For the best experience, open
https://m.punjabitribuneonline.com
on your mobile browser.
Advertisement

ਘੁੰਮਣਘੇਰੀ ’ਚ ਘਿਰਿਆ ਬੰਦਾ

06:11 AM May 28, 2024 IST
ਘੁੰਮਣਘੇਰੀ ’ਚ ਘਿਰਿਆ ਬੰਦਾ
Advertisement

ਡਾ. ਨਿਸ਼ਾਨ ਸਿੰਘ ਰਾਠੌਰ

Advertisement

ਮੈਂ ਭਾਵੇਂ ਅਖ਼ਬਾਰ ਦਾ ਪੱਕਾ ਮੁਲਾਜ਼ਮ ਨਹੀਂ ਸਾਂ, ਫਿਰ ਵੀ ਬਿਨਾਂ ਨਾਗਾ ਦਫ਼ਤਰ ਪਹੁੰਚ ਜਾਂਦਾ ਸਾਂ। ਪੱਕੇ ਮੁਲਾਜ਼ਮ ਮਗਰੋਂ ਆਉਂਦੇ ਤੇ ਮੈਂ ਪਹਿਲਾਂ ਅੱਪੜ ਜਾਂਦਾ। ਦੇਰ ਰਾਤ ਤੱਕ ਉੱਥੇ ਹੀ ਰਹਿੰਦਾ। ਬਿਊਰੋ ਚੀਫ ਦੂਰੋਂ ਆਉਂਦੇ ਸਨ, ਇਸ ਲਈ ਉਹ ਰਾਤੀਂ ਅੱਠ ਕੁ ਵਜੇ ਨਿਕਲ ਜਾਂਦੇ, ਉਨ੍ਹਾਂ ਬੱਸ ਫੜਨੀ ਹੁੰਦੀ ਸੀ। ਉਨ੍ਹਾਂ ਮਗਰੋਂ ਸਾਰੇ ਮੁਲਾਜ਼ਮ ਹੌਲੀ-ਹੌਲੀ ਖਿਸਕ ਜਾਂਦੇ ਪਰ ਮੈਂ ਇਕੱਲਾ ਹੀ ਬੈਠਾ ਰਹਿੰਦਾ।
ਛੇਆਂ ਮਹੀਨਿਆਂ ਵਿਚ ਹੀ ਟਾਈਪ ਕਰਨੀ ਸਿੱਖ ਗਿਆ ਤੇ ਮੁੜ ਆਪਣੀਆਂ ਖ਼ਬਰਾਂ ਆਪ ਹੀ ਟਾਈਪ ਕਰਨ ਲੱਗਿਆ। ਪੂਰਾ ਸਟਾਫ ਹੈਰਾਨ ਸੀ ਕਿ ਇਹ ਮੁੰਡਾ ਕੱਲ੍ਹ ਆਇਆ ਤੇ ਆਉਂਦਿਆਂ ਹੀ ਛਾਅ ਗਿਆ। ਉਦੋਂ ਇਨ੍ਹਾਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਹੁਣ ਸੋਚਦਾ ਹਾਂ ਕਿ ਇਹ ਸਭ ਬੰਦੇ ਦੇ ਸ਼ੌਕ ਉੱਪਰ ਨਿਰਭਰ ਕਰਦਾ ਹੈ। ਜਿਸ ਕੰਮ ਨੂੰ ਕਰਨ ਲੱਗਿਆਂ ਤੁਹਾਨੂੰ ਚੰਗਾ ਲੱਗੇ, ਤੁਸੀਂ ਉਹੀ ਕੰਮ ਕਰਦੇ ਹੋ। ਬਿਲਕੁਲ ਇੰਝ ਹੀ ਮੇਰੇ ਨਾਲ ਹੋਇਆ। ਜਿਹੜੇ ਬੰਦੇ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦੇ ਸਨ, ਉਹ ਅੱਕੇ ਪਏ ਸਨ ਪਰ ਮੈਨੂੰ ਸ਼ੌਕ ਸੀ। ਮੈਂ ਜਲਦ ਹੀ ਖ਼ਬਰਾਂ ਲਿਖਣੀਆਂ ਸਿੱਖ ਗਿਆ।
ਹਫ਼ਤਾ ਕੁ ਪਹਿਲਾਂ ਇੱਕ ਧਾਰਮਿਕ ਜਗ੍ਹਾ ’ਤੇ ਜਾਣ ਦਾ ਸਬਬ ਬਣਿਆ। ਉੱਥੇ ਕੰਮ ਕਰਦੇ ਧਾਰਮਿਕ ਆਗੂ ਨੂੰ ਮਿਲਿਆ ਤਾਂ ਉਹ ਢਿੱਲੇ ਜਾਪੇ। ਪੁੱਛਣ ’ਤੇ ਕਹਿਣ ਲੱਗੇ, “ਬਹੁਤ ਪ੍ਰੇਸ਼ਾਨ ਹਾਂ। ਇਸ ਕੰਮ ਵਿਚ ਹੁਣ ਭੋਰਾ ਇੱਜਤ ਨਹੀਂ। ਉੱਪਰੋਂ ਤਨਖ਼ਾਹ ਵੀ ਬਹੁਤ ਘੱਟ ਮਿਲਦੀ। ਘਰ ਦਾ ਗੁਜ਼ਾਰਾ ਮਸਾਂ ਚੱਲਦਾ। ਇਸ ਨਾਲੋਂ ਤਾਂ ਚੰਗਾ ਬੰਦਾ ਰੇਹੜੀ ਲਾ ਲਵੇ; ਪ੍ਰਬੰਧਕਾਂ ਦੀਆਂ ਗੱਲਾਂ ਤਾਂ ਨਾ ਸੁਣਨੀਆਂ ਪੈਣ!” ਉਹ ਸੱਚਮੁੱਚ ਪ੍ਰੇਸ਼ਾਨ ਲੱਗਿਆ।
ਇੱਕ ਸ਼ਾਮ ਨਿੱਕਾ ਪੁੱਤ ਆਲੂ-ਟਿੱਕੀ ਖਾਣ ਦੀ ਜਿ਼ੱਦ ਕਰਨ ਲੱਗਿਆ। ਉਨ੍ਹਾਂ ਨੂੰ ਲੈ ਕੇ ਬਾਜ਼ਾਰ ਗਿਆ ਤਾਂ ਨੇੜੇ ਹੀ ਖੜ੍ਹੀ ਰੇਹੜੀ ’ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੈਂ ਵੀ ਬੱਚਿਆਂ ਲਈ ਟਿੱਕੀ ਬਣਾਉਣ ਲਈ ਕਿਹਾ। ਬੱਚੇ ਟਿੱਕੀ ਖਾਣ ਲੱਗ ਪਏ ਤੇ ਰੇਹੜੀ ਵਾਲਾ ਕਮਮ ਕਰਦਾ-ਕਰਦਾ ਮੇਰੇ ਨਾਲ ਗੱਲੀਂ ਲੱਗ ਗਿਆ; ਅਖੇ, “ਸਰਦਾਰ ਜੀ, ਸਾਡੀ ਕਿਹੜੀ ਜਿ਼ੰਦਗੀ? ਸਾਰਾ ਦਿਨ ਲੋਕਾਂ ਦੇ ਜੂਠੇ ਭਾਂਡੇ ਧੋਂਦੇ ਆਂ।” ਮੈਂ ਕਿਹਾ, “ਕੋਈ ਨਾ, ਰੁਜ਼ਗਾਰ ਤਾਂ ਮਿਲਿਆ ਹੋਇਆ, ਬਥੇਰੀ ਦੁਨੀਆ ਬੇਰੁਜ਼ਗਾਰ ਤੁਰੀ ਫਿਰਦੀ ਹੈ ਅੱਜ ਕੱਲ੍ਹ।” ਉਹ ਕਹਿੰਦਾ, “ਇਸ ਕੰਮ ਨਾਲੋਂ ਚੰਗਾ ਤਾਂ ਬੰਦਾ ਬਾਬਿਆਂ ਦੇ ਡੇਰੇ ਰੋਟੀ ਖਾ ਲਵੇ। ਨਾਲੇ ਸੇਵਾ ਕਰ ਕੇ ਅਗਲਾ ਜਨਮ ਸਵਾਰੇ, ਨਾਲੇ ਇਸ ਕੁੱਤਖਾਨੇ ਤੋਂ ਖਹਿੜਾ ਛੁੱਟ ਜਾਵੇ।” ਉਹ ਸੱਚਮੁੱਚ ਦੁਖੀ ਲੱਗਿਆ।
ਇਹ ਮਨੁੱਖੀ ਫਿ਼ਤਰਤ ਹੈ, ਬਹੁਤੇ ਬੰਦੇ ਆਪਣਾ ਕੰਮ ਸ਼ੌਕ ਨਾਲ ਨਹੀਂ ਬਲਕਿ ਮਜਬੂਰੀ ਵੱਸ ਕਰਦੇ। ਬਹੁਤੇ ਬੰਦਿਆਂ ਨੂੰ ਆਪਣਾ ਕੰਮ ਹੀ ਪਸੰਦ ਨਹੀਂ ਹੁੰਦਾ। ਖ਼ਬਰੇ ਇਸੇ ਕਰ ਕੇ ਬੰਦਾ ਆਪਣੇ ਨਿੱਤ ਦੇ ਕੰਮ ਤੋਂ ਨਿਜਾਤ ਚਾਹੁੰਦਾ। ਅਸਲ ਵਿਚ ਉਹ ਆਪਣੇ ਨਿੱਤ ਦੇ ਕੰਮ ਤੋਂ ਬੋਰੀਅਤ ਮਹਿਸੂਸ ਕਰਦਾ ਹੈ। ਹਰ ਰੋਜ਼ ਇੱਕੋ ਹੀ ਕੰਮ। ਇਸ ਕਰ ਕੇ ਬੰਦਾ ਤਬਦੀਲੀ ਚਾਹੁੰਦਾ ਹੈ। ਖ਼ਬਰੇ ਇਸੇ ਕਰ ਕੇ ਲਿਖਣ ਲਿਖਾਉਣ ਦਾ ਕੰਮ ਅਧਿਆਪਕ ਘੱਟ ਹੀ ਕਰਦੇ ਹਨ। ਉਹ ਦਿਨ-ਰਾਤ ਪੜ੍ਹ-ਪੜ੍ਹਾ ਕੇ ਤੰਗ ਹੋਏ ਹੁੰਦੇ। ਇਸੇ ਕਰ ਕੇ ਵੱਡੇ ਲੇਖਕ ਅਮੂਮਨ ਅਧਿਆਪਨ ਕਿੱਤੇ ਨਾਲ ਸਬੰਧਿਤ ਨਹੀਂ ਹੁੰਦੇ, ਉਹ ਹੋਰ ਕਿੱਤਿਆਂ ਨਾਲ ਸਬੰਧ ਰੱਖਦੇ ਹਨ। ਅਧਿਆਪਕ ਆਪਣੇ ਸਿਲੇਬਸ ਨੂੰ ਹੀ ਪੜ੍ਹ-ਪੜ੍ਹਾ ਲੈਣ, ਇੰਨਾ ਹੀ ਕਾਫ਼ੀ ਹੈ; ਲਿਖਣਾ ਲਿਖਾਉਣਾ ਤਾਂ ਸ਼ੌਕ ਦਾ ਕੰਮ ਹੈ।
ਕਹਿੰਦੇ, ਟੇਲਰ ਮਾਸਟਰ ਦੀ ਆਪਣੀ ਕਮੀਜ਼ ਪਾਟੀ ਹੁੰਦੀ ਹੈ, ਮਾਸਟਰਾਂ ਦੇ ਬੱਚੇ ਘੱਟ ਹੀ ਪੜ੍ਹਦੇ ਹਨ ਅਤੇ ਡਾਕਟਰਾਂ ਦੇ ਬੱਚੇ ਬਿਮਾਰ ਹੀ ਹੁੰਦੇ ਹਨ। ਇਸ ਗੱਲ ਭਾਵੇਂ 100 ਫ਼ੀਸਦੀ ਦਰੁਸਤ ਨਹੀਂ ਪਰ ਕੋਈ ਗੱਲ ਤਾਂ ਹੋਵੇਗੀ! ਅਸਲ ਵਿਚ, ਇਹ ਲੋਕ ਆਪਣੇ ਕਿੱਤਿਆਂ ਤੋਂ ਅੱਕੇ ਹੁੰਦੇ ਅਤੇ ਧਿਆਨ ਦੀ ਅਣਹੋਂਦ ਅਜਿਹੀ ਹਾਲਤ ਪੈਦਾ ਕਰ ਦਿੰਦੀ ਹੈ। ਰੱਬ ਤੋਂ ਜਿੰਨਾ ਆਮ ਬੰਦਾ ਡਰਦਾ ਹੈ, ਓਨਾ ਧਾਰਮਿਕ ਬੰਦਾ ਨਹੀਂ ਡਰਦਾ; ਚੌਵੀ ਘੰਟੇ ਧਾਰਮਿਕ ਜਗ੍ਹਾ ’ਤੇ ਰਹਿਣ ਕਰ ਕੇ ਉਨ੍ਹਾਂ ਦਾ ਡਰ ਨਿਕਲ ਚੁੱਕਿਆ ਹੁੰਦਾ। ਜਬਰ-ਜਨਾਹ ਦੇ ਮਾਮਲਿਆਂ ਵਿਚ ਜੇਲ੍ਹਾਂ ਵਿਚ ਬੰਦ ਵੱਡੇ ਧਾਰਮਿਕ ਆਗੂਆਂ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਕਿੰਨੀ ਕੁ ਧਾਰਮਿਕਤਾ ਹੁਲਾਰੇ ਮਾਰਦੀ ਹੋਵੇਗੀ!
ਖ਼ੈਰ, ਬੰਦਾ ਜਿੱਥੇ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ ਉੱਥੇ ਹੀ ਵਰਤਮਾਨ ਸਮੇਂ ਵਿਚ ਵੀ ਖੁਸ਼ ਨਹੀਂ ਹੁੰਦਾ। ਉਹ ਭੂਤਕਾਲ ਦੀਆਂ ਯਾਦਾਂ ਵਿਚ ਗੁਆਚ ਕੇ ਖੁਸ਼ ਹੁੰਦਾ ਹੈ, ਭਵਿੱਖ ਦੀਆਂ ਮੁਸ਼ਕਿਲਾਂ ਨੂੰ ਸੋਚ-ਸੋਚ ਕੇ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ ਪਰ ਇਹ ਜਿ਼ੰਦਗੀ ਜਿਊਣ ਦਾ ਉੱਤਮ ਢੰਗ ਨਹੀਂ। ਚੰਦ ਸੈਕਿੰਡ ਲਈ ਸੋਚ ਕੇ ਦੇਖੋ: ਜਿਸ ਜਗ੍ਹਾ ਤੁਸੀਂ ਹੋ, ਉੱਥੇ ਪਹੁੰਚਣ ਲਈ ਲੱਖਾਂ ਲੋਕ ਯਤਨ ਕਰ ਰਹੇ ਹਨ। ਜੋ ਕੁਝ ਤੁਹਾਡੇ ਕੋਲ ਹੈ, ਉਸ ਵਾਸਤੇ ਲੱਖਾਂ ਲੋਕ ਦਿਨ-ਰਾਤ ਤਰਲੋਮੱਛੀ ਹੋ ਰਹੇ ਹਨ, ਤੁਹਾਡੇ ਵਰਗਾ ਰੁਜ਼ਗਾਰ ਪ੍ਰਾਪਤ ਕਰਨਾ ਲੱਖਾਂ ਲੋਕਾਂ ਦਾ ਸੁਫ਼ਨਾ ਹੈ। ਆਪਣੇ ਕਿੱਤੇ ਨੂੰ ਮਨੋ ਅਪਣਾਓ। ਤੁਸੀਂ ਜੋ ਕੁਝ ਵੀ ਹੋ, ਇਸ ਕਿੱਤੇ ਦੀ ਬਦੌਲਤ ਹੋ। ਚੰਦ ਸੈਕਿੰਡ ਲਈ ਬੇਰੁਜ਼ਗਾਰ ਹੋ ਕੇ ਦੇਖੋ, ਹਕੀਕਤ ਸਮਝ ਆ ਜਾਵੇਗੀ।
ਕੱਲ੍ਹ ਦੀਆਂ ਸਮੱਸਿਆਵਾਂ ਕੱਲ੍ਹ ਦੇਖੀਆਂ ਜਾਣਗੀਆਂ। ਕੱਲ੍ਹ ਦੀਆਂ ਸਮੱਸਿਆਵਾਂ ਲਈ ਅੱਜ ਬਰਬਾਦ ਨਹੀਂ ਕਰਨਾ ਚਾਹੀਦਾ। ਅੱਜ ਨੂੰ ਖੁੱਲ੍ਹਦਿਲੀ ਨਾਲ ਜਿਊਣਾ ਹੀ ਸਿਆਣਪ ਹੈ ਅਤੇ ਬਰਬਾਦ ਕਰਨਾ ਮੂਰਖਤਾ। ਇਸ ਲਈ ਸਿਆਪਣ ਦਾ ਸਬੂਤ ਦੇਣਾ ਚਾਹੀਦਾ ਅਤੇ ਖੁੱਲ੍ਹਦਿਲੀ ਨਾਲ ਜੀਵਨ ਜਿਊਣਾ ਚਾਹੀਦਾ। ਗਾਇਕ ਸਤਿੰਦਰ ਸਰਤਾਜ ਦੇ ਗੀਤ ਦੀਆਂ ਇਨ੍ਹਾਂ ਸਤਰਾਂ ਨਾਲ ਟਿੱਪਣੀ ਖ਼ਤਮ ਕਰਦੇ ਹਾਂ:
ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ
ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ।
ਸੰਪਰਕ: 90414-98009

Advertisement
Author Image

joginder kumar

View all posts

Advertisement
Advertisement
×