ਦਿੱਲੀ ਧਰਨੇ ’ਚ ਅਬੋਹਰ ਤੋਂ ਵੱਡੀ ਗਿਣਤੀ ‘ਆਪ’ ਵਰਕਰ ਪੁੱਜਣਗੇ: ਨਾਰੰਗ
ਪੱਤਰ ਪ੍ਰੇਰਕ
ਅਬੋਹਰ, 29 ਮਾਰਚ
‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ 31 ਮਾਰਚ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਧਰਨੇ ਦੇ ਹਿੱਸੇ ਵਜੋਂ ‘ਆਪ’ ਦੇ ਅਬੋਹਰ ਹਲਕਾ ਇੰਚਾਰਜ ਅਰੁਣ ਨਾਰੰਗ ਅਰੋੜਵੰਸ਼ ਧਰਮਸ਼ਾਲਾ ਵਿੱਚ ਬਲਾਕ ਅਤੇ ਵਾਰਡ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਮਾਰਚ ਨੂੰ ਦਿੱਲੀ ਵਿੱਚ ਹੋਣ ਵਾਲੀ ਮੈਗਾ ਰੈਲੀ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੋਵੇਗੀ। ਇਸ ਲਈ ਸੂਬੇ ਦੇ ਕਈ ਕੈਬਨਿਟ ਮੰਤਰੀ ਆਪਣੇ ਸਮਰਥਕਾਂ ਸਮੇਤ ਦਿੱਲੀ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਅਬੋਹਰ ਤੋਂ ਘੱਟੋ-ਘੱਟ ਇੱਕ ਹਜ਼ਾਰ ‘ਆਪ’ ਸਮਰਥਕ ਅਤੇ ਆਗੂ ਇਸ ਰੈਲੀ ਵਿੱਚ ਪਹੁੰਚ ਰਹੇ ਹਨ। ਇਸ ਤਹਿਤ ਅਬੋਹਰ ਦੇ ਸਾਰੇ ਬਲਾਕ ਪ੍ਰਧਾਨ ਅਤੇ ਵਾਰਡ ਇੰਚਾਰਜ ਆਪੋ-ਆਪਣੇ ਵਾਰਡਾਂ ਤੋਂ ਵਰਕਰਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨਗੇ ਅਤੇ 30 ਮਾਰਚ ਦੀ ਸ਼ਾਮ ਨੂੰ ਵਰਕਰ ਦਿੱਲੀ ਲਈ ਰਵਾਨਾ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਸਚਦੇਵਾ, ਜ਼ਿਲ੍ਹਾ ਸਕੱਤਰ ਉਪਕਾਰ ਜਾਖੜ, ਪੰਕਜ ਨਰੂਲਾ, ਅਭਿਸ਼ੇਕ ਸਿਡਾਨਾ, ਰਜਿੰਦਰ ਡੱਬੂ, ਰਣਜੀਤ ਸਿੰਘ, ਦੇਵਕੀ ਨੰਦਨ, ਜਤਿੰਦਰ ਕੌਰ, ਲਵਿਸ਼ ਵਧਵਾ ਆਦਿ ਹਾਜ਼ਰ ਸਨ।