ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਬੱਸ ਪਲਟੀ
ਹਤਿੰਦਰ ਮਹਿਤਾ
ਜਲੰਧਰ, 2 ਅਪਰੈਲ
ਆਦਮਪੁਰ ਨੇੜੇ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਵਾਹਨ ਨੂੰ ਓਵਰਟੇਕ ਕਰਦੇ ਹੋਏ ਪਲਟ ਗਈ। ਇਸ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਵਾਰੀਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਆਦਮਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਖਮੀਆਂ ਦੇ ਵੀ ਜਲਦ ਹੀ ਬਿਆਨ ਲਏ ਜਾਣਗੇ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪ੍ਰਿੰਸ ਟਰਾਂਸਪੋਰਟ ਦੀ ਬੱਸ ਜੋ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਕਿ ਜੱਦ ਬੱਸ ਆਦਮਪੁਰ ਦੇ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਚਾਲਕ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਸੜਕ ਤੋਂ ਹੇਠਾਂ ਜਾ ਕੇ ਗੰਦੇ ਨਾਲੇ ਵਿਚ ਪਲਟ ਗਈ। ਬੱਸ ਪਲਟਣ ਕਾਰਨ ਜ਼ਖ਼ਮੀ ਹੋਈਆਂ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਪੁਲੀਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਖੁਦ ਹੀ ਸਵਾਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਬੱਸ ਵਿੱਚ ਮੌਜੂਦ ਸਵਾਰੀਆਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਚੱਲ ਰਹੀ ਸੀ। ਪੁਲੀਸ ਨੇ ਬੱਸ ਵਿੱਚ ਮੌਜੂਦ ਸਵਾਰੀਆਂ ਅਤੇ ਡਰਾਈਵਰ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਕਿਸੇ ਵੀ ਸਵਾਰੀ ਦੇ ਗੰਭੀਰ ਸੱਟ ਨਹੀਂ ਲੱਗੀ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਯਾਤਰੀਆਂ ਨੂੰ ਘਰ ਭੇਜ ਦਿੱਤਾ ਜਾਵੇਗਾ।
ਟਮਾਟਰਾਂ ਦਾ ਭਰਿਆ ਟਰੱਕ ਪਲਟਿਆ
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਸੋਮਵਾਰ ਦੇਰ ਰਾਤ ਇੱਥੋਂ ਦੇ ਬੱਬਰੀ ਬਾਈਪਾਸ ’ਤੇ ਕਾਰ ਨੂੰ ਬਚਾਉਂਦਿਆਂ ਟਮਾਟਰਾਂ ਨਾਲ ਭਰਿਆ ਟਰੱਕ ਪਲਟ ਗਿਆ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਘਟਨਾ ਵਿੱਚ ਮਾਲਕ ਦਾ 5 ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਟਰੱਕ ਦੇ ਡਰਾਈਵਰ ਰੇਸ਼ਮ ਵਾਸੀ ਅਹਿਮਦਾਬਾਦ ਨੇ ਦੱਸਿਆ ਕਿ ਉਹ ਟਮਾਟਰਾਂ ਦੇ ਭਰੇ ਟਰੱਕ ਰਾਹੀਂ ਅਹਿਮਦਾਬਾਦ ਤੋਂ ਜੰਮੂ ਜਾ ਰਿਹਾ ਸੀ। ਰਾਤ ਕਰੀਬ 10.30 ਵਜੇ ਜਦੋਂ ਉਹ ਬੱਬਰੀ ਬਾਈਪਾਸ ਨੇੜੇ ਪਹੁੰਚਿਆ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਓਵਰਟੇਕ ਕੀਤਾ। ਇਸ ਤੇਜ਼ ਰਫ਼ਤਾਰ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇਸ ਨੇ ਟਰੱਕ ਨੂੰ ਡਿਵਾਈਡਰ ’ਤੇ ਚੜ੍ਹਾ ਦਿੱਤਾ ਜਿਸ ਦੌਰਾਨ ਟਰੱਕ ਪਲਟ ਗਿਆ ਅਤੇ ਟਰੱਕ ਵਿੱਚ ਲੱਦੇ ਟਮਾਟਰ ਸੜਕ ’ਤੇ ਖਿੱਲਰ ਗਏ। ਕਾਰ ਚਾਲਕ ਕਾਰ ਸਣੇ ਉੱਥੋਂ ਫ਼ਰਾਰ ਹੋ ਗਿਆ। ਰੇਸ਼ਮ ਨੇ ਦੱਸਿਆ ਕਿ ਘਟਨਾ ਵਿੱਚ ਕਰੀਬ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲੀਸ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਚੈੱਕ ਕਰਕੇ ਕਾਰ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।