ਇਕ ਨਜ਼ਰ
ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਕਾਦੀਆਂ: ਥਾਣਾ ਕਾਦੀਆਂ ਦੀ ਪੁਲੀਸ ਨੇ ਹੈਰੋਇਨ ਬਰਾਮਦ ਕਰ ਕੇ ਦੋ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਫ਼ਰਾਰ ਹੋ ਗਿਆ। ਐੱਸਐੱਚਓ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਏਐੱਸਆਈ ਸੁਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਹਲਵਾਂ ਦੇ ਸਟੇਡੀਅਮ ਨੇੜੇ ਮੌਜੂਦ ਸਨ ਕਿ ਇਸੇ ਦੌਰਾਨ ਇੱਕ ਬੁਲੇਟ ਮੋਟਰਸਾਈਕਲ ’ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਸ ਦੌਰਾਨ ਇੱਕ ਨੌਜਵਾਨ ਭੱਜ ਗਿਆ, ਜਿਸ ਨਾਲ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਡਿੱਗ ਗਿਆ ਤੇ ਬਾਕੀ ਦੋਵੇਂ ਵੀ ਭੱਜਣ ਲੱਗੇ। ਪੁਲੀਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਨੇ ਆਪਣੇ ਨਾਮ ਜਤਿੰਦਰ ਸਿੰਘ ਦੱਸਿਆ ਜਿਸ ਕੋਲੋਂ ਪੁਲੀਸ ਨੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਦਕਿ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਰੋਹਿਤ ਖੋਖਰ ਦੱਸਿਆ ਅਤੇ ਫ਼ਰਾਰ ਹੋਣ ਵਾਲੇ ਆਪਣੇ ਸਾਥੀ ਦਾ ਨਾਂ ਮਨਜਿੰਦਰ ਸਿੰਘ ਦੱਸਿਆ, ਜੋ ਜਤਿੰਦਰ ਸਿੰਘ ਦਾ ਭਰਾ ਹੈ। ਐੱਸਐੱਚਓ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
ਗੈਂਗਸਟਰ ਕਾਬੂ; ਅਸਲਾ ਬਰਾਮਦ
ਤਰਨ ਤਾਰਨ: ਥਾਣਾ ਖਾਲੜਾ ਦੀ ਪੁਲੀਸ ਨੇ ਕਈ ਵਾਰਦਾਤਾਂ ਕਰਨ ਵਾਲੇ ਗੈਂਗਸਟਰ ਨੂੰ ਹਥਿਆਰ ਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਰੋਬਨਪ੍ਰੀਤ ਸਿੰਘ ਵਾਸੀ ਮਾੜੀਮੇਘਾ ਵਜੋਂ ਕੀਤੀ ਹੈ| ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਪਿਸਤੌਲ, ਮੈਗਜੀਨ ਅਤੇ ਛੇ ਰੌਂਦ ਬਰਾਮਦ ਕੀਤੇ ਹਨ| -ਪੱਤਰ ਪ੍ਰੇਰਕ
ਦੋ ਭਗੌੜੇ ਅਪਰਾਧੀ ਕਾਬੂ
ਤਰਨ ਤਾਰਨ: ਜ਼ਿਲ੍ਹਾ ਪੁਲੀਸ ਦੇ ਪੀਓ ਸਟਾਫ਼ ਦੇ ਇੰਚਾਰਜ ਏਐੱਸਆਈ ਗੁਰਭੇਜ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਮੁਲਜ਼ਮਾਂ ਦੀ ਸ਼ਨਾਖਤ ਬਿਹਾਰੀਪੁਰ ਪਿੰਡ ਦੇ ਵਾਸੀ ਸੁਖਵਿੰਦਰ ਸਿੰਘ ਸ਼ਿੰਦੂ ਅਤੇ ਗੁਰਮੀਤ ਸਿੰਘ ਜੋਧਾ ਦੇ ਤੌਰ ’ਤੇ ਕੀਤੀ ਗਈ ਹੈ| ਮੁਲਜ਼ਮਾਂ ਖਿਲਾਫ਼ ਕੇਸ ਦਰਜ ਸਨ ਅਤੇ ਉਹ ਅਦਾਲਤ ਦੀ ਕਾਰਵਾਈ ਤੋਂ ਗੈਰ-ਹਾਜ਼ਰ ਹੋ ਗਏ ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਭਗੌੜੇ ਅਪਰਾਧੀ ਕਰਾਰ ਦੇ ਦਿੱਤਾ ਸੀ| -ਪੱਤਰ ਪ੍ਰੇਰਕ