ਇਨੈਲੋ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਲ
ਪੱਤਰ ਪ੍ਰੇਰਕ
ਯਮੁਨਾਨਗਰ, 12 ਜੂਨ
ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰੀਆਂ ਤੋਂ ਛੁਟਕਾਰਾ ਮਿਲੇਗਾ ਅਤੇ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਿੱਚ ਲੋਕ ਪੱਖੀ ਸਰਕਾਰ ਬਣੇਗੀ। ਉਹ ਵਿਚਾਰ ਵੀਨਾ ਨਗਰ, ਜੋਗਿੰਦਰ ਨਗਰ ਅਤੇ ਕੈਂਪ ਖੇਤਰ ਤੋਂ ਭਾਜਪਾ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਛੱਡ ਕੇ ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਸ਼ਾਮਲ ਹੋਏ ਸੈਂਕੜੇ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵੱਖ-ਵੱਖ ਪਾਰਟੀਆਂ ‘ਚੋਂ ਸੰਨੀ, ਧਰਮਿੰਦਰ, ਵਿਸ਼ਵਨਾਥ ਚੌਹਾਨ, ਰਵੀ, ਸੂਰਜ, ਅਲੋਕ, ਚੰਚਲ ਯਾਦਵ, ਮੇਹਰੂਨ, ਰਾਮਦੇਵ, ਗੋਵਿੰਦ ਯਾਦਵ, ਅਮਨ ਸਿੰਘ, ਕਰਨ ਰਾਣਾ, ਗੁਲਜ਼ਾਰ ਸਮੇਤ ਸੈਂਕੜੇ ਨੌਜਵਾਨਾਂ ਨੇ ਇਨੈਲੋ ਦਾ ਪੱਲਾ ਫੜਿਆ। ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਇਨੈਲੋ ਦੇ ਅਹੁਦੇਦਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਨੌਜਵਾਨਾਂ ਨੂੰ ਪਾਰਟੀ ਦੇ ਚਿੰਨ੍ਹ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਤੇ ਸੂਬੇ ਦੀ ਹਾਲਤ ਬਹੁਤ ਤਰਸਯੋਗ ਹੈ। ਜਨਤਾ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੈ। ਜਿਨ੍ਹਾਂ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਹੈ ਉਹ ਸਿਰਫ਼ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਜਨਤਾ ਨੂੰ ਇਨ੍ਹਾਂ ਸੰਕਟਾਂ ਵਿੱਚੋਂ ਕੱਢਣ ਦਾ ਇੱਕੋ ਇੱਕ ਵਿਕਲਪ ਹੈ, ਸਰਕਾਰ ਦੀ ਤਬਦੀਲੀ ਅਤੇ ਇਹ 2024 ਵਿੱਚ ਯਕੀਨੀ ਤੌਰ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਾਲਾਤ ਬਦ ਤੋਂ ਬੱਦਤਰ ਹੋ ਗਏ ਹਨ। ਸਾਬਕਾ ਵਿਧਾਇਕ ਦਿਲਬਾਗ ਸਿੰਘ ਨੇ ਇਨੈਲੋ ਵਿੱਚ ਸ਼ਾਮਲ ਹੋਣ ਆਏ ਸਾਰੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ।