For the best experience, open
https://m.punjabitribuneonline.com
on your mobile browser.
Advertisement

ਹੋਟਲ ’ਚ ਬੰਬ ਮਿਲਣ ਦੀ ਸੂਚਨਾ ਨਿਕਲੀ ਮੌਕ ਡਰਿੱਲ

08:34 AM Jul 26, 2024 IST
ਹੋਟਲ ’ਚ ਬੰਬ ਮਿਲਣ ਦੀ ਸੂਚਨਾ ਨਿਕਲੀ ਮੌਕ ਡਰਿੱਲ
ਆਈਟੀ ਪਾਰਕ ਵਿੱਚ ਹੋਟਲ ਦੀ ਜਾਂਚ ਕਰਦੇ ਹੋਏ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੁਲਾਈ
ਚੰਡੀਗੜ੍ਹ ਪੁਲੀਸ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਚੌਕਸੀ ਰੱਖ ਰਹੀ ਹੈ। ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਬਾਵਜੂਦ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿੱਚ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ। ਇਹ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਪੁਲੀਸ ਦੀ ਅਪਰੈਸ਼ਨ ਸੈੱਲ ਦੀ ਟੀਮ ਨੇ ਬੰਬ ਸੁਕਾਇਡ ਤੇ ਡਾਗ ਸੁਕਾਇਡ ਦੇ ਨਾਲ ਹੋਟਲ ਲਲਿਤ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦੀ ਇਹ ਕਾਰਵਾਈ ‘ਮੌਕ ਡਰਿੱਲ’ ਨਿਕਲੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁਸਤੈਦ ਹੋਈ ਪਈ ਹੈ। ਇਸੇ ਤਹਿਤ ਪੁਲੀਸ ਨੇ ਕੰਟਰੋਲ ਰੂਮ ਵਿੱਚ ਫੋਨ ਰਾਹੀਂ ਹੋਟਲ ਲਲਿਤ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਸੂਚਨਾ ਮਿਲਦੇ ਹੀ ਹੋਟਲ ਲਲਿਤ ਵਿੱਚ ਮੋਰਚਾ ਸਾਂਭ ਲਿਆ। ਪੁਲੀਸ ਨੇ ਹੋਟਲ ਲਲਿਤ ਨੂੰ ਖਾਲ੍ਹੀ ਕਰਵਾ ਕੇ ਚਾਰੇ ਪਾਸਿਓਂ ਘੇਰ ਲਿਆ। ਇਸ ਮੌਕੇ ਬੰਬ ਸੁਕਾਇਡ ਤੇ ਡਾਗ ਸੁਕਾਇਡ ਦੀ ਟੀਮ ਨੇ ਹੋਟਲ ਲਲਿਤ ਦੇ ਚੱਪੇ-ਚੱਪੇ ਦੀ ਜਾਂਚ ਕੀਤੀ। ਪੁਲੀਸ ਨੇ ਚੈਕਿੰਗ ਦੌਰਾਨ ਇਕ ਨਕਲੀ ਬੰਬ ਬਰਾਮਦ ਕੀਤਾ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਬੰਬ ਨੂੰ ਪੁਲੀਸ ਨੇ ਸੈਕਟਰ-26 ਸਥਿਤ ਪੁਲੀਸ ਲਾਈਨ ਵਿਖੇ ਨਸ਼ਟ ਕੀਤਾ।
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ 24 ਘੰਟੇ ਸ਼ਹਿਰ ਵਿੱਚ ਹਰ ਥਾਂ ’ਤੇ ਚੌਕਸੀ ਰੱਖੀ ਜਾ ਰਹੀ ਹੈ। ਪੀਸੀਆਰ ਗੱਡੀਆਂ ਸਾਰੇ ਸੈਕਟਰਾਂ ਵਿੱਚ ਗਸ਼ਤ ਕਰ ਰਹੀਆਂ ਹਨ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।

Advertisement
Advertisement
Author Image

sukhwinder singh

View all posts

Advertisement