ਤਿੰਨ ਦਿਨ ਬਾਅਦ ਘਰ ਪਰਤੀ ਨਾਬਾਲਗ ਲੜਕੀ ਵੱਲੋਂ ਖ਼ੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੁਲਾਈ
ਸਹੇਲੀ ਦੇ ਨਾਲ ਹੀ ਵਿਆਹ ਕਰਵਾਉਣ ਦੀ ਜ਼ਿੱਦ ’ਤੇ ਅੜ ਕੇ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਘਰ ਤੋਂ ਲਾਪਤਾ ਹੋਈ ਲੜਕੀ ਨੇ ਤਿੰਨ ਦਿਨ ਬਾਅਦ ਘਰ ਪਰਤ ਕੇ ਖੁਦ ਨੂੰ ਕਮਰੇ ’ਚ ਬੰਦ ਕਰ ਕੇ ਫਾਹਾ ਲੈ ਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਘਰ ਤੋਂ ਲਾਪਤਾ ਹੋਣ ਦੀ ਗੱਲ ਨੂੰ ਲੈ ਕੇ ਭਰਾ ਭੈਣਾਂ ਨਾਲ ਝਗੜਾ ਕਰਨ ਲੱਗੀ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਲੜਕੀ (13) ਦੇ ਪਿਤਾ ਘਰ ਆਏ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ। ਜਦੋਂ ਉਹ ਕਮਰਾ ਖੋਲ੍ਹ ਕੇ ਅੰਦਰ ਗਏ ਤਾਂ ਲੜਕੀ ਦੀ ਲਾਸ਼ ਲਟਕ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਹਲੀਮ ਖਾਨ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਮ੍ਰਿਤਕਾ ਦੀ ਇਲਾਕੇ ’ਚ ਹੀ ਇੱਕ ਸਹੇਲੀ ਸੀ, ਜਿਸਨੂੰ ਉਹ ਪਸੰਦ ਕਰਨ ਲੱਗੀ ਸੀ ਤੇ ਕਹਿੰਦੀ ਸੀ ਕਿ ਉਹ ਉਸੇ ਨਾਲ ਵਿਆਹ ਕਰਾਵੇਗੀ। ਪਰਿਵਾਰ ਵਾਲੇ ਉਸਨੂੰ ਮਨ੍ਹਾ ਕਰਦੇ ਸਨ ਅਤੇ ਇਸੇ ਗੱਲ ਨੂੰ ਲੈ ਕੇ ਲੜਕੀ ਦੀ ਪਰਿਵਾਰ ਵਾਲਿਆਂ ਨਾਲ ਬਹਿਸ ਵੀ ਹੋ ਜਾਂਦੀ ਸੀ। ਉਹ ਤਿੰਨ ਦਿਨ ਤੱਕ ਸਹੇਲੀ ਦੇ ਨਾਲ ਘਰ ਤੋਂ ਬਾਹਰ ਰਹੀ। ਤਿੰਨ ਦਿਨ ਬੀਤਣ ਤੋਂ ਬਾਅਦ ਲੱਭਦੇ ਹੋਏ ਪਰਿਵਾਰ ਨੂੰ ਲੜਕੀ ਪੱਖੋਵਾਲ ਰੋਡ ਤੋਂ ਮਿਲੀ। ਘਰ ਪਰਤਣ ’ਤੇ ਇਸੇ ਗੱਲ ਨੂੰ ਲੈ ਕੇ ਉਸਦਾ ਆਪਣੇ ਤਿੰਨ ਹੋਰ ਭੈਣ-ਭਰਾਵਾਂ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸਨੇ ਖੁਦ ਨੂੰ ਕਮਰੇ ’ਚ ਬੰਦ ਕਰ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਕੰਮ ਤੋਂ ਪਰਤੇ ਤੇ ਕਿਸੇ ਤਰ੍ਹਾਂ ਕਮਰਾ ਖੋਲ੍ਹ ਕੇ ਅੰਦਰ ਗਏ ਤਾਂ ਅੰਦਰ ਲੜਕੀ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਲੜਕੀ ਨੂੰ ਥੱਲੇ ਉਤਾਰਿਆ ਅਤੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਦੁੱਗਰੀ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।