ਯਥਾਰਥ ਤੇ ਅਨੁਭਵ ਦੇ ਸੁਮੇਲ ’ਚੋਂ ਉਪਜੀ ਕਵਿਤਾ
ਡਾ. ਸਤਨਾਮ ਸਿੰਘ ਜੱਸਲ
ਜਿੰਦਰ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖ਼ਰ ਹੈ ਜਿਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਮੈਂ, ਹਾਣੀ ਤੇ ਉਹ’ 1990 ਵਿੱਚ ਪ੍ਰਕਸ਼ਿਤ ਹੋਇਆ। ਇਸ ਉਪਰੰਤ ਉਸ ਦੇ ਹੱਥਲੇ ਕਹਾਣੀ ਸੰਗ੍ਰਹਿ ‘ਕਨਫ਼ੈਸ਼ਨ ਬੌਕਸ’ (ਕੀਮਤ: 250 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਸਹਿਤ ਪੰਦਰਾਂ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਜਨਿ੍ਹਾਂ ਵਿੱਚੋਂ ਦੋ ਹਿੰਦੀ, ਇੱਕ ਸ਼ਾਹਮੁਖੀ ਲਿਪੀ, ਦੋ ਮਰਾਠੀ, ਇੱਕ ਸਿੰਧੀ ਅਤੇ ਇੱਕ ਉਰਦੂ ਵਿੱਚ ਪਾਠਕਾਂ ਦੀ ਝੋਲੀ ਪਏ ਹਨ। ਵਾਰਤਕ ਖੇਤਰ ਵਿੱਚ ਵੀ ਉਸ ਨੇ ਮੁੱਲਵਾਨ ਯੋਗਦਾਨ ਪਾਇਆ ਹੈ। ਉਸ ਦੇ ਤਿੰਨ ਰੇਖਾ ਚਿੱਤਰ ‘ਕਵਾਸੀ ਰੋਟੀ’, ‘ਜੇ ਇਹ ਸੱਚ ਹੈ ਤਾਂ’ ਅਤੇ ‘ਰੋਡੂ ਰਾਜਾ ਉਰਫ਼ ਫ਼ਜ਼ਲਦੀਨ’ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਦੇ ਦੋ ਸਫ਼ਰਨਾਮੇ ‘ਛੇ ਸੌ ਇਕਵੰਜਾ ਮੀਲ’ ਅਤੇ ‘ਚੱਲ ਜਿੰਦਰ ਇਸਲਾਮਾਬਾਦ ਚੱਲੀਏ’ ਅਤੇ ਇੱਕ ਸਵੈ-ਜੀਵਨੀ ‘ਇੱਕ ਸੀ ਹਰਜਿੰਦਰ’ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹਨ। ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਮੁੱਢੋਂ ਇਉਂ ਲੱਗਦਾ ਹੈ ਕਿ ਜਿੰਦਰ ਹੱਡ-ਬੀਤੀਆਂ ਲਿਖ ਰਿਹਾ ਹੈ ਪਰ ਜਿਉਂ ਜਿਉਂ ਕਹਾਣੀ ਤੁਰਦੀ ਹੈ ਉਸ ਦੀ ਕਹਾਣੀ-ਕਲਾ ਦਾ ਕਮਾਲ ਨਾਲੋ-ਨਾਲ ਤੁਰ ਪੈਂਦਾ ਹੈ। ਇਸ ਦੇ ਪਿੱਛੇ ਉਸ ਦੀ ਕਾਹਲ ਨਹੀਂ, ਉਸ ਦੇ ਸਹਿਜ ਦਾ ਵੱਡਾ ਯੋਗਦਾਨ ਹੈ। ਉਹ ਆਪਣੀ ਕਹਾਣੀ ਉਤਨੀ ਦੇਰ ਨਹੀਂ ਛਪਵਾਉਂਦਾ ਜਦੋਂ ਤੱਕ ਉਸ ਦੀ ਤਸੱਲੀ ਨਹੀਂ ਹੋ ਜਾਂਦੀ ਅਤੇ ਉਸ ਦੀ ਤਸੱਲੀ ਹੀ ਪਾਠਕ ਦੇ ਚਿੰਤਨ ਤੇ ਚੇਤਨਾ ਦਾ ਆਧਾਰ ਬਣਦੀ ਅਤੇ ਪਾਠਕ ਦੇ ਮਨ ਉੱਤੇ ਆਪਣੀ ਵਿਲੱਖਣ ਛਾਪ ਛੱਡ ਜਾਂਦੀ ਹੈ।
ਕਹਾਣੀ ਸੰਗ੍ਰਹਿ ‘ਕਨਫ਼ੈਸ਼ਨ ਬੌਕਸ’ ਦੀ ਪਹਿਲੀ ਕਹਾਣੀ ‘ਸੁਲਤਾਨ ਸਿੰਘ ਉਰਫ਼ ਬੀ.ਏ. ਪਾਸ ਰਿਕਸ਼ੇਵਾਲਾ’ ਦਾ ਕੇਂਦਰੀ ਪਾਤਰ ਉਹ ਸ਼ਖ਼ਸ
ਹੈ ਜਿਹੜਾ ਜ਼ਿੰਦਗੀ ਵਿੱਚ ਕਿਸੇ ਸਮੇਂ ਵੀ ਅਮਾਨਵੀ ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕਰਦਾ ਚਾਹੇ ਉਹ ਮੁੱਦਾ ਆਰਥਿਕਤਾ ਨਾਲ
ਜੁੜਿਆ ਹੋਵੇ ਜਾਂ ਸਰੀਰਕ ਲੋੜ ਨਾਲ। ਕਹਾਣੀ ਵਿੱਚ ਉਸ ਦਾ ਹਰ ਕਾਰਜ ‘ਲੀਹਾਂ’ ਨੂੰ ਅਪਣਾ ਕੇ ਤੁਰਨ ਦਾ ਨਹੀਂ, ‘ਲੀਹਾਂ’ ਨੂੰ ਪਾੜ ਕੇ ਤੁਰਨ
ਦਾ ਹੈ। ਉਸ ਦੇ ਤਰਕਭਾਵੀ ਅਸੂਲ ਹੀ ਕਹਾਣੀ ਵਿੱਚ ਉਸ ਦੀ ਪਛਾਣ ਬਣਦੇ ਹਨ। ਉਹ ਨਾ ਕਿਸੇ ਨੂੰ ਆਪਣਾ ਹੱਕ ਮਾਰਨ ਦਿੰਦਾ ਹੈ ਅਤੇ ਨਾ ਹੀ
ਕਿਸੇ ਦਾ ਹੱਕ ਰੱਖਦਾ ਹੈ। ਕਹਾਣੀ ‘ਫਾਈਨਲ ਫਾਈਂਡਿੰਗ’ ਬੱਸ ਅਤੇ ਸਕੂਟਰ ਨਾਲ ਵਾਪਰੀ ਦੁਰਘਟਨਾ ਦੇ ਧੁਰੇ ਦੁਆਲੇ ਘੁੰਮਦੀ ਹੈ ਅਤੇ ਬਹੁਤੇ ਲੋਕ ਤਾਂ ਬੱਸ ਦੇ ਡਰਾਈਵਰ ਜੀਤਪਾਲ ਸਿੰਘ ਨੂੰ ਕਸੂਰਵਾਰ ਸਮਝਦੇ ਹਨ। ਚਰਨਜੀਤ ਸਿੰਘ ਨੇ ਇਸ ਕੇਸ ਦੀ ਪੜਤਾਲ ਰਿਪੋਰਟ ਅਗਾਂਹ ਪੇਸ਼
ਕਰਨੀ ਹੀ ਹੈ। ਉਹ ਦੁਰਘਟਨਾ ਨਾਲ ਜੁੜੀਆਂ ਸਾਰੀਆਂ ਸਥਿਤੀਆਂ ਨੂੰ ਵਾਚਦਾ ਹੈ ਪਰ ਸਮੱਸਿਆਂ ਵਿੱਚੋਂ ਨਿਕਲਣ ਦਾ ਰਾਹ ਉਸ ਨੂੰ ਡਰਾਈਵਰ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਵਿੱਚੋਂ ਮਿਲਦਾ ਹੈ। ਕਹਾਣੀਕਾਰ ਨੇ ਕਹਾਣੀ ਦਾ ਅੰਤ ਜਿਸ ਕਲਾਤਮਕ ਵਿਧੀ ਅਧੀਨ ਕੀਤਾ ਹੈ ਇਹ ਉਸ ਦੇ ਡੂੰਘੇ ਮਨੋ-ਵਿਸ਼ਲੇਸ਼ਣ ਦਾ ਪ੍ਰਮਾਣ ਸਿਰਜਦਾ ਹੈ। ਕਹਾਣੀ ‘ਨਹੀਉਂ ਲੱਗਦਾ ਦਿਲ ਮੇਰਾ’ ਪੂੰਜੀਵਾਦੀ ਯੁੱਗ ਦੇ ਪਸਾਰ ਨਾਲ ਜੁੜੀ ਹੋਈ ਹੈ। ਇੱਕ ਪਾਸੇ ਤੋਸ਼ੀ ਦਾ ਪਤੀ ਵਿਦੇਸ਼ ਵਿੱਚ ਆਰਥਿਕ ਸੰਕਟਾਂ ਦਾ ਸ਼ਿਕਾਰ ਹੈ, ਦੂਜੇ ਪਾਸੇ ਦੇਸ਼ ਵਿੱਚ ਰਹਿ ਰਹੀ ਤੋਸ਼ੀ ਆਰਥਿਕਤਾ ਦੇ ਨਾਲ ਨਾਲ ਅਸਹਿ ਸੰਕਟਾਂ ਨਾਲ ਜੂਝ ਰਹੀ ਹੈ ਜਿਸ ਦੇ ਸੰਕਟਾਂ ਦੀਆਂ ਪਰਤਾਂ ਨੂੰ ਕਹਾਣੀਕਾਰ ਪਿਆਜ਼ ਦੇ ਛਿਲਕੇ ਵਾਂਗੇ ਇੱਕ ਇੱਕ ਉਤਾਰਕੇ, ਪਾਠਕਾਂ ਨੂੰ ਕਹਾਣੀ ਨਾਲ ਜੋੜਦਿਆਂ ਸੋਚਣ ਲਈ ਮਜਬੂਰ ਕਰਦਾ ਹੈ। ‘ਕਨਫ਼ੈਸ਼ਨ ਬੌਕਸ’ ਕਹਾਣੀ ਦੀ ਪਾਤਰ ਗਗਨ ਨੇ ਸਾਰੇ ਦੁਖਾਂਤ ਨੂੰ ਆਪਣੇ ਪਿੰਡੇ ’ਤੇ ਹੰਢਾਇਆ। ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਦੀਆਂ ਨਜ਼ਰਾਂ ਵਿੱਚ ਉਸ ਦਾ ਦੋਸ਼ ਇਹ ਸੀ ਕਿ ਉਸ ਨੇ ਪ੍ਰਤੀਕ ਨੂੰ ਚਾਹਿਆ ਅਤੇ ਉਸ ਦੇ ਸਾਹਮਣੇ ਉਸ ਦੇ ਪ੍ਰਤੀਕ ਦਾ ਕਤਲ ਹੋਇਆ, ਪਰ ਸਥਿਤੀ ਦਾ ਦੁਖਾਂਤ ਇਹ ਹੈ ਕਿ ਉਸ ਨੂੰ ਕਚਹਿਰੀਆਂ ਵਿੱਚ ਇਹ ਕਹਿਣਾ ਪਿਆ ਕਿ ‘ਨ੍ਹੀ... ਇਨ੍ਹਾਂ ਨੇ ਪ੍ਰਤੀਕ ਨੂੰ ਨ੍ਹੀਂ ਮਾਰਿਆ।’ ਜਦੋਂਕਿ ਉਨ੍ਹਾਂ ਨੇ ਹੀ ਉਹਦੀਆਂ ਅੱਖਾਂ ਸਾਹਮਣੇ ਮਾਰਿਆ ਸੀ। ਗਗਨ ਸਮਾਜਿਕ ਵਿਵਸਥਾ ਅਤੇ ਰਿਸ਼ਤਿਆਂ ਅਧੀਨ ਤਿਲ ਤਿਲ ਮਰਦੀ ਦਿਖਾਈ ਦਿੰਦੀ ਹੈ। ‘ਕੋਰੜੂ’ ਕਹਾਣੀ ਇੱਕ ਬਹੁਤ ਹੀ ਸੂਖ਼ਮ ਮੁੱਦੇ ਦੁਆਲੇ ਘੁੰਮਦੀ ਹੈ ਕਿ ਪੰਜਾਬੀ ਆਪਣੇ ਨਿਸੁਆਰਥ ਸੁਭਾਅ ਕਾਰਨ ਜਾਣੇ ਜਾਂਦੇ ਹਨ, ਪਰ ਕੁਝ ‘ਕੋਕੜੂ’ ਹੁੰਦੇ ਹਨ ਜਿਹੜੇ ਇਸ ਅਕਸ ਨੂੰ ਵਿਗਾੜਦੇ ਹਨ। ‘ਇਕੱਲੇ ਬੰਦੇ ਦਾ ਜ਼ਿੰਦਗੀਨਾਮਾ’ ਕਹਾਣੀ ਇਸ ਨੁਕਤੇ ਦੁਆਲੇ ਘੁੰਮਦੀ ਹੈ ਕਿ ਮੌਜੂਦਾ ਵਿਵਸਥਾ ਵਿੱਚ ਅਸੀਂ ਬਹੁਤ ਕੁਝ ਖੱਟ ਕੇ ਵੀ ਕੁਝ ਨਹੀਂ ਖੱਟਿਆ ਜੇ ਅਸੀਂ ਮੁੜ ਕੇ ‘ਜ਼ੀਰੋ’ ਵਰਗੀ ਸਥਿਤੀ ’ਤੇ ਹੀ ਆ ਗਏ। ਕਹਾਣੀ ‘ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ’ ਇਸ ਕੇਂਦਰੀ ਨੁਕਤੇ ਦੁਆਲੇ ਘੁੰਮਦੀ ਹੈ ਕਿ ਅਜੋਕੇ ਸਥਿਤੀ ਵਿੱਚ ਪ੍ਰਗਟ ਸਿੰਘ ਵਰਗੇ ਕਿੰਨੀ ਵੀ ਇਮਾਨਦਾਰੀ ਵਰਤ ਲੈਣ, ਪਰ ਬਲਦੇਵ ਵਰਗੇ ਬੇਈਮਾਨ ਜਿਉਣ ਨਹੀਂ ਦਿੰਦੇ। ‘ਆਪਣੇ ਖ਼ੂਨ ਦਾ ਸੇਕ’, ‘ਸਭ ਕੁਝ ਸੋਚ ਕੇ ਥੋੜ੍ਹਾ ਹੁੰਦਾ’ ਅਤੇ ‘ਘਰ ਹੈ, ਬਾਜ਼ਾਰ ਨਹੀਂ’ ਕਹਾਣੀਆਂ ਵੀ ਜਿੰਦਰ ਦੀ ਕਲਾਤਮਕ ਕਹਾਣੀ ਸਿਰਜਣਾ ਦਾ ਪ੍ਰਮਾਣ ਦਿੰਦੀਆਂ ਹਨ। ਪੁਸਤਕ ‘ਕਨਫ਼ੈਸ਼ਨ ਬੌਕਸ’ ਦੀਆਂ ਸਾਰੀਆਂ ਕਹਾਣੀਆਂ ਵਿਚਲੇੇ ਮੁੱਦਿਆਂ ਦੇ ਸਰੋਕਾਰ ਕਹਾਣੀਕਾਰ ਦੀ ਜ਼ਿੰਦਗੀ ਦੇ ਯਥਾਰਥ ਤੇ ਅਨੁਭਵ ਦੀ ਦੇਣ ਦਿਖਾਈ ਦਿੰਦੀਆਂ ਹਨ, ਪਰ ਜਿਸ ਕਲਾਤਮਕ ਵਿਧੀ ਨਾਲ ਕਹਾਣੀ ਸਿਰਜੀ ਤੇ ਪੇਸ਼ ਕੀਤੀ ਗਈ ਹੈ ਉਹ ਪਾਠਕ ਦੀ ਸਮਝ ’ਤੇ ਵੀ ਨਿਰਭਰ ਕਰਦੀ ਹੈ। ਜਿੰਦਰ ਦਾ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਨੂੰ ਹੋਰ ਬਲ ਬਖ਼ਸ਼ਦਾ ਹੈ।