ਸੁਰ ਤੇ ਲੈਅ ਭਰਪੂਰ ਕਵਿਤਾ
ਤੇਜਾ ਸਿੰਘ ਤਿਲਕ
ਕਾਵਿ-ਸੰਗ੍ਰਹਿ ‘ਸਰਦਲਾਂ’ (ਕਵੀ: ਬਿਕਰਮ ਸੋਹੀ; ਕੀਮਤ: 200 ਰੁਪਏ; ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ) ਵਿੱਚ ਕਲਪਨਾ ਤੇ ਭਾਵ ਤੱਤ ਦਾ ਸੰਤੁਲਨ ਅਤੇ ਸੁਮੇਲ ਹੈ। ਬਿਕਰਮ ਸੋਹੀ ਲੁਧਿਆਣਾ ਯੂਨੀਵਰਸਿਟੀ ਤੋਂ ਵੈਟਰਨਰੀ ਡਾਕਟਰ ਦੀ ਡਿਗਰੀ ਲੈ ਕੇ ਕੈਲੀਫੋਰਨੀਆ (ਅਮਰੀਕਾ) ਜਾ ਵਸਿਆ ਹੈ। ਇਹ ਉਸ ਦੀ ਤੀਜੀ ਕਾਵਿ-ਪੁਸਤਕ ਹੈ। ਇਸ ਵਿੱਚ ਕਵਿਤਾਵਾਂ ਦੀ ਕੁੱਲ ਗਿਣਤੀ 60 ਹੈ, ਪਰ ਤਿੰਨ ਕਵਿਤਾਵਾਂ ‘ਬਾਕੀ ਬਾਤ ਵੀ ਹੈ, ਜਦ ਵੀ ਵਰਕਾ ਫੋਲਦਾਂ ਅਤੇ ਰੁਕੀ ਨੀ ਹਵਾਏ’ ਦੋ-ਦੋ ਵਾਰ ਹੋਣ ਕਰਕੇ 57 ਹਨ।
ਅੱਜਕੱਲ੍ਹ ਕਵਿਤਾ ਵਧੇਰੇ ਕਰਕੇ ਮੁਕਤ ਲਿਖੀ ਜਾਂਦੀ ਹੈ ਜੋ ਨੀਰਸ ਹੋਣ ਕਰਕੇ ਪੜ੍ਹੀ ਨਹੀਂ ਜਾਂਦੀ, ਲਿਖੀ ਬਹੁਤ ਜਾਂਦੀ ਹੈ। ਪਰ ਇਸ ਪੁਸਤਕ ਜਿਹੀ ਰਾਗ, ਸੰਗੀਤ ਤੇ ਸੁਰ ਲੈਅ ਭਰਪੂਰ ਕਵਿਤਾ ਪਾਠਕ ਨੂੰ ਅਨੰਦਿਤ ਕਰ ਦਿੰਦੀ ਹੈ। ਉਪਮਾ ਤੇ ਰੂਪਕ ਵਰਗੇ ਅਲੰਕਾਰ ਹਨ, ਵਿਅੰਗ ਦੀ ਚਾਸ਼ਨੀ ਹੈ।
ਕਵੀ ਬਿਕਰਮ ਸੋਹੀ ਕੋਲ ਪੇਂਡੂ ਰਹਿਤਲ ਹੈ। ਆਪਣੇ ਪਿਛੋਕੜ ਦੀ ਬਦੌਲਤ ਭਾਸ਼ਾਈ ਸ਼ਬਦ ਭੰਡਾਰ ਹੈ। ਇਤਿਹਾਸ, ਪਰੰਪਰਾ, ਸੱਭਿਆਚਾਰ ਤੇ ਰਾਜਸੀ ਚੇਤਨਾ ਅਤੇ ਸਮਾਜਿਕ ਸਰੋਕਾਰਾਂ ਦੀ ਸੂਝ ਹੈ। ਲੋਕ ਗੀਤਾਂ ਦਾ ਵਿਰਸਾ ਹੈ। ਉਪਰਕੋਤ ਸਭ ਕੁਝ ਦੀ ਝਲਕ ਉਸ ਦੀ ਹਥਲੀ ਕਾਵਿ-ਪੁਸਤਕ ਵਿੱਚੋਂ ਮਿਲਦੀ ਹੈ।
ਬਿਕਰਮ ਸੋਹੀ ਭਾਵੇਂ ਪਰਵਾਸੀ ਹੋ ਚੁੱਕਿਆ ਹੈ ਪਰ ਮਾਂ ਭੂਮੀ ਪੰਜਾਬ ਨਾਲ ਜਨੂੰਨ ਦੀ ਹੱਦ ਤੱਕ ਜੁੜਿਆ ਹੋਇਆ ਹੈ। ਉਸ ਨੇ ਪਰਵਾਸ ਦਾ ਜ਼ਿਕਰ ਵੀ ਛੋਹਿਆ ਹੈ, ਪਰ 1947 ਦੀ ਪੰਜਾਬ ਵੰਡ, 1984 ਦੇ ਸਿੱਖ ਵਿਰੋਧੀ ਸਾਕੇ ਅਤੇ ਕਿਸਾਨ ਅੰਦੋਲਨ ਦੇ ਜੇਤੂ ਦ੍ਰਿਸ਼ ਪੂਰਨ ਕਲਾਮਈ ਰੂਪ ਵਿੱਚ ਡੁੱਬ-ਡਬੋ ਕੇ ਲਿਖੇ ਹਨ। ਪੇਂਡੂ ਰਹਿਤਲ, ਲੋਕ ਭਾਸ਼ਾ, ਲੋਕ ਬੋਲੀ, ਮੁਹਾਵਰੇ ਤੇ ਗੀਤਾਂ ਵਿੱਚ ਢਾਲ ਕੇ ਆਪਣੀ ਕਵਿਤਾ ਰਚੀ ਹੈ। ਪੰਜਾਬੀ ਪੇਂਡੂ ਸੱਭਿਆਚਾਰ, ਅਲੋਪ ਹੋ ਰਹੇ ਵਿਰਸੇ ਦੀਆਂ ਵਸਤਾਂ ਦੇ ਬਿੰਬਾਂ, ਪ੍ਰਤੀਕਾਂ ਨਾਲ ਆਪਣੇ ਗਾਣ ਛੋਹੇ ਹਨ। ਕੁਦਰਤੀ ਵਾਤਾਵਰਣ ਵਿੱਚੋਂ ਫ਼ਸਲਾਂ, ਜੀਵ-ਜੰਤੂਆਂ, ਪੰਛੀਆਂ ਨੂੰ ਸੰਬੋਧਨ ਕਰ ਕੇ ਆਪਣੀ ਗੱਲ ਕਹੀ ਹੈ।
ਉੱਪਰੋਂ ਦੇਖਣ ਨੂੰ ਉਹ ਸਰਲ ਗੀਤਾਂ ਵਿੱਚ ਬੋਲਦਾ ਹੈ, ਪਰ ਅੰਦਰਲੀਆਂ ਪਰਤਾਂ ਦਰਦਾਂ ਦੇ ਡੂੰਘੇ ਸਾਗਰਾਂ ਦੀ ਬਾਤ ਪਾਉਂਦੀਆਂ ਹਨ। ਉਸ ਦੀ ਕਵਿਤਾ ਵਧੇਰੇ ਕਰਕੇ ਸੰਬੋਧਨੀ ਕਾਵਿ ਹੈ। ਮਧੁਰਤਾ ਪੈਦਾ ਕਰਦੀ ਸ਼ਰਸਾਰ ਕਰ ਜਾਂਦੀ ਹੈ। ਇੱਕ ਗਹਿਰ ਗੰਭੀਰ ਚਿੰਤਕ ਦੀ ਚਿੰਤਾ ’ਚੋਂ ਉਪਜੀ ਰਸਾਤਮਕ ਚੇਤੰਨ ਕਵਿਤਾ ਅਤੇ ਗੀਤ ਹਨ। ਜਦੋਂ ਪੰਜਾਬੀਆਂ ਦੇ ਚਿੱਟੇ ਵਰਗੇ ਨਸ਼ਿਆਂ ਦੀ ਗੱਲ ਕਰਦਾ ਹੈ, ਆਦਮੀ ਦੇ ਰਿਸ਼ਤੇ ਨਾਤੇ ਤੋਂ ਟੁੱਟ ਬਹਿਣ ਨੂੰ ਬਿਆਨਦਾ ਹੈ ਤਾਂ ਹਰ ਪੜ੍ਹਨ ਵਾਲੀ ਅੱਖ ਨੂੰ ਸੋਚੀਂ ਪਾਉਂਦਾ ਹੈ। ਅਸਲ ਵਿੱਚ ਬਿਕਰਮ ਸੋਹੀ ਦੀ ਕਵਿਤਾ ਸਰਲਤਾ, ਸਾਦੀ ਮਿੱਠੀ ਭਾਸ਼ਾ, ਨੇੜਲੀਆਂ ਬੋਲੀਆਂ ਦੇ ਦਾਰਸ਼ਨਿਕ ਸ਼ਬਦਾਂ ਨੂੰ ਗੁੰਦ ਕੇ ਕਲਾਮਈ ਰੰਗਣ ਵਿੱਚ ਰੰਗ ਕੇ ਗਹਿਰ ਗੰਭੀਰ ਬਾਤਾਂ ਪਾਉਂਦੀ ਹੈ। ਕਈ ਪ੍ਰਗੀਤਾਂ ਵਿੱਚ ਪ੍ਰੇਮ ਪਿਆਰ ਦੇ ਤੀਰਾਂ ਦੀਆਂ ਬਾਤਾਂ ਹਨ। ਰਾਜਸੀ ਸ਼ਾਤਰ ਚਾਲਾਂ ਚਲਦੇ ਲੀਡਰਾਂ ਨੂੰ ਬੇਪਰਦ ਕਰਦੇ ਬੋਲ ਲਿਖੇ ਹਨ, ਫਿਟਕਾਰਾਂ ਪਾਈਆਂ ਹਨ। ਕਵੀ ਆਸ਼ਾਵਾਦੀ ਹੈ। ‘ਸ਼ੋਰ ਦਾ ਤੀਰਥ’, ‘ਜ਼ਮੀਰਾਂ ਦੇ ਆਖੇ’, ‘ਦਿਲ ਦੀ ਲਹਿਰ’ ਤੇ ‘ਉੱਡਦੀਆਂ ਪੰਜਾਲੀਆਂ ਦੇ ਗੀਤ’ ਇਸ ਦੀ ਮਿਸਾਲ ਹਨ।
‘ਕਰੋਨਾ’ ਬਾਰੇ ਲੰਮੀ ਰਚਨਾ ‘ਸਰਦਲਾਂ ਖ਼ਾਮੋਸ਼ ਨੇ’ ਪੁਸਤਕ ਦਾ ਹਾਸਲ ਹੈ। ‘ਚੱਲ ਮਿੱਤਰਾ ਹੁਣ ਦਿੱਲੀ ਚੱਲੀਏ, ਚਾਂਦਨੀ ਚੌਕ, ਇੱਕ ਰੋਸ, ਤੇਰਾ ਪੂਰਾ ਸੀ ਪੰਜਾਬ, ਐ ਖੁਦਾ ਤੇਰੀ ਖੁਦਾਈ, ਗੱਲਾਂ ਅੰਦਰ ਲੋਅ, ਇਹ ਕਦਮ ਨਹੀਂ ਇਹ ਵਾਕ ਨੇ, ਚੋਣ ਨਿਸ਼ਾਨ, ਸਾਂਝੇ ਵਾਰ ਨੇ ਬੋਹੜ ਅਨਾਰ ਕੀਤਾ ਅਤੇ ਤਲਵਾਰ ਰੁੱਤੇ’ ਲਾਜਵਾਬ ਕਾਵਿ-ਕਿਰਤਾਂ ਹਨ।
ਸੰਪਰਕ: 98766-36159