ਸੀਟਾਂ ਦੀ ਵੰਡ ਲਈ ‘ਆਪ’ ਅਤੇ ਕਾਂਗਰਸ ਵਿਚਾਲੇ ਮੁੜ ਮੀਟਿੰਗ ਅੱਜ
* ਭਾਜਪਾ ਨਾਲ ਟਾਕਰੇ ਲਈ ਰਲ ਕੇ ਬਣਾਈ ਜਾਵੇਗੀ ਚੋਣ ਰਣਨੀਤੀ
ਨਵੀਂ ਦਿੱਲੀ, 11 ਜਨਵਰੀ
ਆਗਾਮੀ ਲੋਕ ਸਭਾ ਚੋਣਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਦੇ ਆਗੂਆਂ ਵਿਚਕਾਰ ਭਲਕੇ ਅੱਗੇ ਹੋਰ ਵਿਚਾਰ ਵਟਾਂਦਰਾ ਹੋਵੇਗਾ। ਸੂਤਰਾਂ ਮੁਤਾਬਕ ਕਾਂਗਰਸ ਦੇ ਸੀਨੀਅਰ ਆਗੂ ਮੁਕੁਲ ਵਾਸਨਿਕ ਦੀ ਰਿਹਾਇਸ਼ ’ਤੇ ਇਹ ਮੀਟਿੰਗ ਹੋਵੇਗੀ। ਦੋਵੇਂ ਪਾਰਟੀਆਂ ਦੇ ਆਗੂਆਂ ਨੇ ਪਿਛਲੇ ਹਫ਼ਤੇ ਵੀ ਵਾਸਨਿਕ ਦੀ ਰਿਹਾਇਸ਼ ’ਤੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕੀਤੀ ਸੀ। ਮੀਟਿੰਗ ਕਰੀਬ ਢਾਈ ਘੰਟੇ ਤੱਕ ਚੱਲੀ ਸੀ ਅਤੇ ਆਗੂਆਂ ਨੇ ਮੁੜ ਮਿਲਣ ਦਾ ਫ਼ੈਸਲਾ ਲਿਆ ਸੀ। ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨਾਲ ਲੋਕ ਸਭਾ ਚੋਣਾਂ ’ਚ ਸਿੱਝਣ ਲਈ ਵਿਰੋਧੀ ਧਿਰਾਂ ਨੇ ‘ਇੰਡੀਆ’ ਗੱਠਜੋੜ ਬਣਾਇਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ, ਦਿੱਲੀ, ਹਰਿਆਣਾ, ਗੁਜਰਾਤ ਅਤੇ ਗੋਆ ’ਚ ਕਾਂਗਰਸ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ‘ਆਪ’ ਦਿੱਲੀ ਦੀਆਂ ਸੱਤ ’ਚੋਂ ਚਾਰ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਅਤੇ ਸੂਬਿਆਂ ’ਚ ਵੀ ਉਹ ਕਾਂਗਰਸ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰ-ਪੂਰਬੀ ਦਿੱਲੀ, ਚਾਂਦਨੀ ਚੌਕ ਅਤੇ ਨਵੀਂ ਦਿੱਲੀ ਪਾਰਲੀਮਾਨੀ ਹਲਕਿਆਂ ਤੋਂ ਚੋਣ ਲੜਨ ਦੀ ਇੱਛੁਕ ਹੈ। ਪਿਛਲੀ ਮੀਟਿੰਗ ਦੌਰਾਨ ‘ਆਪ’ ਦੇ ਸੰਦੀਪ ਪਾਠਕ, ਆਤਿਸ਼ੀ ਅਤੇ ਸੌਰਭ ਭਾਰਦਵਾਜ ਹਾਜ਼ਰ ਸਨ। ਸੂਤਰਾਂ ਨੇ ਕਿਹਾ ਕਿ ਪਹਿਲੀ ਮੀਟਿੰਗ ’ਚੋਂ ਗ਼ੈਰਹਾਜ਼ਰ ਰਹਿਣ ਵਾਲੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਮੌਜੂਦ ਰਹਿਣਗੇ। -ਪੀਟੀਆਈ
ਕਾਂਗਰਸ ਦੀ ਗੱਠਜੋੜ ਕਮੇਟੀ ਨਾਲ ਬੈਠਕ ਨਹੀਂ ਕਰੇਗੀ ਟੀਐੱਮਸੀ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਵਿਚਲੇ ਸੂਤਰਾਂ ਨੇ ਅੱਜ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਕੌਮੀ ਅਲਾਇੰਸ ਕਮੇਟੀ ਨਾਲ ਕਿਸੇ ਮੀਟਿੰਗ ਲਈ ਆਪਣਾ ਕੋਈ ਨੁਮਾਇੰਦਾ ਨਹੀਂ ਭੇਜੇਗੀ। ਸੂਤਰਾਂ ਨੇ ਕਿਹਾ ਕਿ ਪਾਰਟੀ ਇਸ ਮਸਲੇ ’ਤੇ ਕਾਂਗਰਸ ਨੂੰ ਆਪਣੀ ਸਥਿਤੀ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ। ਕਾਂਗਰਸ ਦੀ ਇਸ ਕਮੇਟੀ ਵੱਲੋਂ ਵੱਖ ਵੱਖ ਰਾਜਾਂ ਵਿੱਚ ਇੰਡੀਆ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਟੀਐੱਮਸੀ ਸੂਤਰਾਂ ਨੇ ਕਿਹਾ ਕਿ ਕਾਂਗਰਸ ਨੇ ਅਜਿਹੀ ਹੀ ਇਕ ਬੈਠਕ ਲਈ ਪਾਰਟੀ ਆਗੂਆਂ ਨਾਲ ਸੰਪਰਕ ਕੀਤਾ ਸੀ ਤੇ ਉਨ੍ਹਾਂ ਨੂੰ ਸੁਨੇਹਾ ਪੁੱਜਦਾ ਕਰ ਦਿੱਤਾ ਗਿਆ ਹੈ ਕਿ ਉਹ ਆਪਣਾ ਨੁਮਾਇੰਦਾ ਭੇਜਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਟੀਐੱਮਸੀ ਨੇ ਕਾਂਗਰਸ ਨੂੰ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਸੀ, ਜਿਸ ਵਿਚੋਂ ਇਕ ਸੀਟ ਪਾਰਟੀ (ਕਾਂਗਰਸ) ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤੀ ਸੀ। ਪੱਛਮੀ ਬੰਗਾਲ ਵਿੱਚ 42 ਲੋਕ ਸਭਾ ਸੀਟਾਂ ਹਨ। ਸੂਤਰਾਂ ਮੁਤਾਬਕ ਕਾਂਗਰਸ ਨੇ ਸੀਟਾਂ ਦੀ ਗਿਣਤੀ ਪੱਖੋਂ ਪੇਸ਼ਕਸ਼ ਨੂੰ ਬਹੁਤ ਘੱਟ ਦੱਸ ਕੇ ਖਾਰਜ ਕਰ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਪੇਸ਼ਕਸ਼ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਹੀ ਕੀਤਾ ਜਾ ਸਕਦਾ ਹੈ। -ਪੀਟੀਆਈ
ਪੰਜਾਬ ਵਿੱਚ ‘ਆਪ’ ਨਾਲ ਗੱਠਜੋੜ ਬਾਰੇ ਹਾਈ ਕਮਾਂਡ ਨੂੰ ਰਿਪੋਰਟ ਦੇਣਗੇ ਯਾਦਵ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਜਨਵਰੀ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਤਿੰਨ ਦਿਨਾ ਮੰਥਨ ਪ੍ਰੋਗਰਾਮ ਮੁਕੰਮਲ ਕਰਨ ਮਗਰੋਂ ਅੱਜ ਇੱਥੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ‘ਆਪ’ ਨਾਲ ਸਿਆਸੀ ਗੱਠਜੋੜ ਬਾਰੇ ਆਗੂਆਂ ਅਤੇ ਵਰਕਰਾਂ ਤੋਂ ਰਲੀ ਮਿਲੀ ਫੀਡ ਬੈਕ ਮਿਲੀ ਹੈ। ਯਾਦਵ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਦੀ ਭਾਵਨਾ ਅਤੇ ਫੀਡਬੈਕ ਹਾਈਕਮਾਂਡ ਨਾਲ ਸਾਂਝੀ ਕੀਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਫੀਡਬੈਕ ਵਿਚ ਜ਼ਿਆਦਾ ਰੁਝਾਨ ‘ਆਪ’ ਨਾਲ ਗੱਠਜੋੜ ਨਾ ਕੀਤੇ ਜਾਣ ਦਾ ਸਾਹਮਣੇ ਆਇਆ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿਚ ਜਨਤਕ ਤੌਰ ’ਤੇ ਇਕੱਲੇ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ। ਸ੍ਰੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਦਾ ਆਪਣਾ ਸਟੈਂਡ ਹੋ ਸਕਦਾ ਹੈ ਪਰ ਕਾਂਗਰਸ ਇਕਜੁੱਟ ਹੋ ਕੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਉਹ ਗੱਠਜੋੜ ਦੀ ਤਿਆਰੀ ਕਰ ਰਹੇ ਹਨ ਅਤੇ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ।
ਸ੍ਰੀ ਯਾਦਵ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਅਤੇ ਸਾਬਕਾ ਮੰਤਰੀ ਵੀ ਮੀਟਿੰਗਾਂ ਵਿਚ ਸ਼ਾਮਲ ਹੋਏ ਹਨ। ਯਾਦਵ ਨੇ ਸਿਆਸੀ ਗੱਠਜੋੜ ਨੂੰ ਲੈ ਕੇ ਮਿਲੀ ਫੀਡਬੈਕ ਬਾਰੇ ਰਿਪੋਰਟ ਤਿਆਰ ਕਰ ਲਈ ਹੈ ਜੋ ਆਉਂਦੇ ਦਿਨਾਂ ਵਿਚ ਹਾਈਕਮਾਂਡ ਦੇ ਸਨਮੁੱਖ ਕੀਤੀ ਜਾਵੇਗੀ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਅੱਜ ਸਵੇਰੇ ਦੇਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਮੀਟਿੰਗ ਮਗਰੋਂ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਅਤੇ ਵਰਕਰਾਂ ਨੂੰ ਜੋੜਨ ਲਈ ਲੋਕਾਂ ਵਿਚ ਜਾ ਰਹੇ ਹਨ। ਵਰਕਰਾਂ ਬਿਨਾਂ ਪਾਰਟੀ ਖੜ੍ਹੀ ਨਹੀਂ ਹੋ ਸਕਦੀ ਤੇ ਅਨੁਸ਼ਾਸਨ ਸਾਰਿਆਂ ਲਈ ਹੁੰਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀਆਂ ਰੈਲੀਆਂ ਪਹਿਲਾਂ ਹੀ ਤੈਅ ਸਨ ਜਿਸ ਤੋਂ ਯਾਦਵ ਨੂੰ ਜਾਣੂ ਕਰਵਾਇਆ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ 21 ਜਨਵਰੀ ਨੂੰ ਮੋਗਾ ਜ਼ਿਲ੍ਹੇ ਵਿਚ ਜਨਤਕ ਰੈਲੀ ਕਰਨਗੇ ਅਤੇ 24 ਜਨਵਰੀ ਨੂੰ ਕਰਤਾਰਪੁਰ ਸਾਹਿਬ ਜਾਣਗੇ। ਦੇਵੇਂਦਰ ਯਾਦਵ ਨੇ ਅੱਜ ਮੀਡੀਆ ਕੋਲ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਯਾਦਵ ਭਾਵੇਂ ਪਿਛਲੇ ਤਿੰਨ ਦਿਨਾਂ ਤੋਂ ਪਾਰਟੀ ਦੇ ਇਕਜੁੱਟ ਹੋਣ ਦੀ ਗੱਲ ਕਰ ਰਹੇ ਹਨ, ਪਰ ਕਾਂਗਰਸ ਅੰਦਰਲਾ ਕਲੇਸ਼ ਲਗਾਤਾਰ ਜਨਤਕ ਹੋ ਰਿਹਾ ਹੈ।
ਨਵਜੋਤ ਸਿੱਧੂ ਵੱਲੋਂ ਮੋੜਵਾਂ ਵਾਰ
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਬਿਨਾਂ ਨਾਮ ਲਏ ਮੋੜਵਾਂ ਜਵਾਬ ਦਿੱਤਾ ਹੈ। ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਹੈ ਕਿ ‘ਕੌੜੀ ਕੌੜੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ, ਬਰਗਦ ਕੀ ਬਾਤ ਕਰਤੇ ਹੈਂ, ਗਮਲੋਂ ਮੇ ਉਗੇ ਹੋਏ ਲੋਗ’। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਸਿੱਧੂ ਖ਼ਿਲਾਫ਼ ਸਖ਼ਤ ਤੇਵਰ ਦਿਖਾਏ ਸਨ ਜਿਸ ਦੇ ਜੁਆਬ ਵਿਚ ਅੱਜ ਸਿੱਧੂ ਨੇ ਇਹ ਪ੍ਰਤੀਕਿਰਿਆ ਦਿੱਤੀ ਜਾਪਦੀ ਹੈ। ਸਿੱਧੂ ਨੂੰ ਜਦੋਂ ਪੁੱਛਿਆ ਕਿ ਇਸ਼ਾਰਾ ਕਿਸ ਵੱਲ ਹੈ ਤਾਂ ਉਨ੍ਹਾਂ ਕਿਹਾ ਕਿ ‘ਜਨਤਾ ਸਭ ਕੁਝ ਜਾਣਦੀ ਹੈ’।
‘ਭਾਰਤ ਜੋੜੋ ਨਿਆਏ ਯਾਤਰਾ’ ਦਾ ਪੋਸਟਰ ਜਾਰੀ
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਏ.ਆਈ.ਸੀ.ਸੀ ਦੇ ਬੁਲਾਰੇ ਅੰਸ਼ੁਲ ਅਵਿਜੀਤ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਸਿੰਘ ਖਡਿਆਲ ਨੇ ਪੰਜਾਬ ਕਾਂਗਰਸ ਭਵਨ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਪੋਸਟਰ ਜਾਰੀ ਕੀਤਾ।