ਕਾਰ ਸੇਵਾ ਸੰਪਰਦਾ ਦੇ ਸਮਾਗਮ ’ਚ ਵੱਡੀ ਗਿਣਤੀ ਸੰਗਤ ਸ਼ਾਮਲ ਹੋਈ
ਪੱਤਰ ਪ੍ਰੇਰਕ
ਤਰਨ ਤਾਰਨ, 1 ਜਨਵਰੀ
ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਦੇ ਬਾਨੀ ਬਾਬਾ ਤਾਰਾ ਸਿੰਘ ਅਤੇ ਬਾਬਾ ਚਰਨ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਗੁਰਪੁਰੀ ਸਾਹਿਬ ਸੋਹਾਵਾ ਵਿਖੇ ਕਰਵਾਏ ਸਾਲਾਨਾ ਸਮਾਗਮਾਂ ਵਿੱਚ ਅੱਜ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ। ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਰਤੀ ਗਾਇਨ ਨਾਲ ਦੀਵਾਨ ਦੀ ਸ਼ੁਰੂਆਤ ਕੀਤੀ। ਕਥਾਵਾਚਕ ਗਿਆਨੀ ਸਤਨਾਮ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਕਈ ਪੰਥ ਪ੍ਰਸਿੱਧ ਜਥਿਆਂ ਨੇ ਹਰਿ ਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਅੱਜ ਸਜਾਏ ਦੀਵਾਨਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ (ਸਾਬਕਾ ਜਥੇਦਾਰ ਤਖਤ ਪਟਨਾ ਸਾਹਿਬ) ਵਲੋਂ ਸ੍ਰੀ ਮੁੱਖਵਾਕ ਦੀ ਕਥਾ ਨਾਲ ਦੀਵਾਨ ਸ਼ੁਰੂ ਹੋਏ। ਇਸ ਮੌਕੇ ਕਵੀਸ਼ਰ ਭਾਈ ਕਰਤਾਰ ਸਿੰਘ ਕਿਰਤੀ ਨੇ ਸੰਪਰਦਾ ਵੱਲੋਂ 2023 ਨੂੰ ਹੜ੍ਹਾਂ ਦੌਰਾਨ ਕੀਤੀਆਂ ਸੇਵਾਵਾਂ ਲਈ ਇਕ ਸੋਨੇ ਦਾ ਤੀਰ ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਨੂੰ ਅਤੇ ਬਾਬਾ ਹਾਕਮ ਸਿੰਘ ਨੂੰ ਸੋਨੇ ਦੀ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।