ਸਿਵਲ ਹਸਪਤਾਲ ’ਚ ਬੱਚੇ ਨੂੰ ਜਨਮ ਦੇਣ ਵਾਲੀ ਨਾਬਾਲਗ ਫਰਾਰ
ਪੱਤਰ ਪ੍ਰੇਰਕ
ਜਲੰਧਰ, 12 ਅਕਤੂਬਰ
ਇਥੋਂ ਦਾ ਗਾਂਧੀ ਵਨਿੀਤਾ ਆਸ਼ਰਮ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਗਾਂਧੀ ਵਨਿੀਤਾ ਆਸ਼ਰਮ ਵੱਲੋਂ 17 ਸਾਲਾ ਨਾਬਾਲਗ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁਲੀਸ ਗਾਰਦ ਵੀ ਤਾਇਨਾਤ ਸੀ ਪਰ ਨਾਬਾਲਗ ਲੜਕੀ ਪੁਲੀਸ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਈ। ਮਾਮਲੇ ਵਿੱਚ ਜਲੰਧਰ ਕਮਿਸ਼ਨਰੇਟ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 363 (ਅਗਵਾ) ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਦਰਜ ਕਰਵਾਈ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਕਤ ਨਾਬਾਲਗ ਲੜਕੀ ਨੂੰ ਗੁਰਦਾਸਪੁਰ ਦੀ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ 27 ਮਾਰਚ 2023 ਨੂੰ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਵਿੱਚ ਲਿਆਂਦਾ ਗਿਆ ਸੀ। ਜਾਣਕਾਰੀ ਅਨੁਸਾਰ ਜਦੋਂ ਨਾਬਾਲਗ ਲੜਕੀ ਨੂੰ ਲਿਆਂਦਾ ਗਿਆ ਤਾਂ ਉਹ ਗਰਭਵਤੀ ਸੀ। ਉਸ ਨੂੰ 2 ਅਕਤੂਬਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਇੱਕ ਲੜਕੀ ਨੂੰ ਜਨਮ ਦਿੱਤਾ। ਲੜਕੀ ਦੀ ਸੁਰੱਖਿਆ ਲਈ ਮਹਿਲਾ ਮੁਲਾਜ਼ਮਾਂ ਨੂੰ ਭੇਜਿਆ ਗਿਆ ਸੀ ਪਰ ਲੜਕੀ ਬਾਥਰੂਮ ਜਾਣ ਦੇ ਬਹਾਨੇ ਉਥੋਂ ਭੱਜ ਗਈ। ਹਾਲਾਂਕਿ ਬੱਚਾ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਦੀ ਜਾਂਚ ਮਗਰੋਂ ਪੁਲੀਸ ਨੇ ਲੜਕੀ ਨਾਬਾਲਗ ਹੋਣ ਕਾਰਨ ਅਗਵਾ ਦਾ ਕੇਸ ਦਰਜ ਕਰ ਲਿਆ।