ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਨਾਟਕ ਖੇਡਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਨਵੰਬਰ
ਆਰੀਆ ਕੰਨਿਆ ਕਾਲਜ ਵਿੱਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਅਭਿਆਨ ਤਹਿਤ ਐਂਟੀ ਤੰਬਾਕੂ ਸੈੱਲ ਵਲੋਂ ਕਾਲਜ ਵਿੱਚ ਨਸ਼ੇ ਖ਼ਿਲਾਫ਼ ਨੁੱਕੜ ਨਾਟਕ ਖੇਡਿਆ ਗਿਆ। ਨਾਟਕ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਦੇ ਖਤਰਿਆਂ ਤੇ ਇਸ ਦੇ ਪਰਿਵਾਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਰੇ ਜਾਗਰੂਕ ਕਰਨਾ ਸੀ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਸਾਡੇ ਸਰੀਰ ਨੂੰ ਹੀ ਨਹੀਂ ਬਲਕਿ ਪਰਿਵਾਰ ਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਸੈੱਲ ਦੀ ਸੰਯੋਜਿਕਾ ਕੈਪਟਨ ਜਯੋਤੀ ਸ਼ਰਮਾ ਨੇ ਦੱਸਿਆ ਕਿ ਨਸ਼ੇ ਕਾਰਨ ਜਿੱਥੇ ਪੈਸੇ ਤੇ ਸਰੀਰ ਦੀ ਬਰਬਾਦੀ ਹੁੰਦੀ ਹੈ ਉਥੇ ਨਾਲ ਹੀ ਪਰਿਵਾਰਕ ਰਿਸ਼ਤਿਆਂ ਵਿੱਚ ਤਰੇੜਾਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਉਦੇਸ਼ ਸਮਾਜ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾ ਕਿਹਾ ਕਿ ਸਭ ਨੂੰ ਇਕਜੁੱਟ ਹੋ ਕੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਉਖਾੜ ਦੇਣ ਲਈ ਅੱਗੇ ਆਉਣਾ ਹੋਵੇਗਾ ਤਾਂ ਜੋ ਸਮਾਜ ਨੂੰ ਇਸ ਦੁਬਿਧਾ ਵਿੱਚੋਂ ਬਾਹਰ ਕੱਢਿਆ ਜਾ ਸਕੇ। ਕਾਲਜ ਦੀਆਂ ਕਰੀਬ 101 ਵਿਦਿਆਰਥਣਾਂ ਨੇ ਇਸ ਨੁੱਕੜ ਨਾਟਕ ਵਿੱਚ ਹਿੱਸਾ ਲਿਆ ਤੇ ਨਸ਼ੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਪ੍ਰੋਗਰਾਮ ਦੇ ਆਖਰ ਵਿੱਚ ਸਭ ਨੇ ਇਹ ਸਹੁੰ ਚੁੱਕੀ ਕਿ ਉਹ ਖੁਦ ਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣਗੇ ਤੇ ਸਮਾਜ ਨੂੰ ਨਸ਼ੇ ਤੋਂ ਮੁਕਤੀ ਦਿਵਾਉਣ ਦਾ ਯਤਨ ਕਰਨਗੇ। ਨਾਟਕ ਨੂੰ ਸਫ਼ਲ ਬਣਾਉਣ ਲਈ ਅੰਕਿਤਾ ਹੰਸ, ,ਤਨਵੀ, ਸ਼ੈਂਕੀ, ਪੂਜਾ, ਸੁਨੀਲ ਦੱਤ ਤੇ ਰਾਜਿੰਦਰ ਨੇ ਅਹਿਮ ਭੂਮਿਕਾ ਨਿਭਾਈ।