ਇਕ ਨਜ਼ਰ
ਸਰਪੰਚ ਰਣਧੀਰ ਢਿੱਲੋਂ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ
ਮਹਿਲ ਕਲਾਂ: ਪਿੰਡ ਦੀਵਾਨਾ ਵਿੱਖ ਰਣਧੀਰ ਸਿੰਘ ਢਿੱਲੋਂ ਲਗਾਤਾਰ ਦੂਜੀ ਵਾਰ ਸਰਪੰਚੀ ਜਿੱਤਣ ਵਿੱਚ ਸਫ਼ਲ ਰਹੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਆਤਮਾ ਸਿੰਘ ਨੂੰ 230 ਵੋਟਾਂ ਨਾਲ ਹਰਾਇਆ। ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੀ ਅਗਵਾਈ ’ਚ ਸਮੁੱਚੀ ਰਾਬਰੀਆ ਪੱਤੀ ਦੇ ਪਤਵੰਤਿਆਂ ਵੱਲੋਂ ਸਰਪੰਚ ਰਣਧੀਰ ਸਿੰਘ ਅਤੇ ਪੰਚਾਂ ਦਾ ਸਨਮਾਨ ਕੀਤਾ ਗਿਆ। ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਪਹਿਲਾਂ ਵਾਂਗ ਉਹ ਇਨ੍ਹਾਂ ਪੰਜ ਸਾਲਾਂ ਵਿੱਚ ਪਿੰਡ ਦੇ ਅਧੂਰੇ ਰਹਿ ਗਏ ਕੰਮਾਂ ਨੂੰ ਨੇਪਰੇ ਚੜ੍ਹ ਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣਗੇ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਵੱਲੋਂ ਜਿੱਤ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਭੋਗ ਵੀ ਪਾਏ ਗਏ। -ਨਿੱਜੀ ਪੱਤਰ ਪ੍ਰੇਰਕ
ਬਚਿੱਤਰ ਸਿੰਘ ਪਿੰਡ ਕੜਮਾ ਦੇ ਸਰਪੰਚ ਬਣੇ
ਮਮਦੋਟ: ਪਿੰਡ ਕੜਮਾ ਤੋਂ ਬਚਿੱਤਰ ਸਰਪੰਚ ਚੁਣੇ ਗਏ। ਪਿੰਡ ਦੀਆਂ ਕੁਲ ਪੋਲ ਹੋਈਆਂ 1258 ਵੋਟਾਂ ਵਿੱਚੋਂ ਬਚਿੱਤਰ ਸਿੰਘ ਨੇ 707 ਵੋਟਾਂ ਪ੍ਰਾਪਤ ਕੀਤੀਆਂ ਤੇ ਆਪਣੇ ਵਿਰੋਧੀ ਗੁਰਨਾਮ ਸਿੰਘ ਨੂੰ 156 ਵੋਟਾਂ ਨਾਲ ਹਰਾਇਆ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਪਲਵਿੰਦਰ ਸਿੰਘ ਪੰਚ, ਛਿੰਦਰ ਕੌਰ ਪੰਚ, ਸੁਮਨ ਉਪਲ ਪੰਚ, ਗੁਰਜੰਟ ਸਿੰਘ ਪੰਚ, ਨੀਲਮ ਰਾਣੀ ਪੰਚ, ਚੁਣੇ ਗਏ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਗੁਰਮੇਜ ਸਿੰਘ ਢੋਟ, ਕੰਧਾਰਾ ਸਿੰਘ ਠੇਕੇਦਾਰ, ਸੁੱਚਾ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਆੜ੍ਹਤੀਆ ਹਰਬੰਸ ਸਿੰਘ ਜਥੇਦਾਰ, ਤਰਸੇਮ ਸਿੰਘ ਜਰਨੈਲ ਸਿੰਘ ਪ੍ਰਧਾਨ, ਦਰਸ਼ਨ ਸਿੰਘ ਡੇਅਰੀ ਵਾਲਾ, ਮੇਜਰ ਸਿੰਘ ਚੰਦੀ, ਕੁਲਵੀਰ ਸਿੰਘ ਭੰਬਾ, ਬਿੱਲਾ ਸ਼ੇਰੋਵਾਲੀਆ, ਕਮਲ ਪੰਨੂ ਜਗਦੀਸ਼ ਬਾਬਾ, ਨਿਰਵੈਰ ਸਿੰਘ ਆੜਤੀਆ, ਸੁਰਿੰਦਰ ਸਿੰਘ, ਗੁਰਮੇਜ ਸਿੰਘ ਸੇਖੋ, ਸੁਖਦੇਵ ਸਿੰਘ ਕੜਮਾ, ਮੋੜਾ ਸਿੰਘ, ਅਵਤਾਰ ਸਿੰਘ, ਪੂਰਨ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
ਮਲਕੀਤ ਸਿੰਘ ਰਾਜੂ ਬਣੇ ਪਿੰਡ ਜੱਜਲ ਦੇ ਸਰਪੰਚ
ਤਲਵੰਡੀ ਸਾਬੋ: ਪੰਚਾਇਤੀ ਚੋਣਾਂ ਦੌਰਾਨ ਪਿੰਡ ਜੱਜਲ ਦੇ ਵੋਟਰਾਂ ਵੱਲੋਂ ਪਿੰਡ ਦੇ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰ ਮਲਕੀਤ ਸਿੰਘ ਰਾਜੂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਪਿੰਡ ਦੇ ਨੌਜਵਾਨ ਗੁਰਮੀਤ ਸਿੰਘ ਜੱਜਲ ਨੇ ਦੱਸਿਆ ਕਿ ਭਾਵੇਂ ਪਿੰਡ ਦੀ ਸਰਪੰਚੀ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਮੁੱਖ ਮੁਕਾਬਲਾ ਮਲਕੀਤ ਸਿੰਘ ਰਾਜੂ ਅਤੇ ਚਮਕੌਰ ਸਿੰਘ ਵਿਚਕਾਰ ਰਿਹਾ। ਮਲਕੀਤ ਸਿੰਘ ਰਾਜੂ ਆਪਣੇ ਵਿਰੋਧੀ ਤੋਂ 157 ਵੋਟਾਂ ਵੱਧ ਲੈ ਕੇ ਜੇਤੂ ਰਹੇ। ਸਰਪੰਚ ਮਲਕੀਤ ਸਿੰਘ ਰਾਜੂ ਨੇ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇਣ ’ਤੇ ਉਹ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਨਗੇ ਤੇ ਕੀਤੇ ਵਾਅਦੇ ਪੂਰੇ ਕਰਨਗੇ। -ਪੱਤਰ ਪ੍ਰੇਰਕ
ਮੱਝੂਕੇ ਦੀ ਪੰਚਾਇਤ ਗੁਰੂਘਰ ’ਚ ਨਤਮਸਤਕ
ਭਦੌੜ: ਪਿੰਡ ਮੱਝੂਕੇ ਦੀ ਸਰਬਸੰਮਤੀ ਨਾਲ ਬਣੀ ਸਮੂਹ ਪੰਚਾਇਤ ਨੇ ਅੱਜ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਸ ਵਿੱਚ ਸਰਪੰਚ ਪਰਮਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਗੋਰਾ, ਰੇਸ਼ਮ ਕੁਮਾਰ, ਕੇਵਲ ਸਿੰਘ, ਲਖਵੀਰ ਸਿੰਘ, ਚਮਕੌਰ ਸਿੰਘ, ਸਿਕੰਦਰ ਸਿੰਘ, ਬਲਵਿੰਦਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਰਵਿੰਦਰ ਕੌਰ (ਸਾਰੇ ਪੰਚ) ਸ਼ਾਮਲ ਸਨ। ਸਰਪੰਚ ਪਰਮਜੀਤ ਕੌਰ ਨੇ ਕਿਹਾ ਕਿ ਉਹ ਪਿੰਡ ਵੱਲੋਂ ਦੂਜੀ ਵਾਰ ਉਨ੍ਹਾਂ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਬਣਾਉਣ ’ਤੇ ਧੰਨਵਾਦ ਕਰਦੇ ਹਨ ਤੇ ਉਹ ਜਿੱਥੇ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇਣਗੇ ਉਥੇ ਹਰ ਮਸਲੇ ਨੂੰ ਪੰਚਾਇਤ ਵਿੱਚ ਨਿਬੇੜਿਆ ਜਾਵੇਗਾ। ਸਰਪੰਚ ਦੇ ਪਤੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਉਹ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣਗੇ। -ਪੱਤਰ ਪ੍ਰੇਰਕ