ਗੁਰਮਲਕੀਅਤ ਸਿੰਘ ਕਾਹਲੋਂ ਦਾ ਕਹਾਣੀ ਸੰਗ੍ਰਹਿ ‘ਚੁੰਬਕੀ ਅਪਣੱਤ’ ਲੋਕ ਅਰਪਣ
ਨਗਿੰਦਰ ਕੌਰ ਰਾਮਪੁਰੀ
ਟੋਰਾਂਟੋ: ਪੱਤਰਕਾਰ ਤੇ ਕਹਾਣੀਕਾਰ ਗੁਰਮਲਕੀਅਤ ਸਿੰਘ ਕਾਹਲੋਂ ਰਚਿਤ ਦੂਜਾ ਕਹਾਣੀ ਸੰਗ੍ਰਹਿ ‘ਚੁੰਬਕੀ ਅਪਣੱਤ’ ਨੂੰ ਕੈਨੇਡਾ ਵਿੱਚ ਪੀਲ ਸਕੂਲ ਬੋਰਡ ਦੇ ਟਰੱਸਟੀ ਸਤਪਾਲ ਸਿੰਘ ਜੌਹਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਜੌਹਲ ਨੇ ਕਿਹਾ ਕਿ ਸਮਾਜਿਕ ਵਰਤਾਰੇ ਦੀ ਆਵਾਜ਼ ਬਣਦੀਆਂ ਘਟਨਾਵਾਂ ਨੂੰ ਸਾਹਿਤਕ ਰੂਪ ਵਿੱਚ ਪਾਠਕਾਂ ਤੱਕ ਪਹੁੰਚਾਉਣਾ ਕੈਨੇਡਾ ਤੇ ਭਾਰਤ ਵਿਚਲੇ ਪੰਜਾਬੀ ਭਾਈਚਾਰੇ ਵਿੱਚ ਸਾਂਝ ਦਾ ਪੁਲ ਬਣਦੀਆਂ ਹਨ।
ਆਪਣੇ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਦਿਆਂ ਗੁਰਮਲਕੀਅਤ ਸਿੰਘ ਕਾਹਲੋਂ ਨੇ ਦੱਸਿਆ ਕਿ ਪਾਠਕਾਂ ਦੇ ਮਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਘੱਟ ਹੁੰਦੀ ਜਾ ਰਹੀ ਰੁਚੀ ਦੇ ਕਾਰਨ ਜਾਣਨ ਦੀ ਲੋੜ ਹੈ, ਜਿਸਦੇ ਯਤਨ ਵਜੋਂ ਉਨ੍ਹਾਂ ਵੱਲੋਂ ਆਪਣੀਆਂ ਰਚਨਾਵਾਂ ਵਿੱਚ ਵੱਖਰੀ ਤਰ੍ਹਾਂ ਦੇ ਰੰਗ ਭਰੇ ਜਾਂਦੇ ਹਨ ਜੋ ਪਾਠਕਾਂ ਨੂੰ ਬਹੁਤ ਪਸੰਦ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਲੇਖਕ ਗੁਰਬਚਨ ਸਿੰਘ ਭੁੱਲਰ ਵੱਲੋਂ ਉਸ ਦੀਆਂ ਕਹਾਣੀਆਂ ’ਤੇ ਕੀਤੀਆਂ ਟਿੱਪਣੀਆਂ ਨੇ ਉਸ ਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਕੀਤਾ ਤੇ ਬਾਅਦ ਵਿੱਚ ਪਾਠਕਾਂ ਵੱਲੋਂ ਹੋਈ ਪ੍ਰਸੰਸਾ ਤੇ ਸੁਝਾਵਾਂ ਨੇ ਉਤਸ਼ਾਹਤ ਕੀਤਾ। ਉਸ ਨੇ ਕਿਹਾ ਕਿ ਪਹਿਲੇ ਕਹਾਣੀ ਸੰਗ੍ਰਹਿ ‘ਜ਼ੱਦੀ ਸਰਮਾਇਆ’ ਤੋਂ ਬਾਅਦ ਸਾਲ ਬਾਅਦ ਹੀ ‘ਚੁੰਬਕੀ ਅਪਣੱਤ’ ਛਪਣ ਦਾ ਸਿਹਰਾ ਸੁਹਿਰਦ ਪਾਠਕਾਂ ਸਿਰ ਬੱਝਦਾ ਹੈ, ਜਿਨ੍ਹਾਂ ਵੱਲੋਂ ਦਿੱਤੇ ਜਾਂਦੇ ਰਹੇ ਸੁਝਾਅ ਹੀ ਉਸ ਨੂੰ ਲਿਖਣ ਲਈ ਉਤਸ਼ਾਹਤ ਕਰਦੇ ਰਹੇ। ਲੇਖਕ ਨੇ ‘ਚੁੰਬਕੀ ਅਪਣੱਤ’ ਵਿਚਲੀਆਂ ਕੁਝ ਕਹਾਣੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਭਾਰਤ-ਪਾਕ ਵੰਡ ਮੌਕੇ ਪਰਿਵਾਰ ਤੋਂ ਵਿੱਛੜ ਕੇ ਪਾਕਿਸਤਾਨ ਰਹਿ ਗਈ ਛੋਟੀ ਬਾਲੜੀ ਦੇ ਦਰਦ ਦੀ ਦਾਸਤਾਨ ਹੈ ਤੇ ਕੈਨੇਡਾ ਵਿੱਚ ਉਹ ਆਪਣੇ ਖੂਨ ਦੇ ਰਿਸ਼ਤੇ ਵਿੱਚੋਂ ਲੱਗਦੀ ਪੋਤੀ ਨੂੰ ਪਹਿਚਾਣ ਲੈਂਦੀ ਹੈ। ਰੂਹਾਂ ਵਿੱਚ ਰਮੇ ਰਿਸ਼ਤੇ ਨਿਰਸਵਾਰਥ ਸਾਂਝ ਦੀ ਸੁੱਚੀ ਮਿਸਾਲ ਬਣਦੇ ਹਨ। ‘ਬ੍ਰੇਨ ਵਾਸ਼’ ਡੇਰਾਵਾਦ ਦੇ ਪਾਜ਼ ਉਘੇੜਦੀ ਹੋਈ ਸਾਡੀ ਮਾਨਸਿਕਤਾ ਉੱਤੇ ਭਾਰੂ ਹੋ ਰਹੀਆਂ ਕਰਾਮਾਤਾਂ ਦੀ ਅਸਲੀਅਤ ਉਜਾਗਰ ਕਰਦੀ ਹੈ। ਡਾ. ਯੋਗੇਸ਼ਵਰ ਸਿੰਘ ਰੰਧਾਵਾ ਨੇ ਦੱਸਿਆ ਕਿ ‘ਜ਼ੱਦੀ ਸਰਮਾਇਆ’ ’ਚੋਂ ਉਸ ਨੂੰ ਕੈਨੇਡਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਪਤਾ ਲੱਗਾ ਸੀ ਤੇ ਉਹ ਜਾਣਕਾਰੀ ਉਸ ਦੇ ਬਹੁਤ ਕੰਮ ਆ ਰਹੀ ਹੈ। ਰਵੀਕਿਰਨ ਕੌਰ ਨੇ ਕਿਹਾ ਕਿ ਗੁਰਮਲਕੀਅਤ ਕਾਹਲੋਂ ਦੀਆਂ ਕਹਾਣੀਆਂਸੱਭਿਅਕ, ਸਮਾਜਿਕ ਤੇ ਤਕਨੀਕੀ ਜਾਣਕਾਰੀ ਭਰਭੂਰ ਹੁੰਦੀਆਂ ਹਨ।
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ
ਜਸਵਿੰਦਰ ਸਿੰਘ ਰੁਪਾਲ
ਕੈਲਗਰੀ: ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਅਮਿਤੋਜ ਕੌਰ ਅਤੇ ਅਨੁਰੀਤ ਕੌਰ ਦੇ ਸੁਣਾਏ ਸ਼ਬਦ ਨਾਲ ਕੀਤਾ ਗਿਆ। ਫਿਰ ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰਾਂਟੋ ਨੇ ‘ਖਾਲਸੇ ਦੀ ਬਾਤ ਕੋਈ ਸੁਣਾ ਨੀਂ ਵਿਸਾਖੀਏ’ ਸਾਜ਼ਾਂ ਨਾਲ ਗਾ ਕੇ ਸੁਰਮਈ ਮਾਹੌਲ ਦੀ ਸਿਰਜਣਾ ਕੀਤੀ। ਸਾਊਥ ਕੋਰੀਆ ਤੋਂ ਸ਼ਾਮਲ ਹੋਏ ਕਵੀ ਅਮਨਬੀਰ ਸਿੰਘ ਧਾਮੀ ਨੇ ‘ਗੁਰੂਆਂ ਦੀ ਦਿੱਤੀ ਦਸਤਾਰ ਭੁੱਲ ਗਇਓਂ ਤੂੰ’ ਸੁਣਾਉਂਦੇ ਹੋਏ ਅਜੋਕੇ ਨੌਜਵਾਨ ਨੂੰ ਸਿੱਖੀ ਸੰਭਾਲਣ ਦੀ ਪ੍ਰੇਰਨਾ ਦਿੱਤੀ। ਸਾਹਨੇਵਾਲ (ਭਾਰਤ) ਤੋਂ ਜੁੜੀ ਕਵਿੱਤਰੀ ਤਰਨਜੀਤ ਕੌਰ ਗਰੇਵਾਲ ਨੇ ਗੀਤ ‘ਨੀਂ ਇਹ ਮਰਦ ਅਗੰਮੜਾ ਨੀਂ ਸਈਓ ਦੁਨੀਆ ਦੇ ਦੁੱਖ ਜਰਦਾ’ ਗਾ ਕੇ ਆਪਣੀ ਹਾਜ਼ਰੀ ਲਗਵਾਈ। ਜਸਪ੍ਰੀਤ ਕੌਰ ਨੋਇਡਾ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ‘ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ’ਤੇ’ ਸੁਣਾ ਕੇ ਖਾਲਸੇ ਦੀਆਂ ਖ਼ੂਬੀਆਂ ਦੱਸੀਆਂ। ਸਰਬਜੀਤ ਕੌਰ ਸਰਬ ਉੱਤਰਾਖੰਡ ਨੇ ਆਪਣੀ ਕਵਿਤਾ ਸਟੇਜੀ ਅੰਦਾਜ਼ ਵਿੱਚ ਸੁਣਾ ਕੇ ਜੱਸ ਖੱਟਿਆ। ਕਰਮਜੀਤ ਸਿੰਘ ਨੂਰ ਜਲੰਧਰ ਨੇ ਆਪਣੀ ਸਟੇਜੀ ਕਵਿਤਾ ਰਾਹੀਂ ਅਜੋਕੇ ਸਮੇਂ ਦੇ ਸਿੱਖੀ ਕਿਰਦਾਰ ’ਤੇ ਕਾਵਿਮਈ ਸ਼ੈਲੀ ਵਿੱਚ ਵਿਅੰਗ ਬਾਣ ਨਾਲ ਚੋਟਾਂ ਲਗਾਈਆਂ। ਸਰੀ ਕੈਨੇਡਾ ਤੋਂ ਆਏ ਪਲਵਿੰਦਰ ਸਿੰਘ ਰੰਧਾਵਾ ਨੇ ‘ਧੰਨ ਗੁਰੂ ਤੇਰਾ ਖਾਲਸਾ’ ਗਾ ਕੇ ਰੰਗ ਬੰਨ੍ਹਿਆ। ਟੋਰਾਂਟੋ ਤੋਂ ਸ਼ਾਮਲ ਹੋਏ ਸੁਜਾਨ ਸਿੰਘ ਸੁਜਾਨ ਨੇ ਗੀਤ ‘ਅਰਸ਼ਾਂ ’ਤੇ ਦੇਵਤਿਆਂ ਵੰਡੀ ਖ਼ੁਸ਼ਬੋਈ’ ਗਾ ਕੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕੀਤਾ। ਸ. ਸਾਧੂ ਸਿੰਘ ਝੱਜ ਸਿਆਟਲ ਨੇ ‘ਧੰਨ ਧੰਨ ਦਸਮੇਸ਼ ਪਿਤਾ ਜਿਨ੍ਹਾਂ ਖਾਲਸਾ ਪੰਥ ਸਜਾਇਆ’ ਗੀਤ ਗਾਇਆ। ਕੈਲਗਰੀ ਦੇ ਕਵੀ ਅਮਨਦੀਪ ਸਿੰਘ ਦੁਲੱਟ ਨੇ ਛੰਦ ਵਿੱਚ ਲਿਖੀ ਕਵਿਤਾ ‘ਚਿੜੀਆਂ ਤੋਂ ਕਈ ਅੱਜ ਬਾਜ਼ ਹੋਣਗੇ’ ਸੁਣਾ ਕੇ ਵਿਸਾਖੀ ਦੀ ਇਨਕਲਾਬੀ ਸੋਚ ਯਾਦ ਕਰਵਾਈ। ਜਸਵਿੰਦਰ ਸਿੰਘ ਰੁਪਾਲ ਕੈਲਗਰੀ ਨੇ ਦੂਣਾ ਯਮਕਦਾਰ ਕੇਸਰੀ ਛੰਦ ਵਿੱਚ ਲਿਖੀ ਆਪਣੀ ਕਵਿਤਾ ‘ਸਿੱਖ ਤੋ ਗੁਰਾਂ ਨੇ ਐਸਾ ਸਿੰਘ ਘੜਿਆ, ਖਾਲਸਾ ਕਹਾਂਵਦਾ, ਜੱਗ ਤੋਂ ਨਿਆਰਾ ਏ’ ਗਾ ਕੇ ਸੁਣਾਈ। ਕੈਲਗਰੀ ਤੋਂ ਹੀ ਛੰਦਾਬੰਦੀ ਦੇ ਮਾਹਿਰ ਕਵੀ ਜਸਵੰਤ ਸਿੰਘ ਸੇਖੋਂ ਨੇ ‘ਸਿੱਖੋ ਮੈਨੂੰ ਸੀਸ ਚਾਹੀਦਾ, ਕੋਈ ਸੂਰਮਾ ਮੈਦਾਨ ਵਿੱਚ ਨਿੱਤਰੇ’ ਗਾ ਕੇ ਸੁਣਾਇਆ। ਪਟਿਆਲਾ ਤੋਂ ਅਮਨਦੀਪ ਸਿੰਘ ਅਜਨੌਦਾ ਨੇ ਕਵਿਤਾ ‘ਖਾਲਸਾ ਸਜਾ ਗਏ ਪਿਤਾ ਦਸ਼ਮੇਸ਼ ਜੀ’ ਕੋਰੜਾ ਛੰਦ ਵਿੱਚ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਨੇ ‘ਤੇਗ ਬਹਾਦਰ ਸਿਮਰੀਐ’ ਕਵਿਤਾ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਉਪਕਾਰਾਂ ਨੂੰ ਸਤਿਕਾਰ ਭੇਟ ਕੀਤਾ। ਸੁਸਾਇਟੀ ਦੇ ਸੰਸਥਾਪਕ ਜਗਬੀਰ ਸਿੰਘ ਨੇ ਇਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਵੀਆਂ ਦਾ ਧੰਨਵਾਦ ਕੀਤਾ।
ਡਾਕਟਰ ਬਲਰਾਜ ਸਿੰਘ ਨੇ ਕਿਹਾ ਕਿ ਕੋਈ ਵੀ ਦਿਵਸ ਮਨਾਇਆ ਤਦ ਹੀ ਸਫਲ ਹੈ, ਜੇ ਅਸੀਂ ਆਪਣੇ ਕਿਰਦਾਰ ਵਿੱਚ ਵੀ ਗੁਰਮਤਿ ਦੀ ਮਹਿਕ ਲੈ ਕੇ ਆਈਏ। ਅੰਤ ਵਿੱਚ ਬ੍ਰਿਜਮਿੰਦਰ ਕੌਰ ਜੈਪੁਰ ਨੇ ਅਨੰਦ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਅਤੇ ਹੁਕਮਨਾਮੇ ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ। ਗੁਰਦੀਸ਼ ਕੌਰ ਗਰੇਵਾਲ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।
ਸੰਪਰਕ: +1 403 465 1586
‘ਟੋਬਾ ਗੋਲਡ ਕੱਪ 2024’ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤਿਆ
ਸੁਰਿੰਦਰ ਮਾਵੀ
ਵਿਨੀਪੈਗ: ਨਵੀਂ ਪਨੀਰੀ ਨੂੰ ਫੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ 6ਵਾਂ ‘ਟੋਬਾ ਗੋਲਡ ਕੱਪ 2024’ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੈਨੇਡਾ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਪੂਲ ‘ਏ’ ਵਿੱਚ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਵਿਨੀਪੈਗ, ਯੂਨਾਈਟਿਡ ਹਾਕੀ ਫੀਲਡ ਕਲੱਬ ਕੈਲਗਰੀ, ਪੰਜਾਬ (ਹਾਕਸ) ਫੀਲਡ ਹਾਕੀ ਕਲੱਬ ਕੈਲਗਰੀ, ਟੋਰਾਂਟੋ ਵਾਰੀਅਰਜ਼ ਕਲੱਬ ਸੀ, ਜਦ ਕਿ ਪੂਲ ‘ਬੀ’ ਵਿੱਚ ਐਡਮਿੰਟਨ ਫੀਲਡ ਹਾਕੀ ਕਲੱਬ, ਕਿੰਗਜ਼ ਇਲੈਵਨ ਹਾਕੀ ਫੀਲਡ ਕਲੱਬ, ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਤੇ ਬਰੈਂਪਟਨ ਫੀਲਡ ਹਾਕੀ ਕਲੱਬ ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ’ਤੇ ਖੇਡਿਆ ਗਿਆ। ਲੀਗ ਮੈਚਾਂ ਵਿੱਚ ਪੂਲ ਏ ’ਚੋਂ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਤੇ ਟੋਰਾਂਟੋ ਵਾਰੀਅਰਜ਼ ਕਲੱਬ ਅਤੇ ਪੂਲ ਬੀ ’ਚੋਂ ਐਡਮਿੰਟਨ ਫੀਲਡ ਹਾਕੀ ਕਲੱਬ ਤੇ ਅਕਾਲ ਹਾਕੀ ਫੀਲਡ ਕਲੱਬ ਕੈਲਗਰੀ ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲੇ ਸੈਮੀਫਾਈਨਲ ’ਚ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਨੂੰ ਇੱਕ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ’ਚ ਐਡਮਿੰਟਨ ਫੀਲਡ ਹਾਕੀ ਕਲੱਬ ਤੇ ਟੋਰਾਂਟੋ ਵਾਰੀਅਰਜ਼ ਕਲੱਬ ਨਿਰਧਾਰਤ ਸਮੇਂ ਵਿੱਚ ਤਿੰਨ ਤਿੰਨ ਗੋਲਾਂ ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਅਕਾਲ ਵਾਰੀਅਰਜ਼ ਹਾਕੀ ਕਲੱਬ ਨੇ ਜਿੱਤ ਪ੍ਰਾਪਤ ਕੀਤੀ। ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ ਜਿਸ ’ਚ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਪੰਜ ਗੋਲਾਂ ਦੇ ਵੱਡੇ ਫ਼ਰਕ ਨਾਲ ਐਡਮਿੰਟਨ ਫੀਲਡ ਹਾਕੀ ਕਲੱਬ ਨੂੰ ਹਰਾ ਕੇ ‘ਟੋਬਾ ਕੱਪ 2024’ ਆਪਣੇ ਨਾਂ ਕੀਤਾ। ਤੀਸਰੇ ਸਥਾਨ ’ਤੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਨੇ ਟੋਰਾਂਟੋ ਵਾਰੀਅਰਜ਼ ਕਲੱਬ ਨੂੰ ਚਾਰ ਦੇ ਮੁਕਾਬਲੇ ਛੇ ਗੋਲਾਂ ਨਾਲ ਮਾਤ ਦਿੱਤੀ।
ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2500 ਡਾਲਰ, ਦੂਸਰੇ ਸਥਾਨ ਵਾਲੀ ਟੀਮ ਨੂੰ 1500 ਡਾਲਰ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਹਜ਼ਾਰ ਡਾਲਰ ਦੇ ਨਕਦ ਇਨਾਮਾਂ ਤੋਂ ਇਲਾਵਾ ਟਰਾਫ਼ੀਆਂ ਵੀ ਦਿੱਤੀਆਂ ਗਈਆਂ। ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਤਨਵੀਰ ਕੰਗ ਨੂੰ ਫਾਈਨਲ ਮੈਚ ਵਿੱਚ ਸਾਰੇ ਦੇ ਸਾਰੇ ਪੰਜ ਗੋਲ ਕਰਨ ’ਤੇ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਤੇ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਜਗਜੀਤ ਸਿੰਘ ਨੂੰ ਵਧੀਆ ਗੋਲ-ਕੀਪਰ ਵਜੋਂ ਸਨਮਾਨਿਤ ਕੀਤਾ ਗਿਆ।
ਸੰਪਰਕ: 204-510-6284
‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਬਾਰੇ ਮੀਟਿੰਗ
ਇਟਲੀ: ਪਿਛਲੇ ਦਿਨੀਂ ਪੰਜਾਬ ਭਵਨ ਸਰੀ, ਕੈਨੇਡਾ ਅਤੇ ਯੂਰਪੀ ਪੰਜਾਬੀ ਲੇਖਕਾਂ ਵਿਚਕਾਰ ਨਵੀਆਂ ਕਲਮਾਂ ਨਵੀਂ ਉਡਾਣ ਪ੍ਰਾਜੈਕਟ ਦੇ ਸਬੰਧ ਵਿੱਚ ਜ਼ੂਮ ਐਪ ’ਤੇ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ਇਟਲੀ ਵਸਦੇ ਪੰਜਾਬੀ ਲੇਖਕ ਦਲਜਿੰਦਰ ਰਹਿਲ ਵੱਲੋਂ ਇਸ ਇਕੱਤਰਤਾ ਦਾ ਮਕਸਦ ਅਤੇ ਪੰਜਾਬ ਭਵਨ ਸਰੀ ਵੱਲੋਂ ਕੀਤੇ ਜਾ ਰਹੇ ਵਿਸ਼ਵ ਪੱਧਰੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੀਤੀ ਗਈ।
ਉਪਰੰਤ ਬਲਵਿੰਦਰ ਸਿੰਘ ਚਾਹਲ ਯੂਕੇ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੁਚੱਜੇ ਕਾਰਜ ਲਈ ਸੁੱਖੀ ਬਾਠ ਸਮੇਤ ਪੰਜਾਬ ਭਵਨ ਦੀ ਸਮੂਹ ਟੀਮ ਨੂੰ ਇਸ ਨਿਵੇਕਲੇ ਤੇ ਸਾਰਥਿਕ ਯਤਨ ਲਈ ਵਧਾਈ ਦਿੱਤੀ। ਸੁੱਖੀ ਬਾਠ ਨੇ ਯੂਰਪੀ ਪੰਜਾਬੀ ਲੇਖਕਾਂ ਨਾਲ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੌ ਪੁਸਤਕਾਂ ਦੇ ਵੱਖ ਵੱਖ ਭਾਗਾਂ ਵਿੱਚ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਜਿਨ੍ਹਾਂ ਦੀ ਉਮਰ ਨੌਂ ਦਸ ਸਾਲ ਤੋਂ ਲੈ ਕੇ ਉੱਨੀ ਵੀਹ ਸਾਲ ਤੱਕ ਹੋ ਸਕਦੀ ਹੈ। ਬੱਚੇ ਆਪਣੀ ਹਾਜ਼ਰੀ ਇਨ੍ਹਾਂ ਪੁਸਤਕਾਂ ਵਿੱਚ ਗੀਤ, ਕਵਿਤਾ, ਮਿੰਨੀ ਕਹਾਣੀ ਜਾਂ ਸੰਖੇਪ ਨਿਬੰਧ ਲਿਖ ਕੇ ਲਗਵਾ ਸਕਦੇ ਹਨ। ਇਨ੍ਹਾਂ ਕਿਤਾਬਾਂ ਨੂੰ ਪੰਜਾਬ ਭਵਨ ਸਰੀ ਵੱਲੋਂ ਛਪਵਾ ਕੇ ਵਿਸ਼ਵ ਭਰ ਵਿੱਚ ਸਾਂਝਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਭਵਨ ਜਲੰਧਰ ਦੀ ਸੰਚਾਲਕ ਪ੍ਰੀਤ ਹੀਰ ਨੇ ਪੰਜਾਬ ਭਵਨ ਵੱਲੋਂ ਕੀਤੇ ਜਾ ਰਹੇ ਮਾਂ ਬੋਲੀ ਬਾਰੇ ਸਾਂਝੇ ਕਾਰਜਾਂ ਦਾ ਜ਼ਿਕਰ ਕੀਤਾ ਉੱਥੇ ਓਂਕਾਰ ਸਿੰਘ ਤੇਜੇ ਦੁਆਰਾ ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ’ਤੇ ਪੰਜਾਬ ਭਰ ਵਿੱਚੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਕੰਮਾਂ ਦਾ ਵੇਰਵਾ ਵੀ ਸਾਂਝਾ ਕੀਤਾ।
ਯੂਰਪੀ ਪੰਜਾਬੀ ਲੇਖਕਾਂ ਵਿੱਚ ਪ੍ਰੋ. ਜਸਪਾਲ ਸਿੰਘ ਇਟਲੀ, ਬਿੰਦਰ ਕੋਲੀਆਂਵਾਲ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ, ਗੁਰਪ੍ਰੀਤ ਕੌਰ ਗੈਦੁ ਗ੍ਰੀਸ, ਗੀਤਕਾਰ ਰਾਣਾ ਅਠੌਲਾ ਇਟਲੀ, ਮੇਜਰ ਸਿੰਘ ਖੱਖ ਅਤੇ ਦਲਜਿੰਦਰ ਰਹਿਲ ਇਟਲੀ ਵੱਲੋਂ ਪੰਜਾਬ ਭਵਨ ਦੀ ਟੀਮ ਨਾਲ ਨਵੀਆਂ ਕਲਮਾਂ ਨਵੀਂ ਉਡਾਣ ਬਾਰੇ ਬਹੁਤ ਸਾਰੇ ਸਵਾਲਾਂ ’ਤੇ ਵਿਚਾਰ ਸਾਂਝੇ ਕਰਦਿਆਂ ਭਰੋਸਾ ਦਿਵਾਇਆ ਕੇ ਅਗਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਪੰਜਾਬ ਭਵਨ ਸਰੀ ਦੇ ਇਨ੍ਹਾਂ ਯਤਨਾਂ ਲਈ ਯੂਰਪੀ ਮੁਲਕਾਂ ਵਿੱਚੋਂ ਸਹਿਯੋਗ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ।
ਖ਼ਬਰ ਸਰੋਤ: ਪੰਜਾਬ ਭਵਨ ਸਰੀ, ਕੈਨੇਡਾ
ਰਾਊਜ਼ ਹਿਲਜ਼ ਰੈਮਜ਼ ਕਲੱਬ ਨੇ ਜਿੱਤੀ ਬਾਜ਼ੀ
ਮਾਸਟਰ ਲਖਵਿੰਦਰ ਸਿੰਘ ਰਈਆ
ਸਿਡਨੀ: ਸਿਡਨੀ (ਆਸਟਰੇਲੀਆ) ਨੇੜਲੇ ਪ੍ਰਸਿੱਧ ਇਲਾਕੇ ਪੈਰਾਮੈਟਾ ਦੇ ਡਿਸਟ੍ਰਿਕਟ ਦੇ ਪ੍ਰਬੰਧਨ ਹੇਠ ‘ਵੀ ਵੰਨ ਸਪੋਰਟਸ ਕਲੱਬ ਅਤੇ ਰਾਊਜ਼ ਹਿਲਜ਼ ਰੈਮਜ਼ ਕਲੱਬ’ ਵਿਚਕਾਰ ਕ੍ਰਿਕਟ ਦਾ ਫਸਵਾਂ ਮੈਚ ਅਰਨਾਲਡ ਐਵਨਿਊ ਪਾਰਕ ਕੈਲੀਵਿਲੇ ਵਿੱਚ ਹੋਇਆ। ਦੋਵਾਂ ਪਾਸਿਆਂ ਦੇ ਖਿਡਾਰੀਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਆਪਣੀ ਆਪਣੀ ਖੇਡ ਦੀ ਪ੍ਰਤਿਭਾ ਦਾ ਖ਼ੂਬਸੂਰਤ ਪ੍ਰਦਰਸ਼ਨ ਕੀਤਾ।
ਕੈਪਟਨ ਸ਼ਿਵਮ ਸਿੰਘ ਦੀ ਅਗਵਾਈ ਵਿੱਚ ਕੈਥ ਬਾਕਰ, ਸਤਵੰਤ ਸਿੰਘ ਢਿੱਲੋਂ ਪਟਿਆਲਾ, ਹਰਮਨਪ੍ਰੀਤ ਸਿੰਘ ਮਾਨ ਰਈਆ, ਜਾਇਦ ਭਰੂਚਾ, ਅਨਮੋਲ ਰਾਣਾ, ਹਰੀ ਸੰਤਾਨਾ, ਹਰਪ੍ਰੀਤ ਸਿੰਘ, ਬਰਿੰਦਰ ਸਿੰਘ, ਹੁਨਰ ਉੱਪਲ, ਬਰਨਿੰਦਰ ਸਿੰਘ, ਜਸਨੀਤ ਵਾਲੀਆ, ਵਿਦਾਂਤ ਦਿਨੇਸ਼, ਮਿਥੁਨ ਡੀਮੋਲ, ਚੀਨਮੇ ਕੁਲਕਰਨੀ, ਦਿਲਸ਼ਾਦ ਮੁਹੰਮਦ ਅਤੇ ਫਾਜ਼ਲ ਆਹਿਦ ਨੇ ਆਪਣੀ ਵਿਰੋਧੀ ਟੀਮ ‘ਵੀ ਵੰਨ ਸਪੋਰਟਸ ਕਲੱਬ’ ਨੂੰ 15 ਦੌੜਾਂ ਨਾਲ ਮਾਤ ਦੇ ਕੇ ਜੇਤੂ ਟਰਾਫੀ ਆਪਣੇ ਨਾਂ ਕਰਨ ਦਾ ਨਾਮਣਾ ਖੱਟਿਆ ਹੈ। ਇਸ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਚੰਗੀ ਖੇਡ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਟੀਮ ਨੂੰ ਮੈਂਮਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਪਰਕ: 61 430 204 832