ਪੇਂਡੂ ਸਿੱਖਿਆ ਲਈ ਕੰਮ ਕਰਦੀ ਸੰਸਥਾ ਰੇਵਾ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
Rural Education: ਪੇਂਡੂ ਖੇਤਰ ਦੀ ਸਿੱਖਿਆ ਨੂੰ ਸਮਰਪਿਤ ਰੂਰਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ (ਰੇਵਾ) ਦੀ ਜਨਰਲ ਹਾਊਸ ਦੀ ਮੀਟਿੰਗ ਸੈਕਟਰ 50 ਸਥਿਤ ਕਮਿਊਨਿਟੀ ਸੈਂਟਰ ਵਿਖੇ ਰੇਵਾ ਦੇ ਮੁਖੀ ਵੀਬੀ ਕਪਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੰਸਥਾ ਦੇ ਭਵਿੱਖੀ ਕੰਮ-ਕਾਜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਸ੍ਰੀ ਕਪਿਲ ਨੇ ਸਕੂਲਾਂ ਦੇ ਨੁਮਾਇੰਦਿਆਂ ਅੱਗੇ ਵੱਖ-ਵੱਖ ਮੁੱਦੇ ਰੱਖੇ ਅਤੇ ਸਕੂਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਘੱਟ ਫੀਸਾਂ 'ਤੇ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਵਧੀਆ ਉਪਰਾਲਾ ਹੈ। ਉਨ੍ਹਾਂ ਸਾਰੇ ਸਕੂਲਾਂ ਨੂੰ ਸਿੱਖਿਆ ਦੇ ਅਧਿਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਵਿੱਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ।
ਕਪਿਲ ਨੇ ਦੱਸਿਆ ਕਿ ਰੇਵਾ ਨਾਲ ਜੁੜੇ ਸਕੂਲ ਪਿਛਲੇ ਕਈ ਸਾਲਾਂ ਤੋਂ ਨਿਰਸਵਾਰਥ ਕੰਮ ਕਰ ਰਹੇ ਹਨ। ਇਸ ਸਦਕਾ ਅੱਜ ਕਈ ਵਿਦਿਆਰਥੀ ਪੜ੍ਹ ਕੇ ਉੱਚੇ ਮੁਕਾਮ ਹਾਸਲ ਕਰ ਚੁੱਕੇ ਹਨ। ਪੰਚਾਇਤੀ ਨੁਮਾਇੰਦਿਆਂ ਨੇ ਵੀ ਇਨ੍ਹਾਂ ਸਕੂਲਾਂ ਦੀ ਭੂਮਿਕਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਜਲਦੀ ਹੀ ਹਾਂ-ਪੱਖੀ ਕਦਮ ਚੁੱਕਦਿਆਂ ਪੇਂਡੂ ਖੇਤਰਾਂ ਵਿੱਚ ਚੱਲ ਰਹੇ ਪ੍ਰਾਈਵੇਟ ਸਕੂਲਾਂ ਦੀ ਭਲਾਈ ਲਈ ਠੋਸ ਕਾਰਵਾਈ ਕਰੇਗਾ। ਇਸ ਮੌਕੇ ਸਤਵੰਤ ਸਿੰਘ, ਵਿਜੇ ਕੁਮਾਰ, ਅੰਤਰਜੋਤ, ਪ੍ਰਦੀਪ ਸ਼ਰਮਾ, ਡਾ. ਵਿਨੋਦ ਸ਼ਰਮਾ, ਪ੍ਰਦੀਪ ਸ਼ੁਕਲਾ, ਹਿਮਾਨੀ ਸ਼ਰਮਾ ਨੇ ਵੀ ਵਿਚਾਰ ਪ੍ਰਗਟ ਕੀਤੇ| ਮੀਟਿੰਗ ਵਿੱਚ ਪੇਂਡੂ ਖੇਤਰ ਦੇ ਸਕੂਲਾਂ ਦੇ ਜ਼ਿਆਦਾਤਰ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।