ਇਕ ਨਜ਼ਰ
ਬਰੋਟੇ ਨਾਲ ਲਟਕਦੀ ਲਾਸ਼ ਮਿਲੀ
ਪਾਇਲ: ਥਾਣਾ ਪਾਇਲ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿੱਚ ਅੱਜ ਦੇਰ ਸ਼ਾਮ ਇੱਕ ਅਣਪਛਾਤੇ ਵਿਅਕਤੀ ਦੀ ਬਰੋਟੇ ਨਾਲ ਲਟਕਦੀ ਲਾਸ਼ ਮਿਲੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰ ਦੇ ਸਰਕਾਰੀ ਸਕੂਲ ਦੇ ਸਾਹਮਣੇ ਖੇਤਾਂ ਵਿੱਚ ਜਦੋਂ ਲੋਕਾਂ ਨੇ ਲਾਸ਼ ਵੇਖੀ ਤਾਂ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਪਾਇਲ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਡੀਐੱਸਪੀ ਪਾਇਲ ਦੀਪਕ ਰਾਏ ਨੇ ਦੱਸਿਆ ਕਿ ਹਾਲੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। -ਪੱਤਰ ਪ੍ਰੇਰਕ
ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਮੋਤੀਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਸੋਹਣ ਲਾਲ ਨੇ ਦੱਸਿਆ ਹੈ ਕਿ ਗਸ਼ਤ ਦੌਰਾਨ ਪੁਲੀਸ ਪਾਰਟੀ ਨੂੰ ਕਰਨ ਟ੍ਰਾਂਸਪੋਰਟ ਨੇੜੇ ਨਿਊ ਬਾਂਗਾ ਟ੍ਰਾਂਸਪੋਰਟ ਦੇ ਦਫ਼ਤਰ ਵੱਲੋਂ ਪੰਕਜ ਵਾਸੀ ਰਾਧਾ ਸੁਆਮੀ ਸਤਸੰਗ ਘਰ ਟਿੱਬਾ ਰੋਡ ਇੱਕ ਥੈਲੇ ਸਮੇਤ ਆਉਂਦਾ ਦਿਖਾਈ ਦਿੱਤਾ। ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ 15 ਕਿੱਲੋ ਭੁੱਕੀ ਚੂਰਾ ਪੋਸਤ, ਮੋਬਾਈਲ ਫੋਨ ਤੇ 500 ਰੁਪਏ ਨਕਦੀ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ
ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਵਿਮੈੱਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਿੰਡ ਕੂੰਮਕਲਾਂ ਵਾਸੀ ਬਲਦੇਵ ਸਿੰਘ ਦੀ ਪੁੱਤਰੀ ਅਨੂੰ ਸ਼ਰਮਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਵਿਆਹ ਸਾਹਿਬਵੀਰ ਸਿੰਘ ਨਾਲ 16 ਜਨਵਰੀ 2024 ਨੂੰ ਹੋਈ ਸੀ। ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਉਸ ਨੂੰ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕੀਤਾ ਜਾਣ ਲੱਗਿਆ। ਪੁਲੀਸ ਨੇ ਸਾਹਿਬਵੀਰ ਸਿੰਘ ਵਾਸੀ ਪਿੰਡ ਕੋਟ ਗੰਗੂ ਰਾਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਦੋ ਮੁਲਜ਼ਮ ਚਰਸ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਚਰਸ ਬਰਾਮਦ ਕੀਤੀ ਹੈ। ਪੁਲੀਸ ਨੇ ਤਾਜਪੁਰ ਰੋਡ ਨੇੜੇ ਪਾਣੀ ਵਾਲੀ ਟੈਂਕੀ ਮੋਟਰਸਾਈਕਲ ਸਵਾਰ ਦੀਪਕ ਮੋਰੀਆ ਤੇ ਅਜੈ ਕੁਮਾਰ ਵਾਸੀਆਨ ਮੁਹੱਲਾ ਹਿੰਮਤਪੁਰਾ ਗਿੱਲ ਚੌਕ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾ 250 ਗ੍ਰਾਮ ਚਰਸ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ