ਕਰਨ ਔਜਲਾ ’ਤੇ ਲੰਡਨ ਕਨਸਰਟ ਦੌਰਾਨ ਜੁੱਤੀ ਨਾਲ ਹਮਲਾ; ਗਾਇਕ ਨੇ ਸ਼ੋਅ ਅੱਧ ਵਿਚਾਲੇ ਛੱਡਿਆ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 7 ਸਤੰਬਰ
Karan Aujla's London concert: ਪੰਜਾਬੀ ਗਾਇਕ ਕਰਨ ਔਜਲਾ ਉਤੇ ਉਸ ਦੇ ਲੰਡਨ ਵਿਚ ਜਾਰੀ ਸ਼ੋਅ ਦੌਰਾਨ ਜੁੱਤੀ ਵਗਾਹ ਕੇ ਮਾਰੇ ਜਾਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੁੱਤੀ ਵੱਜਣ ਤੋਂ ਰੋਹ ਵਿਚ ਆਏ ਗਾਇਕ ਨੇ ਆਪਣਾ ਲੰਡਨ ਕਨਸਰਟ ਅੱਧ ਵਿਚਾਲੇ ਛੱਡ ਦਿੱਤਾ।
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਪ੍ਰਸੰਸਕ ਵੱਲੋਂ ਸ਼ੋਅ ਦੌਰਾਨ ਮਾਰੀ ਜੁੱਤੀ ਸਿੱਧੀ ਗਾਇਕ ਦੇ ਚਿਹਰੇ ਉਤੇ ਵੱਜੀ। ਇਸ ’ਤੇ ਰੋਹ ਵਿਚ ਗਾਇਕ ਨੇ ਗਾਉਣਾ ਬੰਦ ਕਰ ਕੇ ਹਮਲਾਵਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ।
ਕਰਨ ਔਜਲਾ ਹਮਲਾਵਰ ਨੂੰ ਉੱਚੀ-ਉੱਚੀ ਵੰਗਾਰਨ ਲੱਗਾ, ‘‘ਇਹ ਕਿਸ ਦੀ ਕਰਤੂਤ ਹੈ... ਮੇਰੇ ਸਾਹਮਣੇ ਸਟੇਜ ਉਤੇ ਆਵੇ।’’ ਉਸ ਨੇ ਕਿਹਾ, ‘‘ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਉਤੇ ਜੁੱਤੀਆਂ ਵਗਾਹ ਮਾਰੋ।’’ ਉਸ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਸ ਨਾਲ ਸਟੇਜ ਉਤੇ ਆਣ ਕੇ ਸਿੱਧੀ ਗੱਲ ਕਰੇ।
ਇਸ ਦੌਰਾਨ ਸਮਾਗਮ ਦੇ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਭੀੜ ਵਿਚੋਂ ਫੜ ਲਿਆ ਅਤੇ ਉਸ ਨੂੰ ਲਾਂਭੇ ਲੈ ਗਏ। ਔਜਲਾ ਉਤੇ ਹੋਏ ਇਸ ਹਮਲੇ ਨੇ ਉਸ ਦੇ ਪ੍ਰਸੰਸਕਾਂ ਵਿਚ ਰੋਸ ਹੀ ਪੈਦਾ ਨਹੀਂ ਕੀਤਾ ਸਗੋਂ ਇਸ ਨਾਲ ਸੁਰੱਖਿਆ ਸਬੰਧੀ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।