ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਥਾ ਤੇ ਰੋਸ਼ਨੀ ਦਾ ਪ੍ਰਤੀਕ ਦੀਵਾ

10:01 AM Oct 26, 2024 IST

ਮਦਨ ਬੰਗੜ
Advertisement

ਦੀਵਾ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਦੀ ਮੁੱਖ ਲੋੜ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ ਅਤੇ ਅੱਜ ਵੀ ਮਨੁੱਖ ਦੇ ਅੰਗ ਸੰਗ ਇਸ ਦੀ ਹੋਂਦ ਬਰਕਰਾਰ ਨਜ਼ਰ ਆਉਂਦੀ ਹੈ। ਦੀਵੇ ਦੇ ਵੱਖ ਵੱਖ ਰੂਪ ਹੋਏ ਹਨ। ਜਿਵੇਂ ਜਿਵੇਂ ਮਨੁੱਖ ਦੀ ਸਮਝ ਵਿੱਚ ਇਜ਼ਾਫਾ ਹੁੰਦਾ ਗਿਆ, ਉਸੇ ਤਰ੍ਹਾਂ ਦੀਵੇ ਵਿੱਚ ਵੀ ਤਬਦੀਲੀ ਆਉਂਦੀ ਗਈ। ਬਲਦੇ ਹੋਏ ਦੀਵੇ ਨੂੰ ਪਵਿੱਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਦੇਵੀ ਦੇਵਤਿਆਂ, ਗੁਰੂਆਂ ਤੇ ਪੀਰਾਂ ਨੇ ਵੀ ਦੀਵੇ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਹੈ। ਮਿੱਟੀ ਦਾ ਦੀਵਾ ਜਗਾਉਣ ਲਈ ਅਕਸਰ ਸਰ੍ਹੋਂ ਦੇ ਤੇਲ ਜਾਂ ਫਿਰ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ।
ਮੁੱਢ ਕਦੀਮ ਤੋਂ ਦੀਵਾ ਘਰਾਂ ਵਿੱਚ ਸਿਰਫ਼ ਇੱਕ ਹੀ ਰੋਸ਼ਨੀ ਦਾ ਸਾਧਨ ਹੋਇਆ ਕਰਦਾ ਸੀ ਜਿਸ ਨੂੰ ਜਗਾਉਣ ਲਈ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਵਕਤ ਲੋਹੇ ਦੇ ਬਣੇ ਹੋਏ ਦੀਵੇ, ਜਿਨ੍ਹਾਂ ਨੂੰ ਮਿੱਟੀ ਦੇ ਤੇਲ ਨਾਲ ਭਰ ਕੇ ਉਸ ਵਿੱਚ ਕੱਪੜੇ ਦੀ ਬੱਤੀ ਵੱਟ ਕੇ ਪਾਈ ਜਾਂਦੀ ਸੀ, ਰੋਸ਼ਨੀ ਦੇਣ ਦਾ ਕੰਮ ਕਰਦਾ ਸੀ। ਦੀਵਾ ਬੇਸ਼ੱਕ ਮਿੱਟੀ ਦੇ ਤੇਲ ਦਾ ਹੋਵੇ ਚਾਹੇ ਮਿੱਟੀ ਦਾ ਬਣਿਆ ਹੋਇਆ, ਉਹ ਸਰ੍ਹੋਂ ਦੇ ਤੇਲ ਜਾਂ ਫਿਰ ਦੇਸੀ ਘਿਓ ਨਾਲ ਜਗਦਾ ਹੋਵੇ, ਉਸ ਨੂੰ ਪਵਿੱਤਰ ਹੀ ਮੰਨਿਆ ਜਾਂਦਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਦੁਆਬੇ ਦਾ ਪ੍ਰਸਿੱਧ ਪਿੰਡ ਨਗੱਜਾ ਲੋਹੇ ਦੇ ਦੀਵੇ ਬਣਾਉਣ ਲਈ ਪ੍ਰਸਿੱਧ ਸੀ ਜਿੱਥੇ ਮੁਸਲਮਾਨ ਦੀਵੇ ਬਣਾਉਣ ਦਾ ਕਾਰਖਾਨਾ ਚਲਾਉਂਦੇ ਸਨ। ਆਜ਼ਾਦੀ ਤੋਂ ਬਾਅਦ ਇੱਥੋਂ ਮੁਸਲਮਾਨ ਉੱਜੜ ਕੇ ਪਾਕਿਸਤਾਨ ਚਲੇ ਗਏ ਅਤੇ ਦੀਵੇ ਬਣਾਉਣ ਦਾ ਕਾਰੋਬਾਰ ਖ਼ਤਮ ਹੋ ਗਿਆ। ਮੇਰੇ ਘਰ ਵਿੱਚ ਅੱਜ ਵੀ ਨਗੱਜੇ ਦਾ ਬਣਿਆ ਹੋਇਆ ਲਗਭਗ 100 ਸਾਲ ਪੁਰਾਣਾ ਲੋਹੇ ਦਾ ਉਹ ਦੀਵਾ ਮੌਜੂਦ ਹੈ ਜਿਸ ਨੂੰ ਮਿੱਟੀ ਦੇ ਤੇਲ ਨਾਲ ਜਗਾਇਆ ਜਾਂਦਾ ਸੀ।
ਦੀਵਿਆਂ ਦੀ ਮਹੱਤਤਾ ਅਤੇ ਇਸ ਦੀ ਹੋਂਦ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਗੁਰੂਆਂ ਨੇ ਵੀ ਗੁਰਬਾਣੀ ਵਿੱਚ ਦੀਵੇ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਹੈ ਅਤੇ ਇਸ ਨੂੰ ਮਨੁੱਖੀ ਜ਼ਿੰਦਗੀ ਦਾ ਹਿੱਸਾ ਦੱਸਿਆ ਹੈ। ਗੁਰੂ ਸਾਹਿਬਾਨ ਨੇ ਦੀਵੇ ਅਤੇ ਤੇਲ ਦੀ ਵਿਆਖਿਆ ਕਰਦਿਆਂ ਇਸ ਨੂੰ ਆਪਣੇ ਜੀਵਨ ਚੱਕਰ ਨਾਲ ਜੋੜਿਆ ਹੈ। ਇਸੇ ਤਰ੍ਹਾਂ ਗੁਰਦੁਆਰਿਆਂ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਦੇਸੀ ਘਿਓ ਦੀ ਜੋਤ ਜਗਦੀ ਹੈ ਅਤੇ ਉਹ ਗੁਰਦੁਆਰੇ ਜੋ ਸਮਾਧਾਂ ’ਤੇ ਉਸਰੇ ਹੋਏ ਹਨ, ਉਨ੍ਹਾਂ ’ਤੇ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਦਾ ਹੈ।
ਕਿਸੇ ਵੀ ਇਸ਼ਟ ਦੇਵਤਾ ਨੂੰ ਪ੍ਰਸੰਨ ਕਰਨ ਹਿੱਤ ਉਸ ਅੱਗੇ ਜਗਾਈ ਜੋਤਿ ਪ੍ਰਕਾਸ਼, ਚਾਨਣ, ਤੇਜ਼ ਚਮਕ ਦੀ ਪ੍ਰਤੀਕ ਮੰਨੀ ਜਾਂਦੀ ਹੈ। ਇਹ ਆਤਮਿਕ ਗਿਆਨ ਦੀ ਵੀ ਪ੍ਰਤੀਕ ਮੰਨੀ ਜਾਂਦੀ ਹੈ। ਇਸੇ ਲਈ ਪੂਜਾ ਦੀ ਥਾਲੀ ਵਿੱਚ ਫੁੱਲ, ਧੂਫ਼ ਅਤੇ ਦੀਵਾ ਵੀ ਰੱਖਿਆ ਜਾਂਦਾ ਹੈ। ਆਰਤੀ ਅਸਲ ਵਿੱਚ ਵਾਰਨੇ ਦੀ ਪ੍ਰਥਾ ਦਾ ਹੀ ਰੂਪ ਮੰਨਿਆ ਜਾਂਦਾ ਹੈ। ਮੱਧਕਾਲ ਵਿੱਚ ਮਾਵਾਂ ਯੁੱਧ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਆਏ ਆਪਣੇ ਸੂਰਬੀਰ ਪੁੱਤਰਾਂ ਦੀ ਆਰਤੀ ਉਤਾਰਦੀਆਂ ਸਨ ਅਤੇ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀਆਂ ਸਨ। ਅਜੋਕੇ ਯੁੱਗ ਵਿੱਚ ਵੀ ਵਾਰਨੇ ਦੀ ਰਸਮ ਪ੍ਰਚੱਲਿਤ ਹੈ। ਵਿਆਹ ਤੋਂ ਬਾਅਦ ਜਦੋਂ ਡੋਲੀ ਘਰ ਵਿੱਚ ਆਉਂਦੀ ਹੈ ਤਾਂ ਕਈ ਥਾਈਂ ਨਵ ਵਿਆਹੀ ਜੋੜੀ ਉੱਤੋਂ ਪਾਣੀ ਵਾਰਨ ਦੀ ਰਸਮ ਸਮੇਂ ਥਾਲੀ ਵਿੱਚ ਘਿਓ ਦਾ ਦੀਵਾ ਜਗਾ ਕੇ ਇਹ ਰਸਮ ਨਿਭਾਈ ਜਾਂਦੀ ਹੈ। ਪੂਰਨ ਤੌਰ ’ਤੇ ਦੀਵੇ ਵਿੱਚ ਹੋਰ ਮਹੱਤਵਪੂਰਨ ਅੰਗ ਹਨ-ਰੂੰ ਦੀ ਬੱਤੀ, ਦੇਸੀ ਘਿਓ, ਤੇਲ ਅਤੇ ਅੱਗ| ਅੱਗ ਨੂੰ ਭਾਰਤੀ ਸੱਭਿਆਚਾਰ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਤੇ ਪਵਿੱਤਰ ਮੰਨਿਆ ਜਾਂਦਾ ਹੈ। ਜਾਦੂ ਚਿੰਤਨ ਅਨੁਸਾਰ ਰੂਹਾਂ ਅੱਗ ਦੇ ਨੇੜੇ ਨਹੀਂ ਆਉਂਦੀਆਂ। ਇਸੇ ਲਈ ਦੀਵੇ ਦੀ ਬਲਦੀ ਲੋਅ ਬਦਰੂਹਾਂ ਨੂੰ ਨੇੜੇ ਨਹੀਂ ਆਉਣ ਦਿੰਦੀ। ਸੂਤਕ ਵਾਲੇ ਕਮਰੇ ਵਿੱਚ ਬਲਦਾ ਦੀਵਾ ਇਸੇ ਲਈ ਰੱਖਿਆ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਅੱਗ ਆਪਣੇ ਵਿੱਚ ਸਾਰੀ ਕਰੋਪੀ ਨੂੰ ਸਾੜ ਦਿੰਦੀ ਹੈ।
ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਮੰਨਿਆ ਜਾ ਸਕਦਾ ਹੈ। ਪੰਜਾਬੀ ਸੱਭਿਅਤਾ ਵਿੱਚ ਬਹੁਤ ਸਾਰੀਆਂ ਰਸਮਾਂ ਵਿੱਚ ਦੀਵੇ ਦਾ ਹੋਣਾ ਲਾਜ਼ਮੀ ਹੁੰਦਾ ਹੈ। ਦੀਵਾ, ਜੋਤ, ਚਿਰਾਗ, ਦੀਪ ਇਹ ਸਾਰੇ ਸ਼ਬਦ ਸਮਾਨਾਰਥੀ ਹਨ। ਵੱਖ ਵੱਖ ਇਲਾਕਿਆਂ ਅਤੇ ਵੱਖ ਵੱਖ ਸੰਸਕ੍ਰਿਤੀਆਂ ਵਿੱਚ ਦੀਵੇ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਵਜੋਂ ਸਤਿਕਾਰਿਆ ਜਾਂਦਾ ਹੈ ਅਤੇ ਬੁਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ ਭਾਵ ਕਿ ਬੁਝੇ ਹੋਏ ਦੀਵੇ ਨੂੰ ਅਪਸ਼ਗਨ ਵੀ ਮੰਨਿਆ ਜਾਂਦਾ ਹੈ। ਇਸ ਲਈ ਜਗਦਾ ਦੀਵਾ ਆਗਮਨ ਅਤੇ ਦੀਵੇ ਦਾ ਬੁਝਣਾ ਅਸਤ ਮੰਨਿਆ ਗਿਆ ਹੈ। ਦੀਵਾ ਮਿੱਟੀ ਅਤੇ ਹੋਰ ਵੱਖ ਵੱਖ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿੱਚ ਦੀਵੇ ਦੀ ਥਾਂ ਅਕਸਰ ਮੋਮਬਤੀ ਅਤੇ ਲੈਂਪ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਬਦਲਿਆ ਹੋਇਆ ਰੂਪ ਹੈ। ਇਸ ਲੈਂਪ ਨੂੰ ਜਗਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਮਿੱਟੀ ਦੇ ਬਣੇ ਹੋਏ ਦੀਵੇ ਲਈ ਤੇਲ ਅਤੇ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਤਨ ਸਮੇਂ ’ਚ ਦੇਸੀ ਘਿਓ ਨੂੰ ਪੰਜ ਅੰਮ੍ਰਿਤਾਂ (ਪਵਿੱਤਰ ਵਸਤੂਆਂ) ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹ ਪੰਜ ਅੰਮ੍ਰਿਤ- ਦੁੱਧ, ਦਹੀਂ, ਘਿਓ, ਖੰਡ, ਗੁੜ ਜਾਂ ਮਿਸ਼ਰੀ ਹਨ।
ਹਿੰਦੂ ਧਰਮ ਵਿੱਚ ਇਸ਼ਟ/ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ ਅਤੇ ਇਸ ਜੋਤ ਵਿੱਚ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਘਿਓ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਸਿੱਖਾਂ ਵਿੱਚ ਵੀ ਦੇਸੀ ਘਿਓ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਕੜਾਹ ਪ੍ਰਸਾਦਿ ਵਿੱਚ ਤੀਜਾ ਹਿੱਸਾ ਦੇਸੀ ਘਿਓ ਦਾ ਹੁੰਦਾ ਹੈ। ਗੁਰਦੁਆਰਿਆਂ ਵਿੱਚ ਜਗਾਈ ਜਾਂਦੀ ਜੋਤ ਵਿੱਚ ਵੀ ਦੇਸੀ ਘਿਓ ਵਰਤਿਆ ਜਾਂਦਾ ਹੈ। ਸ਼ੁਭ ਮੌਕਿਆਂ ਜਾਂ ਮਨੋਕਾਮਨਾਵਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਵਨ ਵਿੱਚ ਹੋਰ ਸਮੱਗਰੀ ਦੇ ਨਾਲ ਨਾਲ ਦੇਸੀ ਘਿਓ ਵੀ ਪਾਇਆ ਜਾਂਦਾ ਹੈ।
ਇਸੇ ਲਈ ਖ਼ੁਸ਼ੀ ਦੇ ਮੌਕਿਆਂ ’ਤੇ ਦੇਸੀ ਘਿਓ ਦੇ ਦੀਵੇ ਬਾਲੇ ਜਾਂਦੇ ਹਨ। ਰਾਮਾਇਣ ਦੀ ਕਥਾ ਅਨੁਸਾਰ ਸ੍ਰੀ ਰਾਮ ਚੰਦਰ ਜੀ ਜਦੋਂ ਚੌਦਾਂ ਸਾਲਾਂ ਦੇ ਬਨਵਾਸ ਬਾਅਦ ਅਯੁੱਧਿਆ ਵਾਪਸ ਆਏ ਤਾਂ ਲੋਕਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਦੇਸੀ ਘਿਓ ਦੇ ਦੀਵੇ ਬਾਲ ਕੇ ਕੀਤਾ। ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਤਾਂ ਲੋਕਾਂ ਨੇ ਖ਼ੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਬਾਲੇ। ਜਗਰਾਤੇ ਸਮੇਂ ਮਾਤਾ ਦੀ ਜੋਤ ਘਿਓ ਦੀ ਜੋਤ ਨਾਲ ਜਗਾਈ ਜਾਂਦੀ ਹੈ। ਸਰ੍ਹੋਂ ਦੇ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ, ਇਸ ਬਾਰੇ ਦੱਸਣਾ ਮੁਸ਼ਕਿਲ ਹੈ। ਇਸ ਸਬੰਧੀ ਮਿਲਦੀਆਂ ਮਿੱਥ ਕਥਾਵਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਮਨੁੱਖੀ ਇਤਿਹਾਸ ਜਿੰਨੀ ਹੀ ਪੁਰਾਣੀ ਹੈ। ਸਰ੍ਹੋਂ ਦਾ ਤੇਲ ਸ਼ਨੀ ਦੀ ਹਾਜ਼ਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਲੀ ਦੀ ਰਾਤ ਨੂੰ ਲਕਸ਼ਮੀ ਦੀ ਪੂਜਾ ਕਰਨ ਸਮੇਂ ਲੋਕ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਂਦੇ ਹਨ। ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਤੋਂ ਪਹਿਲਾਂ ਤੇਲ ਚੋਣਾਂ ਜਾਂ ਤੇਲ ਦੀ ਵਰਤੋਂ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਸ਼ਨੀ ਦੇਵਤਾ ਜਾਂ ਬਦਰੂਹਾਂ ਕਿਸੇ ਵੀ ਸ਼ੁਭ ਕਾਰਜ ਵਿੱਚ ਵਿਘਨ ਨਾ ਪਾਉਣ। ਕੁਝ ਥਾਵਾਂ ’ਤੇ ਸੰਗਰਾਂਦ ਵਾਲੇ ਦਿਨ ਘਰ ਦੀਆਂ ਦਹਿਲੀਜ਼ਾਂ ਵਿੱਚ ਸਰ੍ਹੋਂ ਦਾ ਤੇਲ ਚੋਣ ਦਾ ਪ੍ਰਚਲਨ ਪੁਰਾਣੇ ਰੀਤੀ ਰਿਵਾਜਾਂ ਨੂੰ ਮੰਨਣ ਵਾਲੇ ਲੋਕਾਂ ਵਿੱਚ ਅੱਜ ਵੀ ਵੇਖਿਆ ਜਾਂਦਾ ਹੈ।
ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ ਜਾਂ ਵਡੇਰਿਆਂ ਦੀਆਂ ਸਮਾਧਾਂ ਅਤੇ ਮੜ੍ਹੀਆਂ ’ਤੇ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਹੈ। ਇਸਲਾਮੀ ਸੱਭਿਆਚਾਰ ਵਿੱਚ ਮੁਰਦੇ ਨੂੰ ਕਬਰ ਵਿੱਚ ਦਫ਼ਨਾਇਆ ਜਾਂਦਾ ਹੈ। ਇਸ ਲਈ ਕਬਰ ਉੱਤੇ ਬਲਣ ਵਾਲੇ ਦੀਵੇ ਨੂੰ ਚਿਰਾਗ ਜਗਾਉਣਾ ਕਿਹਾ ਜਾਂਦਾ ਹੈ। ਲੋਕ ਧਾਰਨਾ ਹੈ ਕਿ ਚਿਰਾਗ ਜਗਾਉਣ ਨਾਲ ਵਿਅਕਤੀ ਦੀ ਮਨੋ-ਕਾਮਨਾ ਛੇਤੀ ਪੂਰੀ ਹੋ ਜਾਂਦੀ ਹੈ। ਲੋਕ ਮਾਨਤਾਵਾਂ ਅਨੁਸਾਰ ਦੀਵਾਲੀ ਦੀ ਰਾਤ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ ਉਸ ਦਾ ਲੋਚਨ/ਕਾਜਲ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
ਹਿੰਦੂ ਧਰਮ ਵਿੱਚ ਜਿਨ੍ਹਾਂ ਮੰਦਰਾਂ ਵਿੱਚ ਸਨਾਤਨੀ ਵਿਧੀ ਰਾਹੀਂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਹੈ। ਸ਼ਿਵਾਲਾ ਮੰਦਰਾਂ ਵਿੱਚ ਆਮ ਲੋਕ ਭਾਵੇਂ ਦੇਸੀ ਘਿਓ ਦੀ ਜੋਤ ਜਗਾਉਂਦੇ ਹਨ, ਪਰ ਸਨਾਤਨੀ ਵਿਧੀ ਅਨੁਸਾਰ ਸ਼ਿਵ ਅਰਾਧਨਾ ਲਈ ਤੇਲ ਦਾ ਦੀਵਾ ਹੀ ਜਗਾਇਆ ਜਾਂਦਾ ਹੈ। ਇਸ ਤੋਂ ਬਿਨਾਂ ਜਿਨ੍ਹਾਂ ਮੰਦਰਾਂ ਵਿੱਚ ਨੌਂ-ਗ੍ਰਹਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਵੀ ਸਨਾਤਨੀ ਵਿਧੀ ਅਨੁਸਾਰ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਹੈ। ਵੱਖ-ਵੱਖ ਅਸਥਾਨਾਂ ਅਤੇ ਮੌਕਿਆਂ ਸਮੇਂ ਸਰ੍ਹੋਂ ਦੇ ਤੇਲ, ਦੇਸੀ ਘਿਓ ਅਤੇ ਅਲਸੀ ਦੇ ਤੇਲ ਦੇ ਦੀਵੇ ਵੀ ਜਗਾਏ ਜਾਂਦੇ ਹਨ। ਸ਼ਰਾਧਾਂ ਦੇ ਦਿਨਾਂ ਵਿੱਚ ਜਿਸ ਦਿਨ ਲੋਕ ਆਪਣੇ ਪਿੱਤਰਾਂ ਦਾ ਸ਼ਰਾਧ ਕਰਦੇ ਹਨ ਤਾਂ ਸ਼ਾਮ ਦੇ ਸਮੇਂ ਪਿੱਤਰਾਂ ਨੂੰ ਵਿਦਾ ਕਰਨ ਲਈ ਘਰ ਦੀਆਂ ਬਰੂਹਾਂ ਵਿੱਚ ਦੋ ਰੋਟੀਆਂ ਉੱਪਰ ਦੀਵਾ ਜਗਾ ਕੇ ਰੱਖਦੇ ਹਨ। ਲੋਕਮਤ ਹੈ ਕਿ ਇੰਜ ਕਰਨ ਨਾਲ ਘਰ ਆਏ ਪਿੱਤਰ ਵਾਪਸ ਚਲੇ ਜਾਂਦੇ ਹਨ, ਜਗਦਾ ਦੀਵਾ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਹੈ।
ਦੀਵਾਲੀ ਦੀ ਰਾਤ ਆਮ ਤੌਰ ’ਤੇ ਲੋਕ ਦੀਵੇ ਨੂੰ ਚੋਰਾਹੇ, ਖੂਹ, ਦਰੱਖਤ ਜਾਂ ਉਜਾੜ ਥਾਂ ’ਤੇ ਜਗਾ ਕੇ ਆਉਂਦੇ ਹਨ। ਦੀਵਾ ਗਿਆਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਕੋਈ ਵੀ ਸ਼ੁਭ ਕਾਰਜ ਕਰਨ ਤੋਂ ਪਹਿਲਾ ਜੋਤੀ ਜਲਾਈ ਜਾਂਦੀ ਹੈ। ਕੁੜੀਆਂ ਰੰਗੋਲੀ ਬਣਾ ਕੇ ਉਸ ਦੇ ਚਾਰੇ ਪਾਸੇ ਦੀਵੇ ਜਗਾਉਂਦੀਆਂ ਹਨ। ਦੰਦ ਕਥਾਵਾਂ ਅਨੁਸਾਰ ਪਿੱਪਲ ਦੇ ਦਰੱਖਤ ਥੱਲੇ ਸ਼ਨੀ ਦੇਵ ਦੀ ਅਰਾਧਨਾ ਲਈ ਦੀਵਾ ਜਗਾਇਆ ਜਾਂਦਾ ਹੈ ਅਤੇ ਕਰਵਾ ਚੌਥ ਦੀ ਥਾਲੀ ਵਿੱਚ ਵੀ ਦੀਵਾ ਜਗਾਇਆ ਜਾਂਦਾ ਹੈ। ਜਾਗੋ ਕੱਢਣ ਸਮੇਂ ਕੁੜੀਆਂ ਪਿੱਤਲ ਦੀ ਗਾਗਰ ਉੱਪਰ ਆਟੇ ਦੇ ਦੀਵੇ ਬਣਾ ਕੇ ਜਗਾਉਂਦੀਆਂ ਹਨ। ਜਾਗੋ ਨੂੰ ਮਨੁੱਖੀ ਚੇਤਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤੀ ਸੰਗੀਤ ਵਿੱਚ ਦੀਪਕ ਰਾਗ ਦਾ ਵਰਨਣ ਮਿਲਦਾ ਹੈ। ਲੋਕ ਧਾਰਨਾ ਹੈ ਕਿ ਜੇਕਰ ਇਹ ਰਾਗ ਤਨੋਂ ਮਨੋਂ ਗਾਇਆ ਜਾਏ ਤਾਂ ਦੀਵੇ ਆਪਣੇ ਆਪ ਜਗ ਜਾਂਦੇ ਹਨ। ਦੀਵਾਲੀ ਅਤੇ ਜਗਰਾਵਾਂ ਦਾ ਮੇਲਾ ਦੀਵੇ ਜਗਾਉਣ ਦੀ ਪ੍ਰਥਾ ਕਾਰਨ ਪ੍ਰਸਿੱਧ ਹਨ। ਜਗਰਾਵਾਂ ਦੇ ਮੇਲੇ ਨੂੰ ਇਸ ਕਰਕੇ ਰੋਸ਼ਨੀਆਂ ਦਾ ਮੇਲਾ ਕਿਹਾ ਜਾਂਦਾ ਹੈ ਕਿਉਂਕਿ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ। ਜਿਨ੍ਹਾਂ ਦੀ ਰੋਸ਼ਨੀ ਕਾਫ਼ੀ ਦੂਰੋਂ ਵਿਖਾਈ ਦਿੰਦੀ ਹੈ ਜੋ ਅਲੌਕਿਕ ਦ੍ਰਿਸ਼ ਪੇਸ਼ ਕਰਦੀ ਹੈ।
ਦੀਵਾਲੀ ਵਾਲੇ ਦਿਨ ਜੋ ਦੀਵੇ ਜਗਾਏ ਜਾਂਦੇ ਹਨ, ਉਹ ਸਰ੍ਹੋਂ ਦੇ ਤੇਲ ਦੇ ਹੀ ਹੁੰਦੇ ਹਨ। ਸਾਹਿਤ ਅਤੇ ਲੋਕ ਸਾਹਿਤ ਵਿੱਚ ਵੀ ਦੀਵੇ ਦਾ ਜ਼ਿਕਰ ਆਮ ਮਿਲਦਾ ਹੈ। ਦੀਵੇ ਨਾਲ ਸਬੰਧਿਤ ਅਖਾਣ ਅਤੇ ਮੁਹਾਵਰੇ ਵੀ ਬਣੇ ਹਨ: ਦੀਵਾ ਬਲਿਆ ਹਨੇਰਾ ਟਲਿਆ, ਦੀਵੇ ਥੱਲੇ ਹਨੇਰਾ। ਇਸੇ ਤਰ੍ਹਾਂ ਪੰਜਾਬੀ ਬੁਝਾਰਤਾਂ ਵਿੱਚ ਵੀ ਦੀਵੇ ਦੇ ਸੰਕਲਪ ਨੂੰ ਪੇਸ਼ ਕੀਤਾ ਗਿਆ ਹੈ। ਉੱਘੇ ਸਹਿਤਕਾਰ ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’ ਕਾਫ਼ੀ ਪ੍ਰਸਿੱਧ ਹੋਇਆ ਹੈ ਜਿਸ ਉੱਪਰ ਫਿਲਮ ਵੀ ਬਣਾਈ ਗਈ ਸੀ। ਸੱਭਿਆਚਾਰ ਵਿੱਚ ਵੱਖ ਵੱਖ ਸਮੇਂ ਆਏ ਗੀਤਾਂ ਵਿੱਚ ਵੀ ਦੀਵੇ ਦਾ ਜ਼ਿਕਰ ਫਨਕਾਰਾਂ ਵੱਲੋਂ ਕੀਤਾ ਗਿਆ ਜਿਵੇਂ ‘ਅੱਖ ਨਾਲ ਗੱਲ ਕਰ ਗਈ ਪੱਲਾ ਮਾਰ ਕੇ ਬੁਝਾ ਗਈ ਦੀਵਾ’, ‘ਸਾਡੀ ਤੂੰ ਹੀ ਏ ਦੀਵਾਲੀ ਦੀਵੇ ਲਾਉਣ ਵਾਲੀਏ’ ਤੋਂ ਇਲਾਵਾ ਵੀ ਵੱਖ ਵੱਖ ਸਮੇਂ ‘ਦੀਵਾ’ ਕਲਾਕਾਰਾਂ ਤੇ ਸਹਿਤਕਾਰਾਂ ਦਾ ਧਿਆਨ ਖਿੱਚਦਾ ਰਿਹਾ ਹੈ।
ਬਿਜਲੀ ਦੀ ਖੋਜ ਤੋਂ ਬਾਅਦ ਦੀਵੇ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਤਾ ਘਟਦੀ ਗਈ ਹੈ ਅਤੇ ਇਸ ਦੀ ਥਾਂ ਮਸ਼ੀਨੀ ਅਤੇ ਰਸਾਇਣਕ ਪਦਾਰਥ ਨਾਲ ਤਿਆਰ ਹੋਏ ਉਪਕਰਨਾਂ ਨੇ ਲੈ ਲਈ ਹੈ, ਪਰ ਆਪਣੀ ਸੱਭਿਆਚਾਰਕ ਮਹੱਤਤਾ ਕਾਰਨ ਦੀਵਾ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੱਦੋਜਹਿਦ ਕਰ ਰਿਹਾ ਹੈ। ਅਜੋਕੇ ਸਮੇਂ ਵਿੱਚ ਜਿੱਥੇ ਚਕਾਚੌਂਧ ਵਾਲੀਆਂ ਬਿਜਲੀ ਦੀਆਂ ਰੰਗ ਬਿਰੰਗੀਆਂ ਲਾਈਟਾਂ ਨੇ ਆਪਣੀ ਥਾਂ ਬਣਾ ਲਈ ਹੈ ਅਤੇ ਇਲੈਕਟ੍ਰੌਨਿਕ ਦੀਵੇ ਵੀ ਮਾਰਕੀਟ ਵਿੱਚ ਚੱਲ ਰਹੇ ਹਨ, ਇਸ ਦੇ ਬਾਵਜੂਦ ਮਿੱਟੀ ਦੇ ਦੀਵੇ ਵੇਚਣ, ਖ਼ਰੀਦਣ ਅਤੇ ਉਨ੍ਹਾਂ ਨੂੰ ਵਰਤਣ ਵਾਲਿਆਂ ਦੀ ਅੱਜ ਵੀ ਘਾਟ ਨਹੀਂ ਹੈ। ਅਜੋਕੇ ਸਮੇਂ ਵਿੱਚ ਵੀ ਮਿੱਟੀ ਦੇ ਦੀਵੇ ਖ਼ੁਸ਼ੀ, ਗ਼ਮੀ ਅਤੇ ਤਿਉਹਾਰਾਂ ਵੇਲੇ ਜਗਾਏ ਜਾਂਦੇ ਹਨ ਜਿੱਥੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿੱਟੀ ਦਾ ਦੀਵਾ ਆਪਣੀ ਹੋਂਦ ਨੂੰ ਅੱਜ ਵੀ ਬਰਕਰਾਰ ਰੱਖੀਂ ਬੈਠਾ ਹੈ।
ਸੰਪਰਕ: 95015-75511

Advertisement
Advertisement