ਮਾਨਸਾ ’ਚ ਅੰਗਹੀਣਾਂ ਦਾ ਪੱਕਾ ਮੋਰਚਾ ਜਾਰੀ
ਪੱਤਰ ਪ੍ਰੇਰਕ
ਮਾਨਸਾ, 4 ਜਨਵਰੀ
ਅੰਗਹੀਣ ਵਰਗ ਦੀਆਂ ਹੱਕੀ ਮੰਗਾਂ ਲਈ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਮਾਨਸਾ ਵੱਲੋਂ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਲਾਇਆ ਪੱਕਾ ਰੋਸ ਧਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ’ਤੇ ਚੋਣ ਵਾਅਦਿਆਂ ਤੋਂ ਮੁਕਰਨ ਦੇ ਦੋਸ਼ ਲਾਏ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜਾਬ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਅੰਗਹੀਣ ਕੋਟੇ ਅਧੀਨ ਬੈਕਲਾਗ ਦੀਆਂ ਖਾਲੀ ਪਈਆਂ ਅਸਾਮੀਆ ਭਰਨ ਅਤੇ ਪੈਨਸ਼ਨ ਰਾਸ਼ੀ ਵਧਾ ਕੇ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਸਾਰੀਆਂ ਜਰੂਰੀ ਅਤੇ ਹੱਕੀ ਮੰਗਾਂ ਮਨਵਾਉਣ ਲਈ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਪ੍ਰਤੀ ਕਦੇ ਸੰਜੀਦਗੀ ਨਾਲ ਵਿਚਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਗਹੀਣ ਦੋ ਵੇਲਿਆਂ ਦੀ ਰੋਜ਼ੀ-ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਰਾਈਟ ਫਾਰ ਪੀਪਲਜ਼ ਵਿੱਦ ਡਿਲਏਡਲਿਟੀ (ਆਰਪੀਡਬਲਿਯੂਡੀ ਐਕਟ) 2016 ਤਹਿਤ ਰਾਜ ਸਰਕਾਰ ਨੇ, ਜੋ ਹੱਕ ਅਤੇ ਸੁਵਿਧਾਵਾਂ ਅੰਗਹੀਣਾਂ ਨੂੰ ਦੇਣੀਆਂ ਸਨ, ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਅਰਸੇ ਦੌਰਾਨ ਕੁਝ ਵੀ ਨਹੀਂ ਕੀਤਾ ਗਿਆ।