ਖੜ੍ਹੇ ਟਰੱਕ ’ਚ ਮੋਟਰਸਾਈਕਲ ਵੱਜਿਆ, ਦੋ ਦੋਸਤਾਂ ਦੀ ਮੌਤ
ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ ,25 ਜੁਲਾਈ
ਇੱਥੇ ਬੁੱਧਵਾਰ ਦੇਰ ਰਾਤ ਨੂੰ ਪਿੰਡ ਚੀਮਾਂ ਕਲਾਂ ਨੇੜੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੋਵੇਂ ਨੌਜਵਾਨ ਪਿੰਡ ਝੁੱਗੀਆਂ ਕਾਲੂ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਆ ਰਹੇ ਸਨ। ਜਖ਼ਮੀਆਂ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਪੱਟੀ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਨੌਜਵਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਰਾਹੁਲ ਪੁੱਤਰ ਸਵਰਗੀ ਗੁਰਪਾਲ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ। ਨੌਜਵਾਨਾਂ ਦੇ ਰਿਸ਼ਤੇਦਾਰਾਂ ਕਿਰਤ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਤੇ ਰਾਹੁਲ ਪਿੰਡ ਝੁੱਗੀਆਂ ਕਾਲੂ ਤੋ ਭੈਣ ਨੂੰ ਮਿਲ ਕੇ ਮੋਟਰਸਾਈਕਲ ਪੀਬੀ 46 ਏਕੇ 5128 ’ਤੇ ਵਾਪਸ ਪਿੰਡ ਚੋਹਲਾ ਸਾਹਿਬ ਆ ਰਹੇ ਸਨ। ਰਾਤ 9.30 ਵਜੇ ਪਿੰਡ ਚੀਮਾਂ ਕਲਾਂ ਨੇੜ ਅੱਗੇ ਟਰੱਕ ਪੀਬੀ 03 ਐਕਸ 8527 ਖੜ੍ਹੇ ਟਰੱਕ ਦੇ ਪਿੱਛੇ ਮੋਟਰਸਾਈਕਲ ਵੱਜ ਗਿਆ। ਚੋਹਲਾ ਸਾਹਿਬ ਵਿਖੇ ਮ੍ਰਿਤਕ ਦੇਹਾਂ ਲਿਆਉਣ ਉਪਰੰਤ ਰਾਹੁਲ ਦਾ ਸਸਕਾਰ ਕਰ ਦਿੱਤਾ ਗਿਆ ਅਤੇ ਅਰਸ਼ਦੀਪ ਸਿੰਘ ਦਾ ਸਸਕਾਰ ਅੱਜ ਉਸ ਦੇ ਭੈਣ ਭਰਾ ਵਿਦੇਸ਼ ਤੋਂ ਆਉਣ ਮਗਰੋਂ ਕੀਤਾ ਜਾਵੇਗਾ ।
ਰੇਲਵੇ ਪੁਲੀਸ ਵੱਲੋਂ ਲਾਸ਼ ਬਰਾਮਦ
ਤਰਨ ਤਾਰਨ (ਪੱਤਰ ਪ੍ਰੇਰਕ): ਰੇਲਵੇ ਪੁਲੀਸ ਨੂੰ ਅੱਜ ਇਥੇ ਤਰਨ ਤਾਰਨ- ਗੋਇੰਦਵਾਲ ਸਾਹਿਬ ਰੇਲਵੇ ਟਰੈਕ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ| ਰੇਲਵੇ ਪੁਲੀਸ ਦੀ ਤਰਨ ਤਾਰਨ ਚੌਕੀ ਦੇ ਇੰਚਾਰਜ ਏਐੱਸਆਈ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 65-70 ਦੇ ਕਰੀਬ ਹੈ ਜਿਸ ਦੇ ਸਰੀਰ ’ਤੇ ਧਾਰੀਦਾਰ ਕਮੀਜ਼ ਹੈ। ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।