ਇਕ ਨਜ਼ਰ
ਘਰ ਅੰਦਰੋਂ ਮੋਬਾਈਲ ਫੋਨ ਚੋਰੀ
ਲੁਧਿਆਣਾ: ਥਾਣਾ ਸਰਾਭਾ ਨਗਰ ਦੇ ਇਲਾਕੇ ਭਾਈ ਰਣਧੀਰ ਸਿੰਘ ਨਗਰ ਦੇ ਇੱਕ ਘਰ ਵਿੱਚੋਂ ਕੋਈ ਵਿਅਕਤੀ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਪ੍ਰਮੋਦ ਅਗਰਵਾਲ ਨੇ ਦੱਸਿਆ ਹੈ ਕਿ ਮੁਹੱਲਾ ਸਤਗੁਰ ਨਗਰ ਨਿਊ ਸ਼ਿਮਲਾਪੁਰੀ ਵਾਸੀ ਪੰਕਜ ਕੁਮਾਰ ਉਸ ਦੇ ਘਰ ਦੀ ਕੰਧ ਟੱਪ ਕੇ ਅੰਦਰੋਂ ਉਸ ਦਾ ਮੋਬਾਈਲ ਆਈਫੋਨ 12 ਪ੍ਰੋ ਮੈਕਸ ਚੋਰੀ ਕਰਕੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਠੱਗੀ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਲਾਢੋਵਾਲ ਦੀ ਪੁਲੀਸ ਨੇ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਨੋਦ ਕੁਮਾਰ ਡਿਪੂ ਮੈਨੇਜਰ ਮਾਰਡਨ ਪੈਸਟੀਸਾਈਡਜ ਸਪਲਾਈ ਗੋਇਲ ਅਸਟੇਟ ਨੇੜੇ ਲਾਡੋਵਾਲ ਪੁੱਲ ਨੇ ਦੱਸਿਆ ਹੈ ਕਿ ਉਹ ਬਤੌਰ ਡਿਪੂ ਮੈਨੇਜਰ ਵਜੋਂ ਮਾਡਰਨ ਪੈਸਟੀਸਾਈਡਜ ਸਪਲਾਈ ਵਿੱਚ ਕੰਮ ਕਰਦਾ ਹੈ। ਕੰਪਨੀ ਦੇ ਫੀਲਡ ਅਸਿਸਟੈਂਟ ਪਰਦੀਪ ਸਿੰਘ ਕੂਨਰ ਨੇ ਕੰਪਨੀ ਨਾਲ ਲੱਖਾਂ ਰੁਪਏ ਦਾ ਗਬਨ ਕੀਤਾ ਹੈ। ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਰਦੀਪ ਸਿੰਘ ਵਾਸੀ ਪਿੰਡ ਕੋਟ ਗੰਗੂ ਰਾਏ ਅਤੇ ਤਹਿਸੀਲ ਅਮਿੱਮਤ ਗੁਪਤਾ ਵਾਸੀ ਸਮਰਾਲਾ ਮਾਲਕ ਪੰਜਾਬ ਸੇਲਜ (ਅਚਾਰ) ਸਮਰਾਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਨੌਜਵਾਨ ਭੇਤ-ਭਰੀ ਹਾਲਤ ਵਿੱਚ ਲਾਪਤਾ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਨਿਊ ਮੋਤੀ ਨਗਰ ਕੋਸ਼ਲ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਲੜਕਾ ਨਾਰਾਇਣ (15 ਸਾਲ) ਬਿਨਾ ਦੱਸੇ ਕਿਧਰੇ ਚਲਾ ਗਿਆ ਹੈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲਿਆ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਕਿਸੇ ਮਨੋਰਥ ਦੀ ਪੂਰਤੀ ਲਈ ਲੜਕੇ ਨਾਰਾਇਣ ਨੂੰ ਆਪਣੀ ਨਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ
ਕੁੱਟਮਾਰ ਦੇ ਮਾਮਲੇ ਵਿੱਚ ਛੇ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ ਸੰਜੈ ਗਾਂਧੀ ਕਲੋਨੀ ਤਾਜਪੁਰ ਰੋਡ ਵਿੱਖੇ ਹੋਈ ਲੜਾਈ ਅਤੇ ਕੁੱਟਮਾਰ ਸਬੰਧੀ ਪੁਲੀਸ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਰਾਜਾ ਪੁੱਤਰ ਸਤਬੀਰ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਭੂਆ ਦੇ ਲੜਕੇ ਅਰਜੁਨ ਨੂੰ 10 ਹਜ਼ਾਰ ਰੁਪਏ ਉਧਾਰ ਦਿੱਤੇ ਸਨ ਜੋ ਲੈਣ ਲਈ ਉਸਦੀ ਝੁੱਗੀ ਵਿੱਚ ਗਿਆ। ਉਸ ਨੇ ਜਦੋਂ ਆਪਣੇ ਪੈਸਿਆਂ ਬਾਰੇ ਪੁੱਛਿਆ ਤਾਂ ਫੁੱਫੜ ਸ਼ਿਵ ਕੁਮਾਰ, ਅਰਜੁਨ ਅਤੇ ਕਪਿਲ ਨੇ ਉਸ ਦੀ ਕੁੱਟਮਾਰ ਕੀਤੀ। ਬਚਾਅ ਲਈ ਆਏ ਉਸ ਦੇ ਦੋਸਤ ਜਸ਼ਨ ਨੂੰ ਵੀ ਕੁੱਟਿਆ। ਪੁਲੀਸ ਨੇ ਅਰਜੁਨ, ਉਸ ਦੇ ਪਿਤਾ ਸ਼ਿਵ ਕੁਮਾਰ ਅਤੇ ਕਪਿਲ ਵਾਸੀ ਸੰਜੈ ਗਾਂਧੀ ਕਲੋਨੀ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਸੱਟਾ ਲਗਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਹਰਜਾਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਤਾਜਪੁਰ ਕੱਟ ਜੇਲ ਰੋਡ ਵਿੱਖੇ ਮੌਜੂਦ ਸੀ, ਤਾਂ ਵੀਰ ਸਿੰਘ ਵਾਸੀ ਨਰਿੰਦਰ ਨਗਰ ਅਤੇ ਮਨੋਜ ਸਾਹਨੀ ਵਾਸੀ ਬਿਹਾਰੀ ਕਲੋਨੀ ਨੂੰ ਦੌਰਾਨੇ ਚੈਕਿੰਗ ਗੰਦਾ ਨਾਲਾ ਤਾਜਪੁਰ ਰੋਡ ਨੇੜੇ ਝੁੱਗੀਆਂ ਵਿੱਖੇ ਸ਼ਰੇਆਮ ਜਗ੍ਹਾ ਪਰ ਦੜ੍ਹਾ ਸੱਟਾ ਲਗਾਉਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 2460 ਰੁਪਏ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ