For the best experience, open
https://m.punjabitribuneonline.com
on your mobile browser.
Advertisement

ਕਹਾਣੀ ਕਹਿਣ ਦੀ ਨਵੀਂ ਜੁਗਤ ‘ਤਾਏ ਕੇ: ਚੋਰ ਉਚੱਕੇ ਨਹੀਂ’

11:42 AM Jul 26, 2023 IST
ਕਹਾਣੀ ਕਹਿਣ ਦੀ ਨਵੀਂ ਜੁਗਤ ‘ਤਾਏ ਕੇ  ਚੋਰ ਉਚੱਕੇ ਨਹੀਂ’
Advertisement

ਕਹਾਣੀ ਸਮੀਖਿਆ

Advertisement

ਜਗਦੇਵ ਸਿੰਘ ਸਿੱਧੂ

‘ਤੋਹਫ਼ਾ’ ਸੁਰਿੰਦਰ ਗੀਤ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਨੇ ਸਾਹਿਤਕ ਹਲਕਿਆਂ ਅੰਦਰ ਜ਼ਿਕਰਯੋਗ ਚਰਚਾ ਛੇੜੀ ਹੈ। ਉੱਘੇ ਲੇਖਕ, ਆਲੋਚਕ, ਪੱਤਰਕਾਰ ਅਤੇ ਵਿਦਿਆਰਥੀ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਬਾਰੇ ਆਪੋ-ਆਪਣੀ ਸਮਝ ਅਨੁਸਾਰ ਆਲੋਚਨਾ, ਸਮੀਖਿਆ ਅਤੇ ਮੁੱਲਾਂਕਣ ਕਰ ਰਹੇ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ, ਤਕਨੀਕ ਅਤੇ ਕਥਾ-ਜੁਗਤ ਨੂੰ ਕਈ ਪੱਖਾਂ ਤੋਂ ਵਾਚਿਆ ਜਾ ਰਿਹਾ ਹੈ। ਅਜਿਹਾ ਹੁੰਗਾਰਾ ਕਿਸੇ ਸੰਗ੍ਰਹਿ ਲਈ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ।
ਇਸ ਸੰਗ੍ਰਹਿ ਵਿਚਲੀ ਕਹਾਣੀ ‘ਤਾਏ ਕੇ ਚੋਰ ਉਚੱਕੇ ਨਹੀਂ’ ਬਾਰੇ ਜੋ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਹ ਇਸ ਕਹਾਣੀ ਨਾਲ ਪੂਰਾ ਤੇ ਸਹੀ ਇਨਸਾਫ਼ ਨਹੀਂ ਕਰਦੀਆਂ ਜਾਪਦੀਆਂ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਜਿਹੇ ਆਲੋਚਕਾਂ ਨੂੰ ਕੈਨੇਡਾ ਦੇ ਉਨ੍ਹਾਂ ਮੂਲ ਨਿਵਾਸੀਆਂ ਦੇ ਪਿਛੋਕੜ, ਉਨ੍ਹਾਂ ਦੇ ਹਾਲਾਤ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਾਰੇ ਪੂਰਾ ਗਿਆਨ ਨਹੀਂ ਜਾਂ ਫਿਰ ਓਨਾ ਕੁ ਹੀ ਪਤਾ ਹੈ ਜੋ ਇਨ੍ਹਾਂ ਲੋਕਾਂ ਬਾਰੇ ਬਨਿਾਂ ਸਹੀ ਜਾਣਕਾਰੀ ਤੋਂ ਆਮ ਧਾਰਨਾ ਬਣਾਈ ਜਾਂਦੀ ਜਾਂ ਬਣਾਈ ਗਈ ਹੈ। ਉਦਾਹਰਨ ਵਜੋਂ ਜਿਵੇਂ ਕਿ ਇਸ ਕਹਾਣੀ ਦੇ ਸਿਰਲੇਖ ਤੋਂ ਅਨੁਮਾਨ ਲੱਗਦਾ ਹੈ ਕਿ (ੳ) ਇਨ੍ਹਾਂ ਨੂੰ ‘ਤਾਏ ਕੇ’ ਕਿਹਾ ਜਾਂਦਾ ਹੈ ਜੋ ਨਿਆਂ-ਯੁਕਤ ਨਹੀਂ, (ਅ) ਇਨ੍ਹਾਂ ਨੂੰ ਚੋਰ ਉਚੱਕੇ ਮੰਨਿਆ ਜਾਂਦਾ ਹੈ ਜੋ ਇਨ੍ਹਾਂ ਨਾਲ ਸਰਾਸਰ ਨਾਇਨਸਾਫ਼ੀ ਹੈ। ਇਸ ਸਿਰਲੇਖ ਵਿੱਚ ਆਮ ਲੋਕਾਂ ਦੀ ਧਾਰਨਾ ਅਤੇ ਉਸ ਦਾ ਖੰਡਨ ਸਮਾਇਆ ਹੋਇਆ ਹੈ। ਇਸ ਕਹਾਣੀ ਦਾ ਸਹੀ ਮੁੱਲਾਂਕਣ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਹਾਣੀ ਅੰਦਰ ਬਿਆਨੀਆਂ ਗਈਆਂ ਪ੍ਰਸਥਿਤੀਆਂ, ਘਟਨਾਵਾਂ, ਵਾਰਤਾਵਾਂ ਅਤੇ ਹੋਰ ਸਰੋਕਾਰਾਂ ਦੇ ਪਿਛੋਕੜ ਨੂੰ ਜਾਣਿਆ ਤੇ ਸਮਝਿਆ ਜਾਵੇ, ਤਾਂ ਹੀ ਕਹਾਣੀ ਨਾਲ ਨਿਆਂ ਹੋ ਸਕੇਗਾ, ਤਾਂ ਹੀ ਇਸ ਕਹਾਣੀ ਦਾ ਮਨੋਰਥ ਸਪੱਸ਼ਟ ਹੋ ਸਕੇਗਾ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਇਸ ਕਹਾਣੀ ਦੀ ਸਹੀ ਥਾਂ ਨਿਰਧਾਰਤ ਕੀਤੀ ਜਾ ਸਕੇਗੀ।
ਇਸ ਕਹਾਣੀ ਦਾ ਪਲਾਟ ਸਿਰਫ਼ ਇੱਕੋ ਜਗ੍ਹਾ ਕੈਲਗਰੀ ਸਿਟੀ ਹਾਲ ਤੱਕ ਸੀਮਿਤ ਰਹਿੰਦਾ ਹੈ। ਸਿਟੀ ਹਾਲ ਦੀ ਇਮਾਰਤ ਅਤੇ ਲਵੇ-ਲੌਣੇ ਦਾ ਨਕਸ਼ਾ ਕਹਾਣੀ ਦੀ ਲੋੜ ਮੁਤਾਬਕ ਢੁੱਕਵਾਂ ਪੇਸ਼ ਕੀਤਾ ਹੈ। ਕਹਾਣੀਕਾਰਾ ਨੇ ਜੋ ਅੱਖੀਂ ਵੇਖਿਆ, ਉਸ ਨੂੰ ਸਚਾਈ ਨਾਲ ਬਿਆਨ ਕੀਤਾ ਹੈ, ਬਸ ਥੋੜ੍ਹੀ ਬਹੁਤ ਕਲਪਨਾ ਕਹਾਣੀ ਉਸਾਰਨ ਲਈ ਕੀਤੀ ਗਈ ਜਾਪਦੀ ਹੈ। ਲੱਗਦਾ ਹੈ ਸੁਰਿੰਦਰ ਗੀਤ ਨੇ ਦਫ਼ਤਰ ਆਉਂਦੀ-ਜਾਂਦੀ ਨੇ ਬਣੀ ਬਣਾਈ ਕਹਾਣੀ ਚੁੱਕ ਲਈ। ਅਜਿਹਾ ਤਾਂ ਕਰ ਸਕੀ ਕਿਉਂਕਿ ਉਸ ਵਿੱਚ ਕਾਵਿ-ਸੰਵੇਦਨਾ ਦੀ ਘਾਟ ਨਹੀਂ।
ਕਹਾਣੀ ਦਾ ਮੁੱਖ ਪਾਤਰ ਮਾਈਕਲ ਫੌਂਟੇਨ ਹੈ ਜੋ ਵੱਡੀ ਉਮਰ ਦਾ ਹੈ, ਬੇ-ਘਰ ਹੈ, ਕੋਈ ਕੰਮ ਨਹੀਂ ਕਰਦਾ, ਅਪੰਗ ਵੀ ਹੈ, ਲੰਗੜਾ ਕੇ ਸੋਟੀ ਦੇ ਸਹਾਰੇ ਤੁਰਦਾ ਹੈ। ਨਾ ਲੇਖਿਕਾ ਨੂੰ ਪਤਾ ਹੈ, ਨਾ ਕਿਸੇ ਹੋਰ ਨੂੰ ਕਿ ਇਨ੍ਹਾਂ ਨੂੰ ਤਾਏ ਕੇ ਕਿਉਂ ਕਿਹਾ ਜਾਂਦਾ ਹੈ। ਮੈਨੀਟੋਬਾ ਵਿੱਚ ਇਨ੍ਹਾਂ ਨੂੰ ਰੈੱਡ ਇੰਡੀਅਨ ਦੀ ਬਜਾਏ ਲਾਲ ਭਾਰਤੀ ਕਿਹਾ ਜਾਂਦਾ ਹੈ ਤਾਂ ਜੋ ਇਹ ਲੋਕ ਸਮਝ ਨਾ ਸਕਣ ਅਸੀਂ ਕਿਸ ਦੀ ਗੱਲ ਕਰਦੇ ਹਾਂ। ਜਨਿ੍ਹਾਂ ਨੂੰ ਤਾਏ ਕੇ ਜਾਂ ਲਾਲ ਭਾਰਤੀ ਕਹਿੰਦੇ ਹਾਂ, ਇਹ ਲੋਕ ਉੱਤਰੀ ਅਮਰੀਕਾ ਦੀ ਧਰਤੀ ਦੇ ਅਸਲ ਮਾਲਕ ਅਤੇ ਪੁਰਾਤਨ ਕਾਲ ਤੋਂ ਵਾਸੀ ਹਨ, ਜਿਹਾ ਕਿ ਕਹਾਣੀ ਵਿੱਚ ਦੱਸਿਆ ਗਿਆ ਹੈ। ਇਹ ਲੋਕ ਕੁਦਰਤ ਨੂੰ ਪਿਆਰ ਕਰਦੇ ਹਨ, ਚੰਗੀਆਂ ਸਮਾਜਿਕ ਕਦਰਾਂ-ਕੀਮਤਾਂ ਦੇ ਧਾਰਨੀ ਹਨ। ਇਨ੍ਹਾਂ ਦਾ ਵਧੀਆ ਸੱਭਿਆਚਾਰ ਹੈ, ਇਨ੍ਹਾਂ ਦੀਆਂ ਆਪਣੀਆਂ ਬੋਲੀਆਂ ਹਨ, ਇਨ੍ਹਾਂ ਦੇ ਆਪਣੇ ਗੀਤ, ਨਾਚ ਅਤੇ ਆਪਣੀਆਂ ਕਹਾਣੀਆਂ ਹਨ। ਜਦੋਂ 1534 ਈ. ਤੋਂ ਯੂਰਪ ਤੋਂ ਆਬਾਦਕਾਰ ਇੱਥੇ ਆਉਣੇ ਸ਼ੁਰੂ ਹੋਏ ਤਾਂ ਉਹ ਇੱਥੋਂ ਦੇ ਜਾਨਵਰਾਂ, ਖਾਸ ਕਰ ਕੇ ਬੀਵਰ ਦੀ ਜੱਤ, ਜੰਗਲੀ ਮੱਝਾਂ ਦੀਆਂ ਖੱਲਾਂ ਅਤੇ ਹੱਡੀਆਂ ਲਿਜਾ ਕੇ ਮਹਿੰਗੀਆਂ ਵੇਚ ਕੇ ਮੁਨਾਫ਼ਾ ਕਮਾਉਂਦੇ ਰਹੇ। ਸਿੱਟੇ ਵਜੋਂ ਇਨ੍ਹਾਂ ਲੋਕਾਂ ਦੇ ਜੀਵਨ-ਨਿਰਬਾਹ ਵਾਲੇ ਦੋਵੇਂ ਜਾਨਵਰ ਖ਼ਤਮ ਹੋ ਗਏ ਤਾਂ ਇਹ ਭੁੱਖਮਰੀ ਦਾ ਸ਼ਿਕਾਰ ਹੋਣ ਲੱਗੇ। ਯੂਰਪੀ ਵਪਾਰੀਆਂ ਨੇ ਸ਼ਰਾਬ ਲਿਆਂਦੀ ਜੋ ਇਨ੍ਹਾਂ ਨੇ ਕਦੇ ਵੇਖੀ ਵੀ ਨਹੀਂ ਸੀ। ਉਸ ਦੀ ਅੰਨ੍ਹੀਂ ਵਰਤੋਂ ਕਰਨ ਸਦਕਾ ਘਰਾਂ ਵਿੱਚ ਕਲੇਸ਼ ਪੈ ਗਏ। ਵਪਾਰੀ ਆਪਣੇ ਨਾਲ ਚੇਚਕ, ਮਿਆਦੀ ਬੁਖਾਰ ਤੇ ਤਪਦਿਕ ਵਰਗੀਆਂ ਨਾ-ਮੁਰਾਦ ਬਿਮਾਰੀਆਂ ਲੈ ਕੇ ਆਏ ਜਨਿ੍ਹਾਂ ਕਾਰਨ ਪਿੰਡਾਂ ਦੇ ਪਿੰਡ ਉੱਜੜ ਗਏ। ਗੋਰੇ ਆਬਾਦਕਾਰਾਂ ਨੇ ਇਨ੍ਹਾਂ ਨਾਲ ਚਲਾਕੀ ਤੇ ਮੱਕਾਰੀ ਵਰਤ ਕੇ ਅਖੌਤੀ ਸੰਧੀਆਂ ਕਰ ਕੇ ਸਾਰੀ ਧਰਤੀ ਹਥਿਆ ਲਈ, ਸਿਰਫ਼ ਕੁੱਝ ਬੰਜਰ, ਕੰਕਰੀਲੇ ਤੇ ਪਥਰੀਲੇ ਖਿੱਤੇ ਇਨ੍ਹਾਂ ਨੂੰ ਦੇ ਦਿੱਤੇ ਜਨਿ੍ਹਾਂ ਨੂੰ ‘ਰਿਜ਼ਰਵ’ ਕਹਿੰਦੇ ਹਨ। ਰਹਿੰਦੀ ਕਸਰ ਰਿਹਾਇਸ਼ੀ ਸਕੂਲਾਂ ਨੇ ਕੱਢ ਦਿੱਤੀ ਜਿੱਥੇ ਛੇ ਸਾਲ ਦੇ ਬੱਚਿਆਂ ਨੂੰ ਮਾਪਿਆਂ ਤੋਂ ਖੋਹ ਕੇ ਇਨ੍ਹਾਂ ਚਰਚ ਵਾਲੇ ਸਕੂਲਾਂ ਵਿੱਚ ਲਿਜਾਇਆ ਜਾਂਦਾ ਸੀ। ਉੱਥੇ ਉਨ੍ਹਾਂ ਨੂੰ ਮਾਂ-ਬੋਲੀ ਬੋਲਣ ਦੀ ਸਖ਼ਤ ਮਨਾਹੀ ਸੀ। ਉਨ੍ਹਾਂ ਨੂੰ ਈਸਾਈ ਬਣਾਇਆ ਜਾਂਦਾ ਸੀ। ਨਾ ਰੱਜਵੀਂ ਖ਼ੁਰਾਕ ਦਿੱਤੀ ਜਾਂਦੀ ਸੀ ਨਾ ਬਿਮਾਰ ਹੋਣ ’ਤੇ ਇਲਾਜ ਕੀਤਾ ਜਾਂਦਾ ਸੀ। ਕੁੱਟ-ਮਾਰ ਅਤੇ ਜਨਿਸੀ ਸ਼ੋਸ਼ਣ ਵਾਧੂ ਸੀ। ਮਰੇ ਜਾਂ ਅਧ-ਮਰਿਆਂ ਨੂੰ ਕਬਰਾਂ ਵਿੱਚ ਦਬਾ ਦਿੱਤਾ ਜਾਂਦਾ ਸੀ। ਇਨ੍ਹਾਂ ਚਰਚ-ਸਕੂਲਾਂ ਕੋਲ ਹਜ਼ਾਰਾਂ ਕਬਰਾਂ ਮਿਲੀਆਂ ਹਨ। ਸ਼ਰਾਬ ਅਤੇ ਰਿਹਾਇਸ਼ੀ ਸਕੂਲਾਂ ਨੇ ਮੂਲਨਿਵਾਸੀਆਂ ਦਾ ਘਰੇਲੂ, ਪਰਿਵਾਰਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਤਬਾਹ ਕਰ ਕੇ ਰੱਖ ਦਿੱਤਾ। ਸ਼ਰਾਬ, ਕਲੇਸ਼, ਘਰੇਲੂ ਝਗੜਿਆਂ ਅਤੇ ਰਿਹਾਇਸ਼ੀ ਸਕੂਲਾਂ ਦੇ ਵਤੀਰੇ ਨੇ ਬੱਚਿਆਂ ਨੂੰ ਕੁਰਾਹੇ ਪਾ ਦਿੱਤਾ। ਮੁੰਡੇ ਕੁੜੀਆਂ ਘਰੋਂ ਭੱਜ ਕੇ ਨਸ਼ਾ ਤਸਕਰਾਂ ਅਤੇ ਗੁੰਡੇ ਅਨਸਰਾਂ ਦੇ ਧੱਕੇ ਚੜ੍ਹ ਜਾਂਦੇ ਜਿੱਥੇ ਉਨ੍ਹਾਂ ਦਾ ਜਨਿਸੀ ਸ਼ੋਸ਼ਣ ਕੀਤਾ ਜਾਂਦਾ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਨ੍ਹਾਂ ਦੀਆਂ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਗੁੰਮਸ਼ੁਦਾ ਹਨ ਜਨਿ੍ਹਾਂ ਨੂੰ ਗੋਰੇ ਲੋਕਾਂ ਦੁਆਰਾ ਵਰਤਣ ਮਗਰੋਂ ਮਾਰ ਕੇ ਖਪਾ ਦਿੱਤਾ ਗਿਆ। ਪਰਿਵਾਰ ਖੇਰੂੰ-ਖੇਰੂੰ ਹੋ ਗਏ, ਮਾਂ ਕਿਤੇ, ਬਾਪ ਕਿਤੇ, ਭੈਣ ਕਿਤੇ, ਭਰਾ ਕਿਤੇ।
ਅਜਿਹੀ ਪਿੱਠਭੂਮੀ ਦੀ ਉਪਜ ਹੈ ਇਸ ਕਹਾਣੀ ਦਾ ਪਲਾਟ। ਮੁੱਖ ਪਾਤਰ ਮਾਈਕਲ ਰਿਹਾਇਸ਼ੀ ਸਕੂਲ ਦੇ ਦੁਰਵਿਹਾਰ ਦਾ ਸ਼ਿਕਾਰ ਵਿਅਕਤੀ ਹੈ। ਉਹ ਸਕੂਲ ਤੋਂ ਨਿਕਲਣ ਮਗਰੋਂ ਆਪਣੇ ਸੱਭਿਆਚਾਰ ਨਾਲੋਂ ਟੁੱਟ ਚੁੱਕਾ ਹੈ। ਉਸ ਦੀ ਭੈਣ ਰਿਹਾਇਸ਼ੀ ਸਕੂਲ ਤੋਂ ਬਾਹਰ ਆ ਕੇ ਪਤਾ ਨਹੀਂ ਕਿਹੜੇ ਹਾਲਤਾਂ ਵਿੱਚੋਂ ਗੁਜ਼ਰੀ ਹੋਵੇਗੀ। ਮਾਈਕਲ ਸਰੀਰਕ ਪੱਖੋਂ ਕੰਮ ਕਰਨ ਜੋਗਾ ਨਾ ਰਿਹਾ। ਉਸ ਦਾ ਕੋਈ ਘਰ ਪਰਿਵਾਰ ਨਾ ਰਿਹਾ। ਅਜਿਹੀ ਮੰਦਹਾਲੀ ਵਿੱਚ ਵੀ ਉਸ ਦਾ ਪਿਤਾ-ਪੁਰਖੀ ਵਿਰਸਾ ਉਸ ਅੰਦਰ ਜਿਉਂਦਾ ਹੈ ਜੋ ਜੀਵਨ ਦੀਆਂ ਸੱਚੀਆ-ਸੁੱਚੀਆਂ ਕਦਰਾਂ ਕੀਮਤਾਂ ਨੂੰ ਸਾਂਭੀ ਰੱਖਦਾ ਹੈ। ਉਸ ਨੂੰ ਉਮੀਦ ਹੈ ਕਿ ਉਸ ਤੋਂ ਵਿੱਛੜੀ ਉਸ ਦੀ ਭੈਣ ਉਸ ਨੂੰ ਕਿਤੇ ਤਾਂ ਮਿਲੇਗੀ। ਉਸੇ ਦੀ ਭਾਲ ਵਿੱਚ ਮਾਈਕਲ ਵਿੱਨੀਪੈੱਗ ਲਾਗੇ ਆਪਣੇ ਰਿਜ਼ਰਵ ਤੋਂ ਗ਼ਰੀਬੀ ਦੀ ਹਾਲਤ ਵਿੱਚ ਥਾਂ- ਥਾਂ ਭਟਕਦਾ ਅਲਬਰਟਾ ਦੇ ਕੈਲਗਰੀ ਸ਼ਹਿਰ ਵਿੱਚ ਆ ਜਾਂਦਾ ਹੈ। ਮਾਈਕਲ ਦਾ ਲੰਗੜਾ ਕੇ ਤੁਰਨਾ, ਉਸ ਦੇ ਜਿਸਮ ਉੱਪਰ ਪਈਆਂ ਸੱਟਾਂ ਦੇ ਨਿਸ਼ਾਨ, ਉਸ ਦੀ ਭੈਣ ਦਾ ਨਿੱਖੜਨਾ, ਮਾਂ ਦਾ ਕਤਲ, ਪਿਤਾ ਦਾ ਲਾ-ਪਤਾ ਹੋਣਾ ਸਭ ਰਿਹਾਇਸ਼ੀ ਸਕੂਲ ਦੀ ਦੇਣ ਹਨ। ਇਸ ਬਾਰੇ ਮਾਈਕਲ ਆਪਣੀ ਹੱਡਬੀਤੀ ਦੱਸਣ ਵੇਲੇ ਸਹੀ ਹਾਲਤ ਬਿਆਨ ਕਰ ਦਿੰਦਾ ਹੈ। ਇੱਥੇ ਕਹਾਣੀਕਾਰਾ ਨੇ ਇਸ਼ਾਰਾ ਮਾਤਰ ਹਜ਼ਾਰਾਂ ਗੁੰਮ ਹੋਈਆਂ ਤੇ ਕਤਲ ਹੋਈਆਂ ਨੇਟਿਵ ਕੁੜੀਆਂ ਅਤੇ ਔਰਤਾਂ ਬਾਰੇ ਬਣੇ ਪੜਤਾਲੀਆ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ, ਉਨ੍ਹਾਂ ਪ੍ਰਤੀ ਸਰਕਾਰ ਦੀ ਬੇ-ਰੁਖੀ ਅਤੇ ਲਾ-ਪਰਵਾਹੀ ਦਾ ਬਣਦਾ ਜ਼ਿਕਰ ਕੀਤਾ ਹੈ।
­ਮਾਈਕਲ ਲੇਖਿਕਾ ਦਾ ਡਿੱਗਿਆ ਦਸ ਡਾਲਰ ਦਾ ਨੋਟ ਮੋੜਨ ਲੱਗਿਆ ਕਹਿੰਦਾ ਹੈ, ‘‘ਕਿਸੇ ਦਨਿ ਬਰੇਕਫਾਸਟ ਖ਼ਰੀਦ ਦੇਣਾ ਜਿਸ ਦਨਿ ਮੈਨੂੰ ਭੁੱਖ ਹੋਈ।’’ ਇਹ ਕਹਾਣੀ ਦਾ ਸਿਖਰ ਹੈ ਜੋ ਮੂਲਨਿਵਾਸੀਆਂ ਉੱਪਰ ਲਾਈ ਤੋਹਮਤ ਚੋਰ ਉਚੱਕੇ ਅਤੇ ਲਾਲਚੀ ਹੋਣ ਨੂੰ ਮੂਲੋਂ ਨਕਾਰਦਾ ਹੈ। ਕਹਾਣੀ ਦਾ ਅੰਤ ਦੁਖਾਂਤ ਹੋਣ ਦੇ ਬਾਵਜੂਦ ਪਾਠਕ ਨੂੰ ਤਸੱਲੀ ਅਤੇ ਖ਼ੁਸ਼ੀ ਭਰੀ ਹੈਰਾਨੀ ਦੇ ਜਾਂਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਮਾਈਕਲ ਨੂੰ ਮਰਨ ਤੋਂ ਪਹਿਲਾਂ ਉਸ ਦੀ ਭੈਣ ਮਿਲ ਗਈ ਸੀ ਤੇ ਉਸ ਦੀ ਭਟਕਣਾ ਮੁੱਕ ਗਈ ਸੀ। ‘‘ਦੋਵੇਂ ਭੈਣ-ਭਰਾ ਬਹੁਤ ਖ਼ੁਸ਼ ਸਨ।’’ ਕਹਾਣੀ ਦਾ ਅੰਤ ਕਹਾਣੀਕਾਰਾ ਅਤੇ ਨੇਟਿਵ ਭਾਈਚਾਰੇ ਅੰਦਰ ਸਥਾਪਿਤ ਹੋਏ ਆਪਸੀ ਵਿਸ਼ਵਾਸ, ਸਮਝ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ ਜਦੋਂ ਉਹ ਮਾਈਕਲ ਦੇ ਸਾਥੀ ਨੂੰ ਉਸ ਦੀ ਭੁੱਖ ਮਿਟਾਉਣ ਲਈ ਉਸੇ ਦਸ ਡਾਲਰ ਦੇ ਨੋਟ ਨਾਲ ਬਰੇਕਫਾਸਟ ਖਰੀਦ ਕੇ ਦਿੰਦੀ ਹੈ।
ਕਹਾਣੀ ਦਾ ਪਲਾਟ ਗੁੰਦਵਾਂ ਹੈ। ਸ਼ੁਰੂ ਤੋਂ ਅਖੀਰ ਤੱਕ ਪਾਠਕ ਦੀ ਉਤਸੁਕਤਾ ਕਾਇਮ ਰਹਿੰਦੀ ਹੈ। ਕਹਾਣੀ ਦੀ ਤੋਰ ਚੁਸਤ, ਬੇ-ਰੋਕ ਅਤੇ ਸਿੱਧ-ਪੱਧਰੀ ਹੈ ਜੋ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਪਾਤਰ ਉਸਾਰੀ ਲੋੜ ਮੁਤਾਬਕ ਕਹਾਣੀ ਦੀ ਮੰਗ ਪੂਰੀ ਕਰਦੀ ਹੈ। ਮਾਈਕਲ ਕੌਣ ਹੈ, ਉਸ ਦੀ ਪਛਾਣ, ਉਸ ਦਾ ਪਹਿਰਾਵਾ, ਉਸ ਦੀ ਦਿੱਖ, ਉਸ ਦੀ ਚਾਲ-ਢਾਲ, ਉਸ ਦੀ ਨੀਯਤ, ਉਸ ਦੇ ਕਿਰਦਾਰ ਅਤੇ ਸਲੀਕੇ ਨੂੰ ਬੜੇ ਮਾਰਮਿਕ ਅਤੇ ਮਨੋਵਿਗਿਆਨਕ ਤਰੀਕੇ ਨਾਲ ਦਰਸਾਇਆ ਗਿਆ ਹੈ।
ਅੰਤ ਵਿੱਚ ਕਹਾਣੀ ਪਾਠਕ ਨੂੰ ਬੜਾ ਕਾਰਗਰ ਸੁਨੇਹਾ ਦੇ ਜਾਂਦੀ ਹੈ, ‘‘ਇਹ ਹਾਲਾਤ ਦੇ ਝੰਬੇ, ਮਾਰੇ ਕੁੱਟੇ, ਟੁੱਟੇ ਹੋਏ ਇਨਸਾਨ ਹਨ। ਇਹ ਸਾਡੇ ਪਿਆਰ ਅਤੇ ਹਮਦਰਦੀ ਦੇ ਪਾਤਰ ਹਨ।’’ ਇਸ ਤਰ੍ਹਾਂ ਮਾਨਵਤਾ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਅਤੇ ਗ਼ਲਤ ਧਾਰਨਾਵਾਂ ਨੂੰ ਨਕਾਰਨ ਵਾਲੀ ਇਹ ਕਹਾਣੀ ਹਰ ਪੱਖ ਤੋਂ ਸਫਲ ਰਹੀ ਹੈ ਜੋ ਕਹਾਣੀ ਕਹਿਣ ਦੀ ਜੁਗਤ ਵਿੱਚ ਨਵੀਂ ਪਿਰਤ ਪਾਉਂਦੀ ਜਾਪਦੀ ਹੈ।
ਸੰਪਰਕ: 403 351 -1136

Advertisement
Author Image

sukhwinder singh

View all posts

Advertisement
Advertisement
×