For the best experience, open
https://m.punjabitribuneonline.com
on your mobile browser.
Advertisement

ਭਾਰਤ ਸ੍ਰੀਲੰਕਾ ਸਬੰਧਾਂ ਵਿਚ ਨਵਾਂ ਮੋੜ

08:45 AM Jul 27, 2023 IST
ਭਾਰਤ ਸ੍ਰੀਲੰਕਾ ਸਬੰਧਾਂ ਵਿਚ ਨਵਾਂ ਮੋੜ
Advertisement

Advertisement

ਜੀ ਪਾਰਥਾਸਾਰਥੀ
ਸ੍ਰੀਲੰਕਾ ਦੇ ਰਾਸ਼ਟਰਪਤੀ ਰਨੀਲ ਵਿਕਰਮਸਿੰਘੇ ਦੀ 21 ਜੁਲਾਈ ਦੀ ਇਕ ਰੋਜ਼ਾ ਨਵੀਂ ਦਿੱਲੀ ਫੇਰੀ ਧੂਮ-ਧਾਮ ਅਤੇ ਆਓ-ਭਗਤ ਪੱਖੋਂ ਖਾਸ ਨਹੀਂ ਰਹੀ। ਉਂਝ, ਇਸ ਨਾਲ ਭਾਰਤ ਦੇ ਸ੍ਰੀਲੰਕਾ ਨਾਲ ਸਬੰਧਾਂ ਵਿਚ ਵਿਆਪਕ ਤਬਦੀਲੀ ਆਈ ਹੈ; ਦੋਵਾਂ ਦੇਸ਼ਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਰਣਨੀਤਕ ਪੁੱਠ ਦੇਣ ਦਾ ਨਿਸ਼ਚਾ ਕੀਤਾ ਹੈ। ਸੁਭਾਵਿਕ ਹੀ ਇਸ ਨਾਲ ਦੋਵੇਂ ਪਾਸੇ ਮਾਅਰਕੇਬਾਜ਼ੀ ਦੀ ਥਾਂ ਆਪਸੀ ਗੱਲਬਾਤ ਰਾਹੀਂ ਆਪਣੇ ਮਤਭੇਦ ਸੁਲਝਾਉਣ ਦੀ ਮਾਨਤਾ ਅਤੇ ਸੂਝ ਵਧੀ ਹੈ। ਸ੍ਰੀਲੰਕਾ ਅੰਦਰ ਤੌਖਲੇ ਸਨ ਕਿ 1980ਵਿਆਂ ਦੇ ਸੰਕਟ ਵੇਲੇ ਭਾਰਤ ਵਲੋਂ ਉਸ ਨਾਲ ਬੰਗਲਾਦੇਸ਼ ਸੰਕਟ ਵਾਂਗ ਨਜਿੱਠਿਆ ਜਾਂਦਾ ਹੈ। ਇਹ ਤੌਖਲੇ ਉਦੋਂ ਘਟ ਗਏ ਸਨ ਜਦੋਂ ਭਾਰਤੀ ਸ਼ਾਂਤੀ ਸੈਨਾ ਨੇ ਸ੍ਰੀਲੰਕਾ ਦੀ ਏਕਤਾ ਲਈ ਖ਼ਤਰਾ ਬਣੀ ਐੱਲਟੀਟੀਈ ਨੂੰ ਸਖ਼ਤੀ ਨਾਲ ਨਜਿੱਠਿਆ ਸੀ। ਇਸ ਨਾਲ ਸ੍ਰੀਲੰਕਾ ਨੂੰ ਬਹੁਗਿਣਤੀ ਸਿੰਹਾਲਾ ਅਤੇ ਘੱਟਗਿਣਤੀ ਤਾਮਿਲ ਭਾਈਚਾਰਿਆਂ ਵਿਚਕਾਰ ਜਟਿਲ ਮਤਭੇਦ ਸੁਲਝਾਉਣ ਦੇ ਤੌਰ ਤਰੀਕਿਆਂ ਦੀ ਤਲਾਸ਼ ਦਾ ਰਾਹ ਖੁੱਲ੍ਹ ਗਿਆ। ਅਖੀਰ ਸ੍ਰੀਲੰਕਾ ਦੀ ਫ਼ੌਜ ਨੇ ਐੱਲਟੀਟੀਈ ’ਤੇ ਜ਼ਬਰਦਸਤ ਹਮਲਾ ਕਰ ਕੇ ਇਸ ਨੂੰ ਤਬਾਹ ਕਰ ਦਿੱਤਾ ਸੀ।
1980ਵਿਆਂ ਵਿਚ ਸ੍ਰੀਲੰਕਾ ਵਿਚ ਭਾਰਤੀ ਸ਼ਾਂਤੀ ਸੈਨਾ ਦੀ ਮੌਜੂਦਗੀ ਅਤੇ ਕਾਰਵਾਈਆਂ ਦਾ ਮੁੱਖ ਬਦਲਾਓ ਇਹ ਆਇਆ ਕਿ ਜਦੋਂ ਇਹ ਵਾਪਸ ਚਲੀ ਗਈ ਤਾਂ ਸ੍ਰੀਲੰਕਾ ਦੇ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਭਾਰਤ ਉਨ੍ਹਾਂ ਦੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵਚਨਬੱਧ ਹੈ ਹਾਲਾਂਕਿ ਉੱਥੇ ਨਸਲੀ ਟਕਰਾਅ ਚੱਲ ਰਿਹਾ ਸੀ ਜਿਸ ਕਰ ਕੇ ਬਹੁਤ ਸਾਰੇ ਤਾਮਿਲ ਸ਼ਰਨਾਰਥੀ ਤਾਮਿਲ ਨਾਡੂ ਵਿਚ ਆ ਗਏ ਸਨ। ਭਾਰਤ ਨੂੰ ਹੁਣ ਆਸ ਹੈ ਕਿ ਸ੍ਰੀਲੰਕਾ ਵਲੋਂ ਦੇਸ਼ ਦੇ ਉੱਤਰ ਪੂਰਬੀ ਖਿੱਤੇ ਅੰਦਰ ਵਸਦੇ ਤਾਮਿਲਾਂ ਨੂੰ ਦੇਸ਼ ਦੀਆਂ ਸੰਸਥਾਵਾਂ ਵਿਚ ਢੁਕਵੀਂ ਹਿੱਸੇਦਾਰੀ ਦੇਣ ਬਾਬਤ ਦਿੱਤੇ ਭਰੋਸੇ ਪੂਰੇ ਕੀਤੇ ਜਾਣ। ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਹੈ: “ਸਾਨੂੰ ਆਸ ਹੈ, ਸ੍ਰੀਲੰਕਾ ਤਾਮਿਲਾਂ ਦੀਆਂ ਉਮੰਗਾਂ ਪੂਰੀਆਂ ਕਰੇਗਾ। ਉਮੀਦ ਹੈ ਸ੍ਰੀਲੰਕਾ ਸਮਾਨਤਾ, ਨਿਆਂ ਤੇ ਸ਼ਾਂਤੀ ਦੀ ਮੁੜ ਉਸਾਰੀ ਦੀ ਪ੍ਰਕਿਰਿਆ ਅਗਾਂਹ ਵਧਾਵੇਗਾ। ਆਸ ਹੈ ਸ੍ਰੀਲੰਕਾ ਤੇਰਵੀਂ (ਸੰਵਿਧਾਨਕ) ਸੋਧ ਲਾਗੂ ਕਰਨ ਦਾ ਵਚਨ ਪੂਰਾ ਕਰੇਗਾ ਅਤੇ ਪ੍ਰਾਂਤਕ ਕੌਂਸਲ ਚੋਣਾਂ ਕਰਵਾਏਗਾ।” ਸ੍ਰੀਲੰਕਾ ਵਿਚ ਸਦੀਆਂ ਤੋਂ ਉੱਤਰ ਤੇ ਪੂਰਬ ਵਿਚ ਰਹਿੰਦੇ ਤਾਮਿਲ ਵੀ ਆਪੋ ਵਿਚ ਵੰਡੇ ਹੋਏ ਹਨ। ਜਿਹੜੇ ਤਾਮਿਲ ਬਰਤਾਨਵੀ ਰਾਜ ਵੇਲੇ ਸ੍ਰੀਲੰਕਾ ਗਏ ਸਨ, ਉਹ ਮੁੱਖ ਤੌਰ ’ਤੇ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਹਨ। ਮੋਦੀ ਸਰਕਾਰ ਨੇ ਵਿਸਾਰੇ ਗਏ ਇਨ੍ਹਾਂ ਤਾਮਿਲਾਂ ਵੱਲ ਵੀ ਧਿਆਨ ਦਿੱਤਾ ਹੈ।
ਸ੍ਰੀਲੰਕਾ ਦੇ ਤਾਮਿਲ ਲੰਮੇ ਅਰਸੇ ਤੋਂ ਭਾਰਤ ਸ੍ਰੀਲੰਕਾ ਸਬੰਧਾਂ ਦਾ ਕੇਂਦਰਬਿੰਦੂ ਰਹੇ ਹਨ ਪਰ ਪਿਛਲੇ ਦਹਾਕੇ ਦੌਰਾਨ ਸਥਿਤੀ ਕਾਫ਼ੀ ਬਦਲ ਗਈ ਹੈ। ਇਹ ਮੁੱਖ ਤੌਰ ’ਤੇ ਰਾਜਪਕਸੇ ਪਰਿਵਾਰ ਦੀ ਪਹੁੰਚ ਕਰ ਕੇ ਹੋਇਆ ਹੈ। ਰਾਸ਼ਟਰਪਤੀ ਮਹਿੰਦਾ ਰਾਜਪਕਸੇ ਚੀਨ ਨੂੰ 1.3 ਅਰਬ ਡਾਲਰ ਦੀ ਲਾਗਤ ਨਾਲ ਹੰਬਨਟੋਟਾ ਬੰਦਰਗਾਹ ਬਣਾਉਣ ਦਾ ਜਿ਼ੰਮਾ ਦੇ ਕੇ ਘਰੋਗੀ ਤੌਰ ’ਤੇ ਸਿਆਸੀ ਲਾਹਾ ਹਾਸਲ ਕਰਨਾ ਚਾਹੁੰਦੇ ਸਨ। ਇਹ ਬੰਦਰਗਾਹ ਰਾਜਪਕਸੇ ਪਰਿਵਾਰ ਦੇ ਹਲਕੇ ਵਿਚ ਪੈਂਦੀ ਹੈ ਅਤੇ ਇਹ ਚਿੱਟਾ ਹਾਥੀ ਬਣ ਗਈ। ਇਸ ਸਮੇਂ ਇਸ ਦਾ ਕੰਟਰੋਲ ਚੀਨ ਕੋਲ ਹੈ, ਸ੍ਰੀਲੰਕਾ ਕੋਲ ਇਸ ਦੇ ਸੰਚਾਲਨ ਜੋਗੇ ਫੰਡ ਨਹੀਂ ਹਨ। ਇਹੋ ਜਿਹੇ ਕੰਮਾਂ ਕਰ ਕੇ ਸ੍ਰੀਲੰਕਾ ਬਰਬਾਦੀ ਦੇ ਕੰਢੇ ’ਤੇ ਪਹੁੰਚ ਗਿਆ ਸੀ ਅਤੇ ਆਪਣੇ ਭਰਾ ਮਹਿੰਦਾ ਦੀ ਥਾਂ ਰਾਸ਼ਟਰਪਤੀ ਬਣੇ ਗੋਟਾਬਾਯਾ ਰਾਜਪਕਸੇ ਨੂੰ ਲੋਕ ਰੋਹ ਕਰ ਕੇ ਦੇਸ਼ ਛੱਡਣਾ ਪਿਆ ਸੀ। ਹੁਣ ਸੰਭਵ ਹੈ ਕਿ ਚੀਨ ਇਸ ਦਾ ਇਸਤੇਮਾਲ ਜੰਗੀ ਬੇਡਿ਼ਆਂ ਅਤੇ ਪਣਡੁੱਬੀਆਂ ਦੇ ਮੁਕਾਮ ਲਈ ਕਰ ਰਿਹਾ ਹੋਵੇ। ਇਸ ਮੁੱਦੇ ਵੱਲ ਭਾਰਤ ਨੂੰ ਲਗਾਤਾਰ ਧਿਆਨ ਦੇਣ ਦੀ ਲੋੜ ਹੈ। ਸ੍ਰੀਲੰਕਾ ਵਿਚ ਜਿਹੋ ਜਿਹੀ ਬਦਇੰਤਜ਼ਾਮੀ ਦੇ ਆਲਮ ਵਿਚ ਬਜ਼ੁਰਗ ਸਿਆਸਤਦਾਨ ਰਨੀਲ ਵਿਕਰਮਸਿੰਘੇ ਨੇ ਸੱਤਾ ਦੀ ਵਾਗਡੋਰ ਸੰਭਾਲੀ ਸੀ, ਉਸ ਵਿਚ ਉਹ ਬਹੁਤ ਕੁਸ਼ਲ ਤਰੀਕੇ ਨਾਲ ਦੇਸ਼ ਨੂੰ ਆਰਥਿਕ ਬਰਬਾਦੀ ਦੇ ਦੌਰ ਤੋਂ ਬਚਾ ਕੇ ਲਿਜਾ ਰਹੇ ਹਨ।
ਜਦੋਂ ਰਾਸ਼ਟਰਪਤੀ ਵਿਕਰਮਸਿੰਘੇ ਨੂੰ ਵਿਦੇਸ਼ੀ ਇਮਦਾਦ ਦੀ ਲੋੜ ਪਈ ਸੀ ਤਾਂ ਭਾਰਤ ਨੇ ਅੱਗੇ ਵਧ ਕੇ 4 ਅਰਬ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਕੋਲੰਬੋ ਸੰਕਟ ਨਾਲ ਸਿੱਝ ਸਕੇ। ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਜਨਿ੍ਹਾਂ ਨੇ ਕੋਲੰਬੋ ਵਿਚ ਰਾਜਦੂਤ ਵਜੋਂ ਸੇਵਾਵਾਂ ਦਿੱਤੀਆਂ ਸਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਪਹਿਲਕਦਮੀ ਵਿਚ ਮੁੱਖ ਭੂਮਿਕਾ ਨਿਭਾਈ। ਇਸ ਤੋਂ ਬਾਅਦ ਵੀ ਭਾਰਤ ਨੇ ਆਈਐੱਮਐੱਫ ਅਤੇ ਵਿਸ਼ਵ ਬੈਂਕ ਕੋਲ ਸ੍ਰੀਲੰਕਾ ਦੀਆਂ ਲੋੜਾਂ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਸੀ। ਇਸ ਦੌਰਾਨ, ਚੀਨ ਨੇ ਸ੍ਰੀਲੰਕਾ ਨੂੰ ਸਿਰਫ ਕਰਜ਼ ਰਾਹਤ ਦੇਣ ਦਾ ਐਲਾਨ ਕੀਤਾ ਸੀ। ਅਹਿਮ ਗੱਲ ਇਹ ਹੈ ਕਿ ਵਿਕਰਮਸਿੰਘੇ ਨੇ ਭਾਰਤ ਦੀ ਮਦਦ ਨਾਲ ਪੱਛਮੀ ਜਗਤ ਨੂੰ ਵੀ ਖੁਸ਼ ਰੱਖਿਆ ਹੋਇਆ ਹੈ ਜਿਸ ਕਰ ਕੇ ਆਈਐੱਮਐੱਫ ਅਤੇ ਹੋਰ ਕੌਮਾਂਤਰੀ ਅਦਾਰਿਆਂ ਨਾਲ ਸਿੱਝਣ ਵਿਚ ਅਸਾਨੀ ਹੋ ਸਕੇਗੀ ਜਦਕਿ ਪਾਕਿਸਤਾਨ ਨੂੰ ਇਨ੍ਹਾਂ ਅਦਾਰਿਆਂ ਤੋਂ ਮਾਲੀ ਇਮਦਾਦ ਹਾਸਲ ਕਰਨ ਵਿਚ ਬਹੁਤ ਜਿ਼ਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਤੇਲ ਅਤੇ ਗੈਸ ਪਾਈਪਲਾਈਨ ਦੀ ਯੋਜਨਾ ਸਿਰੇ ਚੜ੍ਹਨ ਨਾਲ ਸ੍ਰੀਲੰਕਾ ਨੂੰ ਊਰਜਾ ਦਾ ਭਰੋਸੇਮੰਦ ਸਰੋਤ ਹਾਸਲ ਹੋ ਸਕਦਾ ਹੈ ਜਿਸ ਨਾਲ ਉਸ ਨੂੰ ਵੱਡਾ ਆਰਥਿਕ ਲਾਭ ਹੋਵੇਗਾ। ਇਸ ਪ੍ਰਾਜੈਕਟ ’ਤੇ ਕਾਫ਼ੀ ਕੰਮ ਕਰਨ ਦੀ ਲੋੜ ਹੈ। ਇਸੇ ਤਰ੍ਹਾਂ, ਦੁਵੱਲੇ ਵਪਾਰ, ਸੈਰ ਸਪਾਟੇ ਅਤੇ ਨਿਵੇਸ਼ ਲਈ ਰੁਪਏ ਦੀ ਵਰਤੋਂ ਕਰਨ ਦਾ ਪ੍ਰਸਤਾਵ ਜੇ ਪ੍ਰਵਾਨ ਹੋ ਜਾਂਦਾ ਹੈ ਤਾਂ ਇਹ ਦੱਖਣੀ ਏਸ਼ੀਆ ਵਿਚ ਅਹਿਮ ਮਾਡਲ ਬਣ ਸਕਦਾ ਹੈ।
ਵਿਦੇਸ਼ ਮੰਤਰਾਲਾ ਅਤੇ ਕੋਲੰਬੋ ਵਿਚਲੇ ਸਾਡੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਸ੍ਰੀਲੰਕਾ ਦੀਆਂ ਲੋੜਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨਾਲ ਸਿੱਝਣ ਲਈ ਬਹੁਤ ਸਾਵਧਾਨੀ ਨਾਲ ਕਦਮ ਉਠਾ ਰਹੇ ਹਨ। ਦੋਵੇਂ ਦੇਸ਼ਾਂ ਨੂੰ ਆਪਸੀ ਸਹਿਯੋਗ ਵਾਲੇ ਖੇਤਰਾਂ ਦੀ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਦਾ ਸਾਵਧਾਨੀ ਨਾਲ ਅਧਿਐਨ ਕਰਨਾ ਚਾਹੀਦਾ ਹੈ। ਸ੍ਰੀਲੰਕਾ ਦੇ ਬਹੁਤ ਸਾਰੇ ਲੋਕ ਬੋਧ ਗਯਾ ਦੀ ਯਾਤਰਾ ਦੇ ਖਾਹਸ਼ਮੰਦ ਹਨ ਜਿਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਡੇ ਸਮੁੰਦਰੀ ਤਟ ਦੇ ਨਾਲ ਲਗਦੇ ਖੇਤਰਾਂ ਵਿਚ ਤੇਲ ਅਤੇ ਗੈਸ ਦੀ ਖੋਜ ਵਿਚ ਸਹਿਯੋਗ ’ਤੇ ਸੋਚ ਵਿਚਾਰ ਕੀਤੀ ਜਾ ਰਹੀ ਹੈ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਕੋਲੰਬੋ ਅਤੇ ਤ੍ਰਿੰਕੋਮਾਲੀ ਬੰਦਰਗਾਹਾਂ ਵਿਚਕਾਰ ਜ਼ਮੀਨੀ ਸੰਪਰਕ ਕਾਇਮ ਕਰਨ ਦੀ ਤਵੱਕੋ ਹੈ। ਜਾਪਦਾ ਹੈ, ਇਨ੍ਹਾਂ ਤਜਵੀਜ਼ਾਂ ਉਪਰ ਵਿਚਾਰ ਚਰਚਾ ਹੋਈ ਹੋਵੇਗੀ। ਇਨ੍ਹਾਂ ਮੁਤੱਲਕ ਵਿਚਾਰ ਚਰਚਾਵਾਂ ਵਿਚ ਤਾਮਿਲ ਨਾਡੂ ਅਤੇ ਕੇਰਲ ਦੀਆਂ ਸਰਕਾਰਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸ੍ਰੀਲੰਕਾ ਵਿਚਲੀ ‘ਰਮਾਇਣ ਪਟੜੀ’ ਬਾਰੇ ਭਾਰਤ ਦੇ ਬਹੁਤ ਘੱਟ ਲੋਕ ਜਾਣਦੇ ਹੋਣਗੇ, ਜੇ ਇਸ ਨੂੰ ਸੋਚ ਵਿਚਾਰ ਕਰ ਕੇ ਪ੍ਰਚਾਰਿਆ ਜਾਵੇ ਤਾਂ ਇਹ ਭਾਰਤ ਤੋਂ ਸ੍ਰੀਲੰਕਾ ਲਈ ਧਾਰਮਿਕ ਸੈਰ ਸਪਾਟੇ ਦਾ ਬਹੁਤ ਵਧੀਆ ਖੇਤਰ ਬਣ ਸਕਦਾ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਵਿਚਲੇ ਬੋਧੀ ਧਾਮ ਸਮਰਾਟ ਅਸ਼ੋਕ ਦੇ ਰਾਜ ਕਾਲ ਦੌਰਾਨ ਉੱਥੇ ਬੁੱਧ ਧਰਮ ਫੈਲਣ ਦੀ ਦਾਸਤਾਂ ਬਿਆਨ ਕਰਦੇ ਹਨ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਜੇ ਤੇਲ ਤੇ ਗੈਸ ਪਾਈਪਲਾਈਨ ਲਿੰਕ ਨੂੰ ਵਿਚਾਰਸ਼ੀਲ ਤਰੀਕੇ ਨਾਲ ਵਿਉਂਤਿਆ ਜਾਵੇ ਤਾਂ ਇਹ ਸ੍ਰੀਲੰਕਾ ਲਈ ਊਰਜਾ ਤੇ ਅਰਥਚਾਰੇ ਦਾ ਭਰੋਸੇਮੰਦ ਸਰੋਤ ਸਾਬਿਤ ਹੋ ਸਕਦਾ ਹੈ। ਇਨ੍ਹਾਂ ਸਬੰਧੀ ਕੁਝ ਵਿਚਾਰ ਚਰਚਾਵਾਂ ਵਿਚ ਸੂਬਾਈ ਸਰਕਾਰਾਂ (ਖ਼ਾਸਕਰ ਤਾਮਿਲ ਨਾਡੂ ਤੇ ਕੇਰਲ) ਨੂੰ ਵੀ ਸ਼ਾਮਲ ਕਰਨਾ ਪਵੇਗਾ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement

Advertisement
Author Image

Advertisement