ਇਕ ਨਜ਼ਰ
ਸਰਕਾਰੀ ਟਿਊਬਵੈੱਲ ਦਾ ਸਟਾਰਟਰ, ਕੇਬਲ ਤੇ ਸਵਿੱਚ ਚੋਰੀ
ਪਠਾਨਕੋਟ: ਇਥੇ ਡਿਫੈਂਸ ਰੋਡ ’ਤੇ ਪੋਲਟਰੀ ਫਾਰਮ ਨੇੜੇ ਚੋਰ ਇੱਕ ਖੇਤ ਵਿੱਚ ਲੱਗੇ ਸਰਕਾਰੀ ਟਿਊਬਵੈੱਲ ਦਾ ਤਾਲਾ ਤੋੜ ਕੇ ਸਟਾਰਟਰ, ਕੇਬਲ ਅਤੇ ਸਵਿੱਚ ਚੋਰੀ ਕਰਕੇ ਲੈ ਗਏ। ਕਿਸਾਨ ਰਘੂਨਾਥ ਸਿੰਘ ਨੇ ਦੱਸਿਆ ਕਿ ਉਹ ਲੰਘੇ ਦਿਨ ਸਵੇਰੇ ਖੇਤ ਵਿੱਚ ਗਿਆ ਤਾਂ ਦੇਖਿਆ ਕਿ ਖੇਤ ਵਿੱਚ ਲੱਗੇ ਸਰਕਾਰੀ ਟਿਊਬਵੈੱਲ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਅੰਦਰੋਂ ਸਟਾਰਟਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਸ ਦੀ ਸੂਚਨਾ ਉਸ ਨੇ ਟਿਊਬਵੈੱਲ ਅਪਰੇਟਰ ਨੂੰ ਦਿੱਤੀ ਅਤੇ ਅਪਰੇਟਰ ਨੇ ਇਸ ਦੀ ਸ਼ਿਕਾਇਤ ਵਿਭਾਗ ਅਤੇ ਥਾਣੇ ਵਿੱਚ ਦੇ ਦਿੱਤੀ ਹੈ। -ਪੱਤਰ ਪ੍ਰੇਰਕ
ਝਾੜੀਆਂ ਵਿੱਚੋਂ 1630 ਲਿਟਰ ਲਾਹਣ ਬਰਾਮਦ
ਤਰਨ ਤਾਰਨ: ਇਥੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਰਾਮ ਮੂਰਤੀ ਦੀ ਅਗਵਾਈ ਵਿੱਚ ਵਿਭਾਗ ਦੀ ਇਕ ਟੀਮ ਨੇ ਬੀਤੇ ਦਿਨ ਦਰਿਆ ਬਿਆਸ ਨਾਲ ਲੱਗਦੇ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚੋਂ ਝਾੜੀਆਂ ਵਿੱਚ ਲੁਕਾ ਕੇ ਰੱਖੀ 1630 ਲਿਟਰ ਲਾਹਣ ਬਰਾਮਦ ਕੀਤੀ ਹੈ। ਇੰਸਪੈਕਟਰ ਰਾਜਵਿੰਦਰ ਕੌਰ ਨੇ ਅੱਜ ਇਥੇ ਦੱਸਿਆ ਕਿ ਇਸ ਸਬੰਧੀ ਗਗੜੇਵਾਲ ਪਿੰਡ ਦੇ ਵਾਸੀ ਸਰਵਣ ਸਿੰਘ ਲੰਬੜ, ਦਲਬੀਰ ਸਿੰਘ, ਪ੍ਰਕਾਸ਼ ਚੰਦ ਅਤੇ ਰਾਜਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਲੁੱਟ-ਖੋਹ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ
ਜਲੰਧਰ: ਸਥਾਨਕ ਮਾਡਲ ਟਾਊਨ ’ਚ ਐੱਚਡੀਐੱਫਸੀ ਲਾਈਫ ’ਚ ਕੰਮ ਕਰਨ ਵਾਲੇ ਵਿਅਕਤੀ ਦੀ 14 ਸਾਲ ਦੀ ਧੀ ਨਾਲ ਲੁੱਟ ਕਰਨ ਵਾਲੇ ਮੁਲਜ਼ਮਾਂ ਦੀ ਭਾਲ ’ਚ ਪੁਲੀਸ ਨੇ ਦਰਜਨਾਂ ਸੀਸੀਟੀਵੀ ਕੈਮਰੇ ਖੰਘਾਲੇ ਹਨ। ਕਈ ਕੈਮਰਿਆਂ ਦੀ ਫੁਟੇਜ ’ਚ ਮੁਲਜ਼ਮ ਕੈਦ ਹੋ ਗਏ ਹਨ। ਜਿਨ੍ਹਾਂ ’ਚੋਂ ਕੁਝ ਫੁਟੇਜ ’ਚ ਉਨ੍ਹਾਂ ਦੇ ਚਿਹਰੇ ਵੀ ਨਜ਼ਰ ਆਏ ਹਨ। ਪੁਲੀਸ ਉਨ੍ਹਾਂ ਦੀ ਪਛਾਣ ਕਰਵਾਉਣ ’ਚ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਅਰਬਨ ਅਸਟੇਟ ’ਚੋਂ ਬਾਹਰ ਵੱਲ ਭੱਜੇ ਸਨ। ਇਸ ਮਾਮਲੇ ’ਚ ਹਾਲੇ ਪੁਲੀਸ ਕੁਝ ਵੀ ਨਹੀਂ ਦੱਸ ਰਹੀ ਪਰ ਕਈ ਕੈਮਰਿਆਂ ਦੀ ਫੁਟੇਜ ’ਚ ਮੁਲਜ਼ਮ ਕੈਦ ’ਚ ਹਨ ਤੇ ਸੀਸੀਟੀਵੀ ਦੀ ਮਦਦ ਨਾਲ ਪੁਲੀਸ ਨੇ ਉਨ੍ਹਾਂ ਦਾ ਮੋਟਰਸਾਈਕਲ ਨੰਬਰ ਵੀ ਕਢਵਾ ਲਿਆ ਹੈ। ਪੁਲੀਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਦੋਂ ਲੁੱਟ ਹੋਈ ਤਾਂ ਮੁਲਜ਼ਮ ਇਕ ਸੀ ਪਰ ਜਦੋਂ ਭੱਜੇ ਤਾਂ ਮੁਲਜ਼ਮ ਦੋ ਸਨ। -ਪੱਤਰ ਪ੍ਰੇਰਕ
ਨਸ਼ਾ ਵੇਚਣ ਦੇ ਦੋਸ਼ ਹੇਠ ਤਿੰਨ ਖਿਲਾਫ਼ ਕੇਸ ਦਰਜ
ਤਰਨ ਤਾਰਨ: ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਸ਼ਾਹਬਾਜ਼ਪੁਰ ਦੇ ਵਾਸੀ ਤਿੰਨ ਜਣਿਆਂ ਵਲੋਂ ਚਿੱਟਾ ਵੇਚਣ ਦੇ ਦੋਸ਼ ਅਧੀਨ ਬੀਤੇ ਦਿਨ ਕੇਸ ਦਰਜ ਕੀਤਾ ਹੈ। ਡੀਐੱਸਪੀ ਸਰਬਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਇਹ ਕਾਰਵਾਈ ਉਨ੍ਹਾਂ ਵਲੋਂ ਪਿੰਡ ਅੰਦਰ ਚਿੱਟਾ (ਹੈਰੋਇਨ) ਵੇਚਣ ਦੀ ਇਕ ਵੀਡੀਓ ਸੂਬਾ ਸਰਕਾਰ ਦੇ ਐਂਟੀ ਡਰੱਗ ਪੋਰਟਲ ’ਤੇ ਪਾਏ ਜਾਣ ’ਤੇ ਪੁਲੀਸ ਨੇ ਕੀਤੀ ਹੈ। ਇਸ ਸਬੰਧੀ ਪਿੰਡ ਦੇ ਵਾਸੀ ਕਸ਼ੋਰੀ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ