ਅਨੁਭਵੀ ਗਿਆਨ-ਦਰਸ਼ਨ ਦੀ ਕਾਵਿ-ਕਥਾ
ਡਾ. ਪਰਮਜੀਤ ਸਿੰਘ ਕੱਟੂ
‘ਸੋਹਮ’ ਸਮਕਾਲੀ ਪੰਜਾਬੀ ਗਿਆਨ, ਕਲਾ ਤੇ ਦਰਸ਼ਨ ਜਗਤ ਲਈ ਵਿਲੱਖਣ ਰਚਨਾ ਹੈ। ਇਹ ਅਨੁਭਵੀ ਗਿਆਨ ਤੇ ਦਰਸ਼ਨ ਦੀ ਕਲਾਤਮਿਕ ਸਿਰਜਣਾ ਹੈ। ਅਨੁਭਵੀ ਗਿਆਨ ਦੀ ਇਸ ਕਥਾ ਦਾ ਪਾਤਰ ਚਿੱਤਰਕਾਰ ਹੋਣ ਲਈ ਗੁਰੂ ਸ਼ਰਣ ਜਾਂਦਾ ਹੈ ਜਿੱਥੋਂ ਉਸਦੀ ਯਾਤਰਾ ਇਹ ਅਨੁਭਵ ਕਰਵਾਉਣ ਵਾਲੇ ਕਲਾ ਸੰਸਾਰ ਵੱਲ ਹੁੰਦੀ ਹੈ ਕਿ ਸਭ ਕਲਾਵਾਂ ਤੇ ਪਸਾਰਾ ਅਦਵੈਤ ਦਾ ਧਾਰਨੀ ਹੈ। ਇਹ ਯਾਤਰਾ ਰਚਨਾ ਦੇ ਮੁੱਖ ਪਾਤਰ ਦੀ ਵੀ ਹੈ ਅਤੇ ਸਿਧਾਰਥ ਦੀ ਆਪਣੀ ਯਾਤਰਾ ਵੀ ਜੋ ਹਰ ਕਲਾਕਾਰ ਦੀ ਯਾਤਰਾ ਹੋਣੀ ਚਾਹੀਦੀ ਹੈ। ਇਸ ਰਚਨਾ ਦੀਆਂ ਜੜ੍ਹਾਂ ਭਾਰਤੀ ਦਰਸ਼ਨ ਪਰੰਪਰਾਂ ਨਾਲ ਜੁੜਦੀਆਂ ਹਨ। ਇਹ ਰਚਨਾ ਵਿਸ਼ਣੂਧਰਮੋਤਰ ਪੁਰਾਣ ਦੀ ਨਿਰੰਤਰਤਾ ਹੈ ਜਿਸ ਦੀ ਕਥਾ ਵਾਇਆ ਭੂਤਵਾੜਾ ਪਟਿਆਲਾ ਹੁੰਦੀ ਹੋਈ ਸਿਧਾਰਥ ਕੋਲ ਅੱਪੜੀ।
ਸਿਧਾਰਥ ਲਿਖਦੇ ਹਨ: ਇਕ ਦਿਨ ਪ੍ਰੋ. ਲਾਲੀ ਆਖਣ ਲੱਗੇ, “ਦੇਖੋ! ਸਿਧਾਰਥ, ਇਹ ਜੋ ਵਿਸ਼ਣੂਧਰਮੋਤਰ ਪੁਰਾਣ ਹੈ, ਇਹ ਇਸ ਚਰਾਚਰ ਜਗਤ ਦੀ ਮਹਾਕ੍ਰਿਤੀ ਹੈ ਜੋ ਉਸਦੀ ਅਸਥੈਟਿਕਸ ਤੇ ਕਲਾ ਦੇ ਬਾਰੇ ਵਿਚ ਗੱਲ ਕਰਦੀ ਹੈ ਤੇ ਇਸਦੇ ਅੰਦਰ ਇਕ ਕਥਾ ਹੈ। ਉਨ੍ਹਾਂ ਨੇ ਮੈਨੂੰ ਇਕ ਕਥਾ ਸੁਣਾਈ। ਉਹ ਛੇ ਲਾਈਨਾਂ ਦੀ ਕਥਾ ਹੈ
ਕਿਹਾ ਸੰਗੀਤ ਆਚਾਰੀਆ ਨੇ
ਲੈਅ ਸੁਰਤਾਲ ਸਿੱਖਣ ਤੋਂ ਪਹਿਲਾਂ
ਸੁਣਨਾ ਸਿੱਖੋ
ਜਾਉ ਪ੍ਰਕਿਰਤੀ ਦੇ ਕੋਲ
ਠਹਿਰੋ ਸੁਣੋ ਬਾਹਰ ਅੰਦਰ ਆਪਣੇ
ਵੱਜ ਰਿਹਾ ਸਬਦ ਨਾਦ ਅਨਾਦਿ।
ਮੇਰੇ ਲਈ ਇਹ ਕਮਾਲ ਦਾ ਬਚਨ ਸੀ। ਇਨ੍ਹਾਂ ਸ਼ਬਦਾਂ ਨੇ ਮੇਰਾ ਜੀਵਨ ਬਦਲ ਦਿੱਤਾ ਕਿ ਸੁਣਨਾ ਸਿੱਖੋ! ਮਹਾਧਿਆਨ ਦੀ ਗੱਲ! ਇਹ ਤਾਂ ਉਹੀ ਗੱਲ ਹੋ ਗਈ ਜੋ ਬਾਬਾ ਨਾਨਕ ਕਹਿੰਦੇ ਹਨ; ਨਾਦਯੋਗ ਦੀ ਗੱਲ, ਕਿ ਮਰਦਾਨਿਆ ਬਾਣੀ ਆਈ ਹੈ।
ਇਸ ਤਰ੍ਹਾਂ ਇਸ ਕਾਵਿ-ਕਥਾ ਦਾ ਬੀਜ ਵਿਸ਼ਣੂਧਰਮੋਤਰ ਪੁਰਾਣ ਦੀ ਕਥਾ ਹੈ ਤੇ ਇਸ ਬੀਜ ਦਾ ਬਿਰਖ ਹੈ ਸੋਹਮ। ਇਸ ਪੱਖ ਤੋਂ ਇਹ ਰਚਨਾ ਆਮ ਕਿਤਾਬ ਤੋਂ ਵਧੇਰੇ ਕਾਇਨਾਤ, ਕਲਾ ਤੇ ਕਲਾਕਾਰ
ਦੀ ਅਦਵੈਤ ਦੇ ਰਿਸ਼ਤੇ ਦੀ ਕਾਵਿ-ਕਥਾ ਹੈ ਤੇ
ਸਿਧਾਰਥ ਦੀ ਹਸਤੀ ਰਿਸ਼ੀਆਂ ਵਰਗੀ ਹੈ ਜੋ
ਅਜਿਹੀ ਸਿਰਜਣਾ ਕਰ ਸਕੀ।
ਉਹ ਸੋਹਮ ਦੇ ਨਾਮਕਰਨ ਬਾਰੇ ਦੱਸਦੇ ਹਨ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਚਨਾ ਦਾ ਨਾਮ ਸੋਹਮ ਰੱਖਿਆ ਹੈ। ਸੋਹਮ ਤੋਂ ਮੈਂ ਭਾਵ ਲੈਂਦਾ ਹਾਂ ਕਿ ਸੋ+ਹਮ ਭਾਵ ਜੈਸੇ ਤੁਮ ਵੈਸੇ ਹਮ। ਜਿਵੇਂ ਤੁਸੀਂ ਉਹੀ ਅਸੀਂ। ਜਿਵੇਂ ਇਹ ਈਸ਼ਵਰੀ ਸੱਤਾ ਹੈ, ਮਹਾਕਲਾਕਾਰੀ ਹੈ। ਇਹ ਚਰਾਚਰ ਜਗਤ ਆਪਣੇ ਆਪ ਵਿਚ ਇਕ ਮਹਾਂਉਤਪਤੀ, ਮਹਾਕਲਾਕਾਰੀ ਹੈ। ਜਿਵੇਂ ਕਿ ਤੁਸੀਂ ਦੇਖਦੇ ਹੋ; ਕਿੰਨੇ ਸੋਹਣੇ ਪਰਬਤ, ਕਿੰਨੀਆਂ ਸੋਹਣੀਆਂ ਨਦੀਆਂ, ਝਰਨੇ, ਆਕਾਸ਼, ਪੰਛੀ, ਛੋਟੇ-ਛੋਟੇ ਜੀਵ-ਜੰਤੂ। ਇਨ੍ਹਾਂ ਦੀ ਸੁੰਦਰਤਾ ਆਪਣੇ ਆਪ ਵਿਚ ਅਪਾਰ ਹੈ। ਇਹ ਸਾਰੇ ਇਕ ਸ੍ਰੋਤ ਅਦਵੈਤਵਾਦ ਵਿਚੋਂ ਉਪਜੇ ਨੇ।
ਇਸ ਅਦਵੈਤਵਾਦ ਨੂੰ ਸਮਝਣ ਲਈ ਰਚਨਾ ਤੇ ਰਚਨਾਕਾਰ ਦੇ ਰਿਸ਼ਤੇ ਦੀ ਅਦਵੈਤ ਨੂੰ ਵੀ ਸਮਝਣਾ ਪਵੇਗਾ। ਸਿਧਾਰਥ ਅਤੇ ਸੋਹਮ ਅਦਵੈਤ ਦੇ ਧਾਰਨੀ ਹਨ। ਸੰਪੇਖ ਵਿਚ ਆਖੀਏ ਤਾਂ ਸਿਧਾਰਥ ਅਜਿਹਾ ਸਿਰਜਣਹਾਰ ਹੈ ਜਿਸ ਨੂੰ ਸਿੱਖ ਫਲਸਫ਼ੇ ਦੀ ਗੁੜ੍ਹਤੀ ਮਿਲੀ, ਬੋਧੀਆਂ ਤੋਂ ਨਾਦ ਯੋਗ, ਅਵਲੋਕੀ ਯੋਗ, ਕਰਮ ਯੋਗ, ਤੰਤਰ ਯੋਗ ਗ੍ਰਹਿਣ ਕੀਤਾ, ਦੁਨੀਆ ਦੇ ਵੱਖ-ਵੱਖ ਕਲਾ-ਮਾਧਿਅਮਾਂ ਬਾਰੇ ਸਿੱਖਿਆ ਤੇ ਉਨ੍ਹਾਂ ਨਾਲ ਸੰਵਾਦ ਰਚਾਇਆ, ਧਰਮਸ਼ਾਲਾ ਵਿਖੇ ਡੌਰਜੀ (ਕਲਾਕਾਰ) ਬਣਿਆ, ਉਹ ਗੁਰੂ ਡੌਰਜੀ ਹੈ।
ਪਤਾ ਨਹੀਂ ਲੱਗਦਾ ਉਸ ਦਾ ਕਿਹੜਾ ਰੰਗ ਕਿੱਥੋਂ ਸ਼ੁਰੂ ਤੇ ਕਿੱਥੇ ਖ਼ਤਮ ਹੋ ਜਾਣਾ ਹੈ। ਇਕ ਚਿੱਤਰਕਾਰ ਡਰਾਇੰਗ ਕਰਦਾ ਹੋਇਆ ਅੱਖਰਕਾਰੀ ਕਰਦਾ ਬੁੱਤਘਾੜਾ, ਵਾਸਤੂਕਲਾ ਦਾ ਮਾਹਿਰ, ਸੰਗੀਤਕਾਰ, ਗਾਇਕ, ਕਵਿਤਾ ਰਚਦਾ ਕਥਾਕਾਰ, ਲਿੱਪੀ ਰਚਦਾ ਹੈ, ਵੱਖ ਵੱਖ ਭਾਸ਼ਾਵਾਂ ਬੋਲਦਾ ਅਨੁਵਾਦਕ ਹੈ, ਫਿਲਮਕਾਰ ਹੈ ਤੇ ਖ਼ੁਦ ਰੰਗ ਤਿਆਰ ਕਰਦਾ ਰਸਾਇਣ ਵਿਗਿਆਨੀ ਲੱਗਦਾ ਹੈ।
ਸਿਧਾਰਥ ਦੇ ਚਿੰਤਨ ਤੇ ਕਲਾ ਵਿਚ ਬ੍ਰਹਿਮੰਡੀ ਚੇਤਨਾ ਹੁੰਦੀ ਹੈ। ਉਸ ਦੀ ਸਿਰਜਣਾ ਵਿਚਲੇ ਪਾਤਰ, ਇਨਸਾਨ ਬ੍ਰਹਿਮੰਡ ਨਾਲ ਇਕ-ਮਿਕ ਹਨ, ਇਹ ਔਰਤ-ਮਰਦ ਦੀ ਵੰਡ ਤੋਂ ਪਾਰ ਦੀਆਂ ਸ਼ਕਲਾਂ ਦੇ ਧਾਰਨੀ ਹਨ। ਇਨ੍ਹਾਂ ਉਪਰ ਪੂਰਾ ਬ੍ਰਹਿਮੰਡ ਚਿਤਰਿਆ ਮਿਲਦਾ ਹੈ। ਇਹ ਉਹ ਆਕਾਰ ਲੋਕ ਹਨ ਜੋ ਪਾਰ ਤੋਂ ਸ਼ਾਂਤੀ ਦਾ ਮਹਾਂ ਸੰਦੇਸ਼ ਲੈ ਕੇ ਆਏ ਤੇ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ।
ਅਜਿਹੇ ਬ੍ਰਹਿਮੰਡੀ ਅਨੁਭਵ ਵਾਲਾ ਸਿਰਜਕ ਹੀ ਅਜਿਹੀ ਸਿਰਜਣਾ ਕਰ ਸਕਦਾ ਹੈ। ਇਸ ਲਈ ਇਹ ਰਚਨਾ ਮਹਾਂਰਿਸ਼ੀਆਂ ਦੀਆਂ ਰਚਨਾਵਾਂ ਦੀ ਨਿਰੰਤਰਤਾ ਦੀ ਕੜੀ ਹੈ।
ਸੁਰਜੀਤ ਪਾਤਰ ਨੇ ਇਸ ਰਚਨਾ ਬਾਰੇ ਲਿਖਿਆ ਹੈ ਕਿ ਸਿਧਾਰਥ ਨੇ ਇਸ ਕਥਾ ਵਿਚ ਕਲਾ ਦੇ ਦ੍ਰਿਸ਼ਟਾਂਤ ਨਾਲ ਪੂਰੀ ਕਾਇਨਾਤ ਦੀ ਕਹਾਣੀ ਕਹਿ ਦਿੱਤੀ। ਕਾਇਨਾਤ ਅਤੇ ਕਾਇਆ ਦਾ ਰਿਸ਼ਤਾ ਸਮਝਾ ਦਿੱਤਾ। ਆਪਣੀ ਦੇਹੀ ਦੇ ਸਾਜ਼ ਨੂੰ ਅਨਹਤ ਨਾਦ ਨਾਲ ਸੁਰ ਕਰਨ ਦੀ ਸਾਧਨਾ ਸਿਖਾ ਦਿੱਤੀ।
ਇਹ ਕਥਾ ਇਕ ਯਾਤਰਾ ਹੈ। ਕਲਾ-ਸਾਧਕਾਂ ਲਈ ਇਹ ਪ੍ਰਥਮ ਪਾਠ-ਪੁਸਤਕ ਹੋਣੀ ਚਾਹੀਦੀ ਹੈ ਤੇ ਇਸ ਨੂੰ ਪੜ੍ਹਦਿਆਂ ਕਲਾ ਦੇ ਅਰਥ ਵੀ ਪਰੰਪਰਕ ਅਰਥਾਂ ਦੀਆਂ ਰੇਖਾਵਾਂ ਤੋਂ ਮੁਕਤ ਹੋ ਜਾਂਦੇ ਹਨ।
ਸ਼ਬਦ ਪੱਤਿਆਂ ਵਾਂਗ ਪੁੰਗਰਦੇ ਹਨ
ਰੇਖਾਵਾਂ ਨ੍ਰਿਤ ਵਾਂਗ ਉੱਠਦੀਆਂ ਹਨ
ਰੰਗ ਆਲਾਪ ਵਾਂਗ
ਤੇ ਜੇ ਬਹੁਤੀ ਮਿਹਰ ਹੋ ਜਾਵੇ
ਤਾਂ ਬਕੌਲ ਕਬੀਰ ਜੀ:
ਸਬ ਰਗ ਤੰਤ, ਰਬਾਬ ਤਨ...
ਵਾਵਣਹਾਰੇ ਖ਼ੁਦ ਸਾਜ਼ ਹੋ ਜਾਂਦੇ ਹਨ।
‘ਸੋਹਮ’ ਵਿਚ ਕਾਇਨਾਤ, ਕਲਾ ਤੇ ਕਲਾਕਾਰ ਦੀ ਅਦਵੈਤ ਦੇ ਰਿਸ਼ਤੇ ਦੀ ਕਾਵਿ-ਕਥਾ ਹੈ। ਇਹ ਅਦਵੈਤਦਾਵੀ ਰਿਸ਼ਤੇ ਦਾ ਮਹਾਂਕਾਵਿ ਹੈ ਕਿਉਂਕਿ ਇਹ ਆਧੁਨਿਕ ਕਲਾ-ਅਲੋਚਕਾਂ ਦੇ ਚੌਖਟਿਆਂ ਤੋਂ ਪਾਰ ਦੀ ਰਚਨਾ ਹੈ। ਸਿਧਾਰਥ ਦੀ ਕਿਤਾਬ ‘ਸੋਹਮ’ ਮੂਲ ਰੂਪ ਵਿਚ ਹਿੰਦੀ ਵਿਚ ਲਿਖੀ ਗਈ ਹੈ ਅਤੇ ਪੰਜਾਬੀ ਭਾਵ-ਅਨੁਵਾਦ ਡਾ. ਅਕਾਲ ਅੰਮ੍ਰਿਤ ਕੌਰ ਨੇ ਕੀਤਾ ਹੈ। ‘ਸੋਹਮ’ ਦੇ ਪੰਜਾਬੀ ਰੂਪ ਨੂੰ ਸੰਦੀਪ ਸਿੰਘ, ਹਰਦੀਪ ਸਿੰਘ ਅਤੇ ਮਨਦੀਪ ਮਨੂ ਦੀ ਕਲਾਕਾਰ ਤਿੱਕੜੀ ਨੇ ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ ਰਾਹੀਂ ਪੰਜਾਬੀ ਵਿਚ ਪ੍ਰਕਾਸ਼ਿਤ ਕੀਤਾ ਹੈ। ਇਸ ਰਚਨਾ ’ਚੋਂ ਗੁਜ਼ਰਦਿਆਂ ਕਾਇਆ ਕੁਦਰਤ ਹੋ ਜਾਂਦੀ ਹੈ ਤੇ ਕੁਦਰਤ ਕਲਾ।
ਸੰਪਰਕ: 70873-20578