For the best experience, open
https://m.punjabitribuneonline.com
on your mobile browser.
Advertisement

ਰਿਸ਼ਤਿਆਂ ਵਿਚਲੀ ਜਟਿਲਤਾ ਦੇ ਕਾਰਨ ਤਲਾਸ਼ਦਾ ਨਾਵਲ

07:03 AM Aug 11, 2023 IST
ਰਿਸ਼ਤਿਆਂ ਵਿਚਲੀ ਜਟਿਲਤਾ ਦੇ ਕਾਰਨ ਤਲਾਸ਼ਦਾ ਨਾਵਲ
Advertisement

ਨਿਰੰਜਣ ਬੋਹਾ

ਫਰਾਂਸ ਦੇ ਮਹਾਨ ਲੇਖਕ ਮੋਪਾਸਾਂ ਦੀਆਂ ਕਹਾਣੀਆਂ ਤੇ ਨਾਵਲ ਸੰਸਾਰ ਪੱਧਰ ’ਤੇ ਆਪਣੀ ਸਾਹਿਤਕ ਛਾਪ ਛੱਡਣ ਵਿੱਚ ਸਫਲ ਹੋਏ ਹਨ। ਦੁਨੀਆਂ ਦੇ ਬਹੁਤ ਸਾਰੇ ਲੇਖਕਾਂ ਨੇ ਉਸ ਦੀ ਲਿਖਣ ਸ਼ੈਲੀ ਦਾ ਪ੍ਰਭਾਵ ਕਬੂਲਿਆ ਤੇ ਸਮਾਜਿਕ ਰਿਸ਼ਤਿਆਂ ਨਾਲ ਜੁੜੀਆਂ ਭਾਵਨਾਤਮਕ ਸਮੱਸਿਆਵਾਂ ਨੂੰ ਸਮਝਣ ਲਈ ਉਸ ਤੋਂ ਅਗਵਾਈ ਹਾਸਿਲ ਕੀਤੀ ਹੈ। ਪੰਜਾਬੀ ਭਾਸ਼ਾ ਵਿੱਚ ਉਸ ਦੀਆਂ ਕਹਾਣੀਆਂ ਦਾ ਅਨੁਵਾਦ ਭਾਸ਼ਾ ਵਿਭਾਗ ਤੋਂ ਇਲਾਵਾ ਤਰਸੇਮ ਤੇ ਸਵਾਮੀ ਸਰਬਜੀਤ ਨੇ ਵੀ ਕੀਤਾ ਹੈ, ਪਰ ਇਸ ਭਾਸ਼ਾ ਵਿੱਚ ਉਸ ਦੇ ਨਾਵਲਾਂ ਦੇ ਅਨੁਵਾਦ ਦੀ ਘਾਟ ਹੈ। ਮਾਨ ਬੁੱਕ ਸਟੋਰ ਪਬਲੀਕੇਸਨਜ਼ ਨੇ ਵਿਸ਼ਵ ਪ੍ਰਸਿੱਧ ਸਾਹਿਤ ਦਾ ਪੰਜਾਬੀ ਅਨੁਵਾਦ ਕਰਨ ਦੀ ਲੜੀ ਸ਼ੁਰੂ ਕੀਤੀ ਹੈ ਤਾਂ ਪੰਜਾਬੀ ਭਾਸ਼ਾ ਦੇ ਖੋਜੀ ਪਾਠਕਾਂ ਲਈ ਮੋਪਾਸਾਂ ਦੇ ਨਾਵਲਾਂ ਤੱਕ ਪਹੁੰਚ ਆਸਾਨ ਹੋ ਸਕੇ। ਇਸ ਲੜੀ ਅਧੀਨ ਉਸ ਦੇ ਬਹੁ-ਚਰਚਿਤ ਨਾਵਲ ‘ਪੀਅਰੇ ਐਂਡ ਜੀਨ’ ਦਾ ਪੰਜਾਬੀ ਅਨੁਵਾਦ ‘ਕੌੜਾ ਤੇ ਮਿੱਠਾ’ ਨਾਂ ਹੇਠ ਲਵਪ੍ਰੀਤ ਸਿੰਘ ਮਾਨ ਨੇ ਕੀਤਾ ਹੈ। ਇਹ ਨਾਵਲ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਜਟਿਲ ਬਣਾਉਂਦੀਆਂ ਮੁਹੱਬਤੀ ਭਾਵਨਾਵਾਂ, ਸੂਖ਼ਮ ਈਰਖਾਵਾਂ, ਤਣਾਵਾਂ, ਟਕਰਾਵਾਂ, ਦੁਬਿਧਾਵਾਂ ਤੇ ਸ਼ੰਕਾਵਾਂ ਨੂੰ ਸ਼ਿੱਦਤ ਨਾਲ ਬਿਆਨ ਕਰਦਾ ਹੈ। ਨਾਵਲ ਇਸ ਮਨੋ-ਵਿਗਿਆਨਕ ਧਾਰਨਾ ਦੀ ਪੁਸ਼ਟੀ ਉਚੇਚੇ ਤੌਰ ’ਤੇ ਕਰਦਾ ਹੈ ਕਿ ਜੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਬੌਧਿਕ ਤੇ ਵਿਚਾਰਧਾਰਕ ਸਮਾਨਤਾ ਨਹੀਂ ਹੈ ਤਾਂ ਭਵਿੱਖ ਵਿੱਚ ਇਸ ਦੇ ਨਤੀਜੇ ਬਹੁਤ ਘਾਤਕ ਨਿਕਲਦੇ ਹਨ। ਇਨ੍ਹਾਂ ਦਾ ਖਾਮਿਆਜ਼ਾ ਸਿਰਫ਼ ਪਤੀ-ਪਤਨੀ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਭੁਗਤਣਾ ਪੈਂਦਾ ਹੈ।
ਨਾਵਲ ਦੀ ਕਹਾਣੀ ਅਨੁਸਾਰ ਮਿਸਟਰ ਰੌਲੈਂਡ ਤੇ ਮਿਸਿਜ਼ ਲੂਈ ਦਾ ਪਰਿਵਾਰ ਸਹਿਜ ਤੇ ਸਾਵੀਂ ਪੱਧਰੀ ਜ਼ਿੰਦਗੀ ਜਿਉ ਰਿਹਾ ਹੈ। ਉਨ੍ਹਾਂ ਦੇ ਦੋ ਬੇਟਿਆਂ ਪੀਅਰੇ ਤੇ ਜੀਨ ਦੇ ਸੁਭਾਅ ਭਾਵੇਂ ਵੱਖੋ-ਵੱਖਰੇ ਹਨ, ਫਿਰ ਵੀ ਉਨ੍ਹਾਂ ਦਾ ਆਪਸੀ ਪਿਆਰ ਬਣਿਆ ਹੋਇਆ ਹੈ। ਉਨ੍ਹਾਂ ਦੇ ਪਰਿਵਾਰਕ ਜੀਵਨ ਵਿਚਲਾ ਸਹਿਜ ਉਸ ਵੇਲੇ ਭੰਗ ਹੁੰਦਾ ਹੈ ਜਦੋਂ ਪਰਿਵਾਰ ਨਾਲ ਨੇੜਤਾ ਰੱਖਣ ਵਾਲਾ ਮਿਸਟਰ ਮਾਰਸ਼ਲ ਆਪਣੇ ਮਰਨ ਤੋਂ ਪਹਿਲਾਂ ਆਪਣੀ ਵੱਡੀ ਜਾਇਦਾਦ ਦੀ ਵਸੀਅਤ ਉਨ੍ਹਾਂ ਦੇ ਛੋਟੇ ਪੁੱਤਰ ਜੀਨ ਦੇ ਨਾਂ ਕਰ ਜਾਂਦਾ ਹੈ। ਇੱਕ ਵਾਰ ਤਾਂ ਸਾਰਾ ਹੀ ਪਰਿਵਾਰ ਅਣਕਿਆਸੇ ਤੌਰ ’ਤੇ ਅਮੀਰ ਬਣਨ ਦੀ ਮਿਲੀ ਖ਼ਬਰ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਾ ਹੈ, ਪਰ ਛੇਤੀ ਹੀ ਵੱਡਾ ਪੁੱਤਰ ਪੀਅਰੇ ਇਸ ਖ਼ਬਰ ਨੂੰ ਹੋਰ ਨੁਕਤੇ ਤੋਂ ਵਿਚਾਰਨ ਲੱਗਦਾ ਹੈ। ਉਸ ਲਈ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਦੋਸਤ ਮਾਰਸ਼ਲ ਨੇ ਆਪਣੀ ਵਸੀਅਤ ਦੋਵਾਂ ਭਰਾਵਾਂ ਦੇ ਨਾਂ ਕਰਨ ਦੀ ਬਜਾਏ ਇਕੱਲੇ ਜੀਨ ਦੇ ਨਾਂ ਹੀ ਕਿਉਂ ਕੀਤੀ ਹੈ? ਇਹ ਸੋਚ ਪੀਅਰੇ ਦੇ ਅੰਦਰ ਆਪਣੇ ਛੋਟੇ ਭਰਾ ਪ੍ਰਤੀ ਸੂਖ਼ਮ ਈਰਖਾ ਦੇ ਭਾਵ ਵੀ ਪੈਦਾ ਕਰਦੀ ਹੈ। ਘੱਟ ਦੂਰ-ਅੰਦੇਸ਼ ਮਿਸਟਰ ਰੌਲੈਂਡ ਇਸ ਵਿਸ਼ੇ ਦੀ ਗਹਿਰਾਈ ਨੂੰ ਸਮਝਣ ਵਿੱਚ ਜਾਣ ਤੋਂ ਅਸਮਰੱਥ ਹੈ ਤੇ ਸਹਿਜ ਸੁਖਾਲੀ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਣ ਵਾਲਾ ਜੀਨ ਵੀ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ। ਬੀਅਰ ਬਾਰ ਵਾਲੀ ਵੇਟਰ ਕੁੜੀ ਵੱਲੋਂ ਦੋਵਾਂ ਭਰਾਵਾਂ ਦੀਆਂ ਸ਼ਕਲਾਂ ਵਿੱਚ ਵੱਡਾ ਵਖਰੇਵਾਂ ਹੋਣ ਬਾਰੇ ਕੀਤੀ ਟਿੱਪਣੀ ਨਾਲ ਪੀਅਰੇ ਅੰਦਰਲੀ ਮਾਨਸਿਕ ਬੇਚੈਨੀ ਆਪਣੀ ਸਿਖਰ ’ਤੇ ਪਹੁੰਚ ਜਾਂਦੀ ਹੈ। ਮਾਂ ਪੁੱਤਰ ਦੇ ਰਿਸ਼ਤੇ ਦੀ ਮਰਿਆਦਾ ਲੰਘ ਕੇ ਉਸ ਵੱਲੋਂ ਆਪਣੀ ਮਾਂ ਤੇ ਮਾਰਸ਼ਲ ਵਿਚਕਾਰ ਰਹੇ ਸੰਭਾਵਿਤ ਜਿਨਸੀ ਸਬੰਧਾਂ ਦੇ ਸਬੂਤ ਲੱਭਣ ਦੀ ਗੱਲ ਪਾਠਕਾਂ ਨੂੰ ਥੋੜ੍ਹਾ ਅਸਹਿਜ ਤੇ ਅਚੰਭਿਤ ਤਾਂ ਕਰਦੀ ਹੈ, ਪਰ ਅਸੰਭਵ ਨਹੀਂ ਜਾਪਦੀ।
ਇਹ ਨਾਵਲ ਇਸ ਸਾਰੀ ਸਥਿਤੀ ਨੂੰ ਲੈ ਕੇ ਪੀਅਰੇ ਅੰਦਰ ਪੈਦਾ ਹੋਣ ਵਾਲੇ ਅੰਤਰ-ਦਵੰਦ ਦੀ ਮਨੋ-ਸਪਰਸ਼ੀ ਪੇਸ਼ਕਾਰੀ ਕਰਦਾ ਹੈ ਜੋ ਆਪਣੀ ਮਿਸਾਲ ਆਪ ਹੀ ਹੈ। ਇੱਕ ਪਾਸੇ ਭਰਾ ਪ੍ਰਤੀ ਪੈਦਾ ਹੋਈ ਸੂਖ਼ਮ ਈਰਖਾ ਉਸ ਨੂੰ ਕੌੜੀਆਂ-ਕੁਸੈਲੀਆਂ ਟਿੱਪਣੀਆਂ ਕਰਨ ਲਈ ਉਕਸਾਉਂਦੀ ਹੈ ਤਾਂ ਦੂਜੇ ਪਾਸੇ ਉਸ ਦੇ ਦਿਲ ਦੇ ਨਰਮ ਕੋਨੇ ਵਿੱਚ ਉਸ ਪ੍ਰਤੀ ਪਿਆਰ ਦੀ ਭਾਵਨਾ ਵੀ ਮੌਜੂਦ ਹੈ। ਇਸੇ ਤਰ੍ਹਾਂ ਇੱਕੋ ਸਮੇਂ ਉਹ ਆਪਣੀ ਮਾਂ ਨੂੰ ਪਿਆਰ ਵੀ ਕਰਦਾ ਹੈ ਤੇ ਨਫ਼ਰਤ ਵੀ। ਇਹ ਦੋਵੇਂ ਤਰ੍ਹਾਂ ਦੀਆਂ ਪ੍ਰਵਿਰਤੀਆਂ ਸਮੇਂ ਸਮੇਂ ’ਤੇ ਉਸ ਦੇ ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ। ਆਪਣੇ ਭਰਾ ਕੋਲ ਆਪਣੀ ਮਾਂ ਤੇ ਮਾਰਸ਼ਲ ਦੇ ਸਬੰਧਾਂ ਦਾ ਸੱਚ ਉਜਾਗਰ ਕਰਨ ’ਤੇ ਉਸ ਨੂੰ ਮਾਨਸਿਕ ਰਾਹਤ ਵੀ ਮਿਲਦੀ ਹੈ ਤੇ ਅਜਿਹਾ ਕਰਨ ਦਾ ਪਛਤਾਵਾ ਵੀ ਹੁੰਦਾ ਹੈ। ਅੰਤ ਉਹ ਇਸ ਉਲਝਣ ਵਿੱਚੋਂ ਨਿਕਲਣ ਲਈ ਘਰ ਪਰਿਵਾਰ ਤੋਂ ਦੂਰ ਰਹਿਣ ਦਾ ਫ਼ੈਸਲਾ ਕਰਦਾ ਹੈ। ਆਪਣੀ ਇੱਛਾ ਦੇ ਉਲਟ ਸਮੁੰਦਰੀ ਜਹਾਜ਼ ਦੇ ਡਾਕਟਰ ਦੀ ਨੌਕਰੀ ਸਵੀਕਾਰ ਕਰਨ ਪਿੱਛੇ ਉਸ ਦੀ ਨਾਰਾਜ਼ਗੀ ਤੇ ਤਿਆਗ ਦੋਵਾਂ ਤਰ੍ਹਾਂ ਦੀਆਂ ਭਾਵਨਾਵਾਂ ਕੰਮ ਕਰਦੀਆਂ ਹਨ। ਮਿਸਿਜ਼ ਲੂਈ ਅੰਦਰਲੀ ਮਾਨਸਿਕ ਉਧੇੜ-ਬੁਣ ਵੀ ਪੁੱਤਰ ਪ੍ਰਤੀ ਨਾਰਾਜ਼ਗੀ ਤੇ ਮਾਂ ਦੀ ਮਮਤਾ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਪਰਤਦੀ ਹੈ, ਪਰ ਕੁੱਲ ਮਿਲਾ ਕੇ ਮਾਂ ਦੀ ਮਮਤਾ ਉਸ ਦੀ ਨਾਰਾਜ਼ਗੀ ’ਤੇ ਭਾਰੂ ਰਹਿੰਦੀ ਹੈ।
ਨਾਵਲ ਦੇ ਪਾਠ ਦੌਰਾਨ ਪਾਠਕਾਂ ਅੰਦਰ ਵੀ ਇਹ ਦਵੰਦ ਚਲਦਾ ਹੈ ਕਿ ਉਹ ਵੀ ਇਨ੍ਹਾਂ ਪਾਤਰਾਂ ਵਿੱਚੋਂ ਕਿਸ ਨੂੰ ਠੀਕ ਤੇ ਕਿਸ ਨੂੰ ਗਲਤ ਠਹਿਰਾਵੇ। ਜਦੋਂ ਪਾਠਕ ਮਿਸਟਰ ਰੌਲੈਂਡ ਤੇ ਮਿਸਿਜ ਲੂਈ ਦੇ ਸੁਭਾਵਾਂ ਦਾ ਤੁਲਨਾਤਮਕ ਮੁਕਾਬਲਾ ਕਰਦਾ ਹੈ ਤਾਂ ਉਸ ਨੂੰ ਲੂਈ ਦੇ ਮੁਕਾਬਲੇ ਮਿਸਟਰ ਰੌਲੈਂਡ ਬਹੁਤ ਸਾਧਾਰਨ, ਹੰਕਾਰੀ, ਭਾਵਨਾਵਾਂ ਰਹਿਤ ਅਤੇ ਛੋਟਾ ਮਨੁੱਖ ਲੱਗਦਾ ਹੈ। ਅੰਤ ਇਹ ਮੁਕਾਬਲਾ ਪਾਠਕ ਨੂੰ ਸਾਰੀ ਸਮੱਸਿਆ ਦੀ ਮੂਲ ਜੜ੍ਹ ਤੱਕ ਲੈ ਜਾਂਦਾ ਹੈ। ਪਰਿਵਾਰਕ ਸ਼ਾਂਤੀ ਤੇ ਮਰਿਆਦਾ ਬਣਾਈ ਰੱਖਣ ਲਈ ਲੂਈ ਮਾਰਸ਼ਲ ਨਾਲ ਰਹੇ ਆਪਣੇ ਸਬੰਧਾਂ ਨੂੰ ਛੁਪਾ ਕੇ ਰੱਖਦੀ ਹੈ, ਪਰ ਉਸ ਅੰਦਰ ਇਹ ਸਬੰਧ ਰੱਖਣ ਬਾਰੇ ਕੋਈ ਪਛਤਾਵਾ ਨਹੀਂ ਹੈ।
ਨਾਵਲ ਦੇ ਪਾਠ ਵਿੱਚੋਂ ਉੱਭਰਦਾ ਇੱਕ ਮਹੱਤਵਪੂਰਨ ਮਨੋ-ਵਿਗਿਆਨਕ ਨੁਕਤਾ ਇਹ ਵੀ ਹੈ ਕਿ ਬਚਪਨ ਤੋਂ ਲੈ ਕੇ ਜੁਆਨੀ ਤੱਕ ਸਹਿਜ, ਸੁਖਾਲੀ ਤੇ ਚੁਣੌਤੀ ਰਹਿਤ ਜ਼ਿੰਦਗੀ ਜਿਉਣ ਵਾਲੇ ਮਨੁੱਖ ਅਕਸਰ ਡਾਵਾਂਡੋਲ ਮਾਨਸਿਕਤਾ ਵਾਲੇ ਹੀ ਸਾਬਿਤ ਹੁੰਦੇ ਹਨ। ਜਦੋਂ ਜੀਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਸ ਦਾ ਅਸਲ ਪਿਤਾ ਮਿਸਟਰ ਰੌਲੈਂਡ ਨਹੀਂ ਸਗੋਂ ਮਿਸਟਰ ਮਾਰਸ਼ਲ ਹੈ ਤਾਂ ਦਵੰਦਮਈ ਸਥਿਤੀਆਂ ਉਸ ਲਈ ਪੈਦਾ ਹੋ ਜਾਂਦੀਆਂ ਹਨ। ਉਸ ਦਾ ਦਵੰਦ ਆਪਣੇ ਭਰਾ ਪੀਅਰੇ ਦੇ ਦਵੰਦ ਵਾਂਗ ਡੂੰਘਾ ਤੇ ਚਿਰ ਸਥਾਈ ਹੋਂਦ ਰੱਖਣ ਵਾਲਾ ਨਹੀਂ ਹੈ। ਇੱਕ ਵਾਰ ਤਾਂ ਉਹ ਆਪਣੀ ਮਾਂ ਨੂੰ ਬਦਨਾਮੀ ਤੋਂ ਬਚਾਉਣ ਲਈ ਮਿਸਟਰ ਮਾਰਸ਼ਲ ਵੱਲੋਂ ਮਿਲਣ ਵਾਲੀ ਜਾਇਦਾਦ ਨੂੰ ਠੁਕਰਾਉਣ ਦਾ ਇਰਾਦਾ ਵੀ ਬਣਾ ਲੈਂਦਾ ਹੈ, ਪਰ ਦੂਸਰੇ ਹੀ ਪਲ ਅਮੀਰ ਬਣੇ ਰਹਿਣ ਦੀ ਲਾਲਸਾ ਉਸ ਦੀਆਂ ਸੋਚਾਂ ’ਤੇ ਹਾਵੀ ਹੋ ਜਾਂਦੀ ਹੈ। ਨਾਵਲ ਅਨੁਸਾਰ ਅਜਿਹੇ ਲੋਕਾਂ ਨੂੰ ਨਾ ਤਾਂ ਆਪਣੀ ਸਿਰਜਣ ਯੋਗਤਾ ’ਤੇ ਭਰੋਸਾ ਹੁੰਦਾ ਹੈ ਤੇ ਨਾ ਦੂਜਿਆਂ ਵੱਲੋਂ ਮਿਲਣ ਵਾਲੇ ਸਹਿਯੋਗ ’ਤੇ। ਜੀਨ ਅੰਦਰ ਇਹ ਸ਼ੰਕਾ ਵੀ ਹੈ ਕਿ ਜੇ ਉਸ ਨੇ ਮਾਰਸ਼ਲ ਵੱਲੋਂ ਮਿਲਣ ਵਾਲੀ ਜਾਇਦਾਦ ’ਤੇ ਆਪਣਾ ਦਾਅਵਾ ਛੱਡ ਦਿੱਤਾ ਤਾਂ ਉਸ ਦੀ ਮੰਗੇਤਰ ਰੋਜ਼ਮਿਲੀ ਵੀ ਉਸ ਦਾ ਸਾਥ ਛੱਡ ਸਕਦੀ ਹੈ। ਉਹ ਮਿਸਟਰ ਰੌਲੈਂਡ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਨਾ ਲੈਣ ਦਾ ਫ਼ੈਸਲਾ ਵੀ ਅੱਧੇ-ਅਧੂਰੇ ਮਨ ਨਾਲ ਹੀ ਕਰਦਾ ਹੈ। ਦੂਜੇ ਪਾਸੇ ਉਸ ਦਾ ਭਰਾ ਪੀਅਰੇ ਸਾਰੀ ਜਾਇਦਾਦ ਦਾ ਮੋਹ ਛੱਡ ਕੇ ਆਪਣੇ ਦਮ ’ਤੇ ਆਪਣੀ ਪਛਾਣ ਬਣਾਉਣ ਦਾ ਇਰਾਦਾ ਬਣਾ ਕੇ ਹੀ ਆਪਣਾ ਘਰ ਤਿਆਗਦਾ ਹੈ।
ਨਾਵਲ ਵਿੱਚ ਕਹਾਣੀ ਰਸ ਕਮਾਲ ਦਾ ਹੈ। ਨਾਵਲ ਵਿੱਚ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰਦੀਆਂ ਹਨ ਕਿ ਪਾਠਕ ਨੂੰ ਸੁਸਤਾਉਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਉਹ ਅੱਗੇ ਜਾਣਨ ਲਈ ਲਗਾਤਾਰ ਉਤਸੁਕ ਰਹਿੰਦਾ ਹੈ। ਇਸ ਨਾਵਲ ਵਿੱਚ ਪਾਤਰਾਂ ਦਾ ਬਹੁਤਾ ਖਿਲਾਰਾ ਹੀ ਨਹੀਂ ਹੈ। ਨਾਵਲਕਾਰ ਨੇ ਗਿਣਤੀ ਦੇ ਪਾਤਰਾਂ ਅੰਦਰਲੀ ਮਾਨਸਿਕ ਉਧੇੜ-ਬੁਣ ਨੂੰ ਹੀ ਇੰਨੀ ਸਜੀਵਤਾ ਨਾਲ ਚਿਤਰਿਆ ਹੈ ਕਿ ਪਾਠਕ ਇਕਾਗਰ ਹੋ ਕੇ ਨਿਰੰਤਰ ਇਸ ਨਾਲ ਜੁੜੇ ਰਹਿਣ। ਲਵਪ੍ਰੀਤ ਸਿੰਘ ਮਾਨ ਵੱਲੋਂ ਇਸ ਨਾਵਲ ਦਾ ਕੀਤਾ ਪੰਜਾਬੀ ਅਨੁਵਾਦ ਬਹੁਤ ਹੀ ਸੁਚੱਜਾ ਹੈ। ਨਾਵਲ ਪੜ੍ਹਦਿਆਂ ਅਜਿਹਾ ਲੱਗਦਾ ਹੀ ਨਹੀਂ ਕਿ ਇਸ ਵਿਚਲੇ ਪਾਤਰ ਪੱਛਮੀ ਮੁਲਕ ਫਰਾਂਸ ਨਾਲ ਸਬੰਧ ਰੱਖਦੇ ਹਨ ਸਗੋਂ ਪਾਠਕਾਂ ਨੂੰ ਇਹ ਜਾਪਦਾ ਹੈ ਕਿ ਇਹ ਪਾਤਰ ਤਾਂ ਉਨ੍ਹਾਂ ਦੇ ਜਾਣੇ-ਪਛਾਣੇ ਤੇ ਉਨ੍ਹਾਂ ਦੇ ਹੀ ਸਮਾਜਿਕ ਚੌਗਿਰਦੇ ਨਾਲ ਸਬੰਧਿਤ ਹਨ। ਨਾਵਲ ਵਿਚਲੇ ਪਾਤਰਾਂ ਦਾ ਆਪਸੀ ਵਾਰਤਾਲਾਪ ਸਮੇਂ ਤੇ ਸਥਿਤੀਆਂ ਅਨੁਸਾਰ ਉਨ੍ਹਾਂ ਦੀ ਬਦਲਦੀ ਮਨੋ-ਅਵਸਥਾ ਦੀ ਤਰਜ਼ਮਾਨੀ ਵੀ ਕਰਦਾ ਹੈ ਤੇ ਆਪਣੇ ਅੰਦਰਲੀ ਦਾਰਸ਼ਿਨਕਤਾ ਨੂੰ ਉਘਾੜਦਾ ਹੈ।
ਸੰਪਰਕ: 89682-82700

Advertisement

Advertisement
Advertisement
Author Image

joginder kumar

View all posts

Advertisement