ਜੱਜ ਬਣੀਆਂ ਧੀਆਂ ਦਾ ਸ਼ਾਨਦਾਰ ਸਵਾਗਤ
ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਅਕਤੂਬਰ
ਇਥੇ ਜੱਜ ਬਣ ਕੇ ਪੁੱਜੀ ਹੋਣਹਾਰ ਧੀ ਆਗਿਆਪਾਲ ਕੌਰ ਦਾ ਸ਼ਹਿਰ ਵਾਸੀਆਂ ਵੱਲੋਂ ਜੋਸ਼ੀਲਾ ਸਵਾਗਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਤੇ ਹੋਰਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ। ਇਥੇ ਸ਼ਹੀਦ ਭਗਤ ਸਿੰਘ ਨਗਰ ’ਚ ਹਰਮੀਤ ਸਿੰਘ ਫ਼ਿਰੋਜਪੁਰ ਵਿੱਚ ਪ੍ਰਾਈਵੇਟ ਆਈਟੀਆਈ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਸਥਾਨਕ ਆਈਟੀਆਈ ਦੀ ਲੈਬਾਰਟਰੀ ਵਿੱਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਵੱਡੀ ਧੀ ਅਵਨੀਤ ਕੌਰ ਸਾਲ 2020 ਵਿੱਚ ਜੱਜ ਬਣੀ ਸੀ। ਹੁਣ ਉਨ੍ਹਾਂ ਦੀ ਛੋਟੀ ਧੀ ਆਗਿਆਪਾਲ ਕੌਰ ਜੱਜ ਬਣੀ ਹੈ। ਨਵੀਂ ਜੱਜ ਬਣੀ ਆਗਿਆ ਪਾਲ ਕੌਰ ਅੱਜ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈ ਅਤੇ ਉਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਉਸ ਦਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਆਗਿਆਪਾਲ ਕੌਰ ਨੇ ਆਪਣੀ ਸਫ਼ਲਤਾ ਲਈ ਮਾਪਿਆਂ ਦੇ ਸਿਰ ਸਿਹਰਾ ਬੰਨ੍ਹਿਆ। ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੀ ਸਿੱਖਿਆ ਹਾਸਲ ਕਰ ਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ।
ਸਰਦੂਲਗੜ੍ਹ (ਬਲਜੀਤ ਸਿੰਘ): ਨਿਆਂਪਾਲਿਕਾ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਕੁਸਲਾ ਪਿੰਡ ਦੀ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ ਨੇ ਜੱਜ ਬਣ ਕੇ ਆਪਣੇ ਪਿੰਡ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪਰਿਵਾਰ ਸਮੇਤ ਅੱਜ ਪਿੰਡ ਕੁਸਲਾ ਪਹੁੰਚਣ ਸਮੇਂ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਕਿਰਨਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਗੱਲਬਾਤ ਕਰਦਿਆਂ ਕਿਰਨਦੀਪ ਨੇ ਕਿਹਾ ਕਿ ਮਾਤਾ-ਪਿਤਾ ਦੇ ਸਹਿਯੋਗ ਸਦਕਾ ਉਹ ਸਫ਼ਲਤਾ ਦੇ ਇਸ ਮੁਕਾਮ ’ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਲਗਨ ਤੇ ਮਿਹਨਤ ਨਾਲ ਸਫ਼ਲਤਾ ਦੀ ਹਰ ਪੌੜ੍ਹੀ ਚੜ੍ਹਿਆ ਜਾ ਸਕਦਾ ਹੈ। ਵਿਦੇਸ਼ ਜਾਣ ਦੀ ਹੋੜ ਛੱਡ ਕੇ ਨੌਜਵਾਨ ਵਰਗ ਮਿਹਨਤ ਕਰਨ ਤਾਂ ਹੀ ਆਪਣੇ ਦੇਸ਼ ਵਿਚ ਚੰਗੀਆਂ ਪ੍ਰਾਪਤੀਆਂ ਸੰਭਵ ਹਨ। ਜ਼ਿਕਰਯੋਗ ਹੈ ਕਿ ਜੱਜ ਬਣੀ ਇਸ ਲੜਕੀ ਦਾ ਪਰਿਵਾਰ ਕਈ ਸਾਲ ਪਹਿਲਾਂ ਸਰਕਾਰੀ ਨੌਕਰੀ ਦੇ ਕਾਰਨ ਬਰਨਾਲਾ ਚਲਾ ਗਿਆ ਸੀ, ਜਨਿ੍ਹਾਂ ਦਾ ਬਾਕੀ ਪਰਿਵਾਰ ਅਜੇ ਵੀ ਪਿੰਡ ਕੁਸਲਾ ਵਿੱਚ ਹੀ ਰਹਿ ਰਿਹਾ ਹੈ।