ਬਣੇ। ਇਸ ਕਰਕੇ ਉਸ ਨੇ ਭੋਲੇ ਬਾਈ ਦੀ ਮੰਗਣੀ ਹੋਣ ਤੋਂ ਕੁਝ ਦਿਨ ਪਹਿਲਾਂ ਬਹੁਤ ਵੱਡੀ ਸਾਜ਼ਿਸ਼ ਰਚੀ। ਇੱਕ ਰਾਤ ਉਸ ਨੇ ਗਿਆਰਾਂ ਕੁ ਵਜੇ ਮੈਨੂੰ ਕਿਹਾ ਕਿ ਉਹ ਕਿਤੇ ਕੰਮ ਜਾ ਰਿਹਾ ਹੈ। ਮੈਂ ਸੋਚਿਆ ਕਿ ਰਾਤ ਦੇ ਗਿਆਰਾਂ ਵਜੇ ਇਸ ਨੂੰ ਕੀ ਕੰਮ ਹੋ ਸਕਦਾ ਹੈ। ਫਿਰ ਸੋਚਿਆ ਕੋਈ ਹੋਵੇਗਾ...। ਉਸ ਰਾਤ ਉਸ ਨੇ ਚਾਰ ਬੰਦਿਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਗੰਢ ਲਿਆ ਅਤੇ ਤੇਜ਼ ਹਥਿਆਰਾਂ ਨਾਲ ਮੇਰੇ ਪੇਕਿਆਂ ਦੇ ਘਰ ’ਤੇ ਹਮਲਾ ਕਰਨ ਲਈ ਨਿਕਲ ਪਿਆ। ਰਾਤ ਦੇ ਹਨੇਰੇ ਦਾ ਸਹਾਰਾ ਲੈ ਕੇ ਉਹ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਉਸ ਰਾਤ ਮੇਰੇ ਪਾਪਾ ਮੇਰੇ ਨਾਨਕੇ ਭੋਲੇ ਬਾਈ ਦੀ ਮੰਗਣੀ ਦੀ ਗੱਲਬਾਤ ਕਰਨ ਲਈ ਗਏ ਹੋਏ ਸਨ। ਮੇਰਾ ਭਰਾ ਤੇ ਮੰਮੀ ਵਿਹੜੇ ਵਿੱਚ ਕੂਲਰ ਦੀ ਠੰਢੀ ਹਵਾ ਵਿੱਚ ਘੂਕ ਸੁੱਤੇ ਪਏ ਸਨ। ਜ਼ਾਲਮਾਂ ਨੇ ਪਹਿਲਾਂ ਉਨ੍ਹਾਂ ਦੇ ਸਿਰਾਂ ਉੱਪਰ ਵਾਰ ਕੀਤਾ ਅਤੇ ਸਿਰ ਧੜਾਂ ਤੋਂ ਅਲੱਗ ਕਰ ਦਿੱਤੇ। ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ। ਜਦ ਅੱਧੀ ਰਾਤ ਨੂੰ ਲੈਂਡਲਾਈਨ ਫੋਨ ਦੀ ਘੰਟੀ ਵੱਜੀ ਤਾਂ ਫੋਨ ਮੇਰੇ ਸਹੁਰੇ ਨੇ ਚੁੱਕਿਆ ਸੀ। ਉਹ ਕਹਿ ਰਿਹਾ ਸੀ ਕਿ ‘ਠੀਕ ਹੈ ਠੀਕ ਹੈ’। ਮੈਨੂੰ ਬੱਸ ਏਨਾ ਹੀ ਸੁਣਿਆ ਸੀ। ਸਵੇਰ ਹੋਈ ਤਾਂ ਮੈਂ ਦੇਖਿਆ ਕਿ ਉਨ੍ਹਾਂ ਦੇ ਹਾਵ-ਭਾਵ ਬਦਲੇ ਹੋਏ ਸਨ। ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਨੂੰ ਕੁਝ ਪੁੱਛਦੀ, ਮੇਰੇ ਤਾਇਆ ਜੀ ਦਾ ਫੋਨ ਪਹੁੰਚ ਗਿਆ ਕਿ ਬੇਟਾ ਜਿੰਨਾ ਛੇਤੀ ਹੋ ਸਕੇ ਤੁਸੀਂ ਆ ਜਾਉ, ਤੇਰੀ ਮੰਮੀ ਅਤੇ ਭੋਲੇ ਦਾ ਕਤਲ ਹੋ ਗਿਆ। ਮੇਰੇ ਮੂੰਹੋਂ ਬੱਸ ਇਹੀ ਸ਼ਬਦ ਨਿਕਲੇ ਕਿ ਤਾਇਆ ਜੀ ਇਹ ਸਭ ਹੋਇਆ ਕਿਵੇਂ? ਅਜੇ ਕੁਝ ਨਹੀਂ ਪਤਾ ਬੇਟਾ। ਸਵੇਰੇ ਜਦ ਦੋਧੀ ਸਾਈਕਲ ’ਤੇ ਤੁਹਾਡੇ ਘਰ ਦੁੱਧ ਪਾਉਣ ਆਇਆ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਹੈ। ਉਸ ਦੇ ਵਾਰ-ਵਾਰ ਖੜਕਾਉਣ ’ਤੇ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦ ਅਚਾਨਕ ਉਸ ਨੇ ਦਰਵਾਜ਼ੇ ਤੋਂ ਬਾਹਰ ਖ਼ੂਨ ਟਪਕਦਾ ਦੇਖਿਆ ਤਾਂ ਉਹ ਘਬਰਾ ਗਿਆ। ਉਸ ਨੇ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਖ਼ਬਰ ਕੀਤੀ ਤਾਂ ਜਾ ਕੇ ਆਪਾਂ ਨੂੰ ਪਤਾ ਲੱਗਿਆ। ਇਹ ਭਾਣਾ ਕਿਉਂ ਵਾਪਰਿਆ, ਕਿਵੇਂ ਵਾਪਰਿਆ, ਸੀਬੋ ਪੁੱਤ ਕੁਝ ਪਤਾ ਨਹੀਂ। ਤੁਸੀਂ ਬੱਸ ਜਲਦੀ ਪਹੁੰਚੋ। ਤਾਇਆ ਜੀ ਨੇ ਜਲਦੀ ਜਲਦੀ ਵਿੱਚ ਸਭ ਕੁਝ ਸਾਫ਼ ਸਾਫ਼ ਦੱਸ ਕੇ ਫੋਨ ਰੱਖ ਦਿੱਤਾ। ਮੈਨੂੰ ਜਾਪਿਆ ਜਿਵੇਂ ਮੇਰਾ ਸਾਹ ਰੁਕ ਗਿਆ ਹੋਵੇ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੈਂ ਕੰਧ ਨੂੰ ਹੱਥ ਪਾ ਕੇ ਖੜ੍ਹ ਗਈ। ਮੇਰੇ ਸੋਚਣ-ਸਮਝਣ ਦੀ ਸਮਰੱਥਾ ਜਵਾਬ ਦੇਣ ਲੱਗੀ। ਇਸ ਤੋਂ ਪਹਿਲਾਂ ਕਿ ਮੈਂ ਬੇਹੋਸ਼ ਹੋ ਕੇ ਡਿੱਗਦੀ, ਮੈਂ ਆਪਣੀ ਬੱਚੀ ਦੀ ਬਾਂਹ ਫੜੀ ਅਤੇ ਸੱਸ-ਸਹੁਰੇ ਨੂੰ ਨਾਲ ਚੱਲਣ ਲਈ ਕਿਹਾ। ਉਨ੍ਹਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ। ਫਿਰ ਵੀ ਉਹ ਅਣਜਾਣ ਬਣਨ ਦਾ ਨਾਟਕ ਕਰਨ ਲੱਗੇ। ਉਨ੍ਹਾਂ ਦੋਵਾਂ ਨੇ ਮੈਨੂੰ ਝੂਠਾ ਜਿਹਾ ਦਿਲਾਸਾ ਵੀ ਦਿੱਤਾ ਤੇ ਫਿਰ ਦੋਵੇਂ ਤੇਜ਼ੀ ਨਾਲ ਕਾਰ ਵਿੱਚ ਬੈਠ ਗਏ। ਨਿਢਾਲ ਜਿਹੀ ਹਾਲਤ ਵਿੱਚ ਮੈਂ ਆਪਣੀ ਬੱਚੀ ਦੇ ਨਾਲ ਨੰਗੇ ਪੈਰੀਂ ਕਾਰ ’ਚ ਬੈਠ ਗਈ। ਅਸੀਂ ਇੱਕ ਘੰਟੇ ਦਾ ਸਫ਼ਰ ਤੈਅ ਕਰਨਾ ਸੀ। ਮੇਰਾ ਕਲੇਜਾ ਫਟ ਰਿਹਾ ਸੀ। ਅੱਜ ਸਫ਼ਰ ਵੀ ਮੁੱਕਣ ’ਤੇ ਨਹੀਂ ਆ ਰਿਹਾ ਸੀ। ਖ਼ੈਰ, ਅਸੀਂ ਪਹੁੰਚ ਗਏ। ਮੈਂ ਆ ਕੇ ਦੇਖਿਆ ਤਾਂ ਘਰ ਵਿੱਚ ਖ਼ੂਨ ਦੇ ਛੱਪੜ ਲੱਗੇ ਹੋਏ ਸਨ। ਮੈਂ ਇੱਕ ਮਰ ਹੀ ਨਾ ਸਕੀ ਤੇ ਬੇਹੋਸ਼ ਹੋ ਕੇ ਡਿੱਗ ਪਈ। ਜਦ ਮੈਨੂੰ ਹੋਸ਼ ਆਈ ਤਾਂ ਪੁਲੀਸ ਨੇ ਮੈਨੂੰ ਕੁਝ ਸਵਾਲ ਪੁੱਛੇ ਜੋ ਮੇਰੇ ਸੱਸ-ਸਹੁਰੇ ਦੇ ਦਿੱਤੇ ਹੋਏ ਬਿਆਨ ਨਾਲ ਬਿਲਕੁਲ ਮੇਲ ਖਾਂਦੇ ਸਨ। ਪੁਲੀਸ ਦੇ ਡਰ ਤੋਂ ਘਬਰਾਹਟ ਦੀ ਹਾਲਤ ਵਿੱਚ ਉਨ੍ਹਾਂ ਕੋਲੋਂ ਆਪਣੇ ਬਿਆਨ ਬਦਲੇ ਨਹੀਂ ਸਨ ਗਏ। ਪੁਲੀਸ ਨੇ ਤਾੜਨਾ ਕਰਦੇ ਹੋਏ ਮੇਰੇ ਸਹੁਰਿਆਂ ਨੂੰ ਕਿਹਾ ਕਿ ‘ਅਕਸਰ ਲੋਭੀ ਲੋਕ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦਾ ਕਤਲ ਕਰ ਦਿੰਦੇ ਹਨ ਤਾਂ ਜੋ ਰਾਤੋਂ ਰਾਤ ਅਮੀਰ ਹੋ ਜਾਣ। ਇਸ ਅਮੀਰੀ ਦੇ ਚੱਕਰ ਵਿੱਚ ਇਸ ਘਰ ਦਾ ਇੱਕੋ ਇੱਕ ਜਵਾਈ ਕਿਤੇ ਨਜ਼ਰ ਨਹੀਂ ਆ ਰਿਹਾ’। ਪੁਲੀਸ ਅਫ਼ਸਰ ਨੇ ਮੇਰੇ ਸਹੁਰੇ ਨੂੰ ਘੂਰਦੇ ਹੋਏ ਕਿਹਾ ਕਿਉਂਕਿ ਹੁਣ ਤੱਕ ਪੁਲੀਸ ਨੇ ਦੁੱਧੋਂ ਪਾਣੀ ਛਾਣ ਲਿਆ ਸੀ। ਮੇਰਾ ਘਰਵਾਲਾ ਅਤੇ ਉਸ ਦੇ ਸਾਥੀ ਫੜੇ ਗਏ।
ਅੰਤਿਮ ਅਰਦਾਸ ਤੋਂ ਬਾਅਦ ਅਸੀਂ ਦੋਵੇਂ ਪਿਓ-ਧੀ ਰੋਣ ਪਿੱਟਣ ਤੋਂ ਬਾਅਦ ਥੱਕ ਹਾਰ ਕੇ ਬੈਠ ਗਏ। ਆਪਸੀ ਸਲਾਹ ਮਸ਼ਵਰਾ ਕਰਕੇ ਮੈਂ ਸਦਾ ਲਈ ਇੱਥੇ ਆਣ ਕੇ ਰਹਿਣ ਲੱਗ ਪਈ। ਮੇਰੇ ਇੱਥੇ ਆਉਣ ਤੋਂ ਬਾਅਦ ਜਦੋਂ ਤੱਕ ਮੇਰੀ ਸੱਸ ਨੂੰ ਘਰ ਉੱਜੜਣ ਦਾ ਅਹਿਸਾਸ ਹੋਇਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਕੁਝ ਦਿਨਾਂ ਬਾਅਦ ਹੀ ਚੜ੍ਹਾਈ ਕਰ ਗਈ। ਮੇਰੇ ਸਹੁਰੇ ਦੀ ਵੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕੀਤਾ ਕਿ ਜੋ ਹੋਣਾ ਸੀ ਉਹ ਹੋ ਗਿਆ, ਤੂੰ ਭਾਣਾ ਮੰਨ ਕੇ ਆਪਣੇ ਘਰ ਮੁੜ ਆ। ਏਧਰ ਮੇਰੇ ਚਾਚੇ ਤਾਇਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ‘ਦੇਖ ਪਰਮਜੀਤ ਸਿਹਾਂ, ਕੁੜੀ ਨੂੰ ਉਹਦੇ ਘਰ ਵਾਪਸ ਤੋਰ ਦੇ। ਬਾਕੀ ਰਹੀ ਗੱਲ ਤੇਰੀਆਂ ਦੋ ਰੋਟੀਆਂ ਦੀ, ਉਹ ਤੂੰ ਸਾਡੇ ਨਾਲ ਖਾ ਲਵੀਂ। ਆਪਣੇ ਵਿੱਚ ਕੀ ਵੰਡਿਆ ਹੋਇਆ ਹੈ। ਤੇਰੀ ਜ਼ਮੀਨ ਆਪਣੇ ਮੁੰਡੇ ਵਾਹੀ ਜਾਣਗੇ, ਨਾਲੇ ਸੋਹਣਾ ਵਰਤਦੇ ਵੀ ਰਹਿਣਗੇ। ਹਫ਼ਤੇ ਬਾਅਦ ਭੈਣ ਕੋਲ ਗੇੜਾ ਵੀ ਮਾਰਨਗੇ। ਕੁੜੀ ਨੂੰ ਕਿਸੇ ਗੱਲ ਦੀ ਤੋਟ ਨਹੀਂ ਆਵੇਗੀ’। ਆਪਣੇ ਚਾਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਭਾਂਪ ਗਈ ਕਿ ਹੁਣ ਇਨ੍ਹਾਂ ਦੀ ਸਾਡੀ ਜ਼ਮੀਨ ’ਤੇ ਅੱਖ ਹੈ। ਜਦੋਂ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਮੇਰੇ ਚਾਚੇ ਤਾਇਆਂ ਨੇ ਮੈਨੂੰ ਕੁਲਹਿਣੀ ਕੜਮੀ ਕਹਿ ਕੇ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਅੱਜ ਵੀ ਉਨ੍ਹਾਂ ਨੇ ਮੈਨੂੰ ਆਉਂਦੀ ਦੇਖ ਕੇ ਬੋਲ-ਕੁਬੋਲ ਬੋਲੇ। ਹੁਣ ਤੂੰ ਦੱਸ ਭੈਣੇ, ਕੀ ਮੈਂ ਸੱਚਮੁੱਚ ਹੀ ਕੜਮੀ ਹਾਂ? ਭੈਣੇ, ਮੇਰੇ ਸਿਰਫ਼ ਹੁਣ ਸਾਹ ਹੀ ਵਗਦੇ ਹਨ। ਉਂਜ ਮੈਂ ਤੁਰਦੀ ਫਿਰਦੀ ਜ਼ਿੰਦਾ ਲਾਸ਼ ਹਾਂ।’’ ਏਨਾ ਕਹਿ ਕੇ ਉਹ ਫਿਰ ਰੋਣ ਲੱਗ ਪਈ। ਮੈਂ ਉਸ ਦੇ ਮੂੰਹੋਂ ਹੱਡ-ਬੀਤੀ ਸੁਣ ਕੇ ਜਿਵੇਂ ਪੱਥਰ ਹੋ ਗਈ ਹੋਵਾਂ। ਉਸ ਦੇ ਚਿਹਰੇ ਵੱਲ ਦੇਖ ਮੈਂ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਪਿਆਰ ਨਾਲ ਥਪਥਪਾਉਂਦਿਆਂ ਕਿਹਾ, ‘‘ਨਹੀਂ ਭੈਣ ਜੀ, ਇਸ ਤਰ੍ਹਾਂ ਦੇ ਸ਼ਬਦ ਨਾ ਬੋਲੋ ਸਗੋਂ ਤੁਸੀਂ ਇੱਕ ਬਹੁਤ ਚੰਗੇ ਇਨਸਾਨ ਹੋ। ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਅੱਜ ਤੋਂ ਬਾਅਦ ਕਦੇ ਨਹੀਂ ਰੋਵੋਗੇ। ਤੁਸੀਂ ਹਿੰਮਤ ਨਾਲ ਆਪਣਾ ਕਾਰੋਬਾਰ ਸਾਂਭੋ ਤੇ ਰਹੀ ਗੱਲ ਤੁਹਾਨੂੰ ਬੁਰਾ ਭਲਾ ਕਹਿਣ ਵਾਲਿਆਂ ਦੀ ਉਹ ਬਹੁਤ ਜਲਦ ਤੁਹਾਡੀ ਪੈਂਦ-ਸਿਰਹਾਣੇ ਬੈਠਣਗੇ।’’
ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਉਸ ਦੇ ਚਿਹਰੇ ’ਤੇ ਹਲਕੀ ਬੱਦਲੀ ਵਾਂਗ ਖ਼ੁਸ਼ੀ ਦੀ ਇੱਕ ਕਿਰਨ ਦਿਖਾਈ ਦਿੱਤੀ। ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਸ ਨੇ ਕਿਹਾ, ‘‘ਤੁਸੀਂ ਮੈਨੂੰ ਛੱਡ ਕੇ ਕਦੇ ਜਾਵੋਗੇ ਤਾਂ ਨਹੀਂ?’’ ਮੈਂ ਉਸ ਦੇ ਦਿਲ ਦੇ ਅੱਲੇ ਜ਼ਖ਼ਮਾਂ ਉੱਪਰ ਮੱਲ੍ਹਮ ਲਗਾਉਂਦਿਆਂ ਉੱਤਰ ਦਿੱਤਾ, “ਨਹੀਂ, ਅੱਜ ਤੋਂ ਬਾਅਦ ਆਪਾਂ ਇੱਕ ਪਰਿਵਾਰ ਬਣ ਕੇ ਰਹਾਂਗੇ।”
ਮੈਨੂੰ ਜਾਪਿਆ ਜਿਵੇਂ ਉਸ ਦੇ ਮਨ ਵਿੱਚ ਸੱਜਰੀ ਜਿਹੀ ਆਸ ਨੇ ਹੁਲਾਰਾ ਲਿਆ ਹੋਵੇ। ਉਸ ਨੇ ਮੇਰਾ ਹੱਥ ਜ਼ੋਰ ਨਾਲ ਘੁੱਟ ਲਿਆ ਅਤੇ ਕਿਹਾ, “ਭੈਣੇ, ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਸੱਚ ਕਹਿ ਰਹੇ ਹੋ। ਸੱਚਮੁੱਚ ਮੈਨੂੰ ਸੱਚੇ ਸਾਥ ਦੀ ਬਹੁਤ ਲੋੜ ਹੈ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀ ਹਾਂ।’’
“ਹਾਂ, ਭੈਣ ਜੀ, ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਅੱਜ ਤੋਂ ਬਾਅਦ ਮੈਂ ਇਸ ਸੋਨੇ ਦੇ ਅੰਡੇ ਦਾ ਕਵਚ ਬਣ ਕੇ ਰਹਾਂਗੀ।” ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਉਸ ਨੇ ਮੁਸਕਰਾਉਂਦਿਆਂ ਆਪਣੀਆਂ ਅੱਖਾਂ ਚੁੰਨੀ ਦੇ ਪੱਲੇ ਨਾਲ ਪੂੰਝ ਲਈਆਂ ਅਤੇ ਅਸੀਂ ਦੋਵੇਂ ਛੋਟੀ ਬੱਚੀ ਨਾਲ ਲਾਡ ਕਰਨ ਲੱਗ ਪਈਆਂ।
ਸੰਪਰਕ: 89685-94379