ਇਕ ਨਜ਼ਰ
ਚੋਰੀ ਦੇ ਸਕੂਟਰ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਐਕਟਿਵਾ ਸਕੂਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸੀਆਰਪੀ ਕਾਲੋਨੀ ਦੁੱਗਰੀ ਵਾਸੀ ਇੰਦਰਪਾਲ ਸਿੰਘ ਆਪਣੀ ਐਕਟਿਵਾ ਸਕੂਟਰ ਮਾਣਕਵਾਲ ਗੇਟ ਲਾਗੇ ਖੜੀ ਕਰ ਕੇ ਗਿਆ ਸੀ। ਜਦੋਂ ਕੁੱਝ ਦੇਰ ਬਾਅਦ ਵਾਪਸ ਆ ਕੇ ਦੇਖਿਆ ਤਾਂ ਐਕਟਿਵਾ ਸਕੂਟਰ ਗਾਇਬ ਸੀ। ਜਿਸ ਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਤਫਤੀਸ਼ ਦੌਰਾਨ ਪਲਵਿੰਦਰ ਸਿੰਘ ਉਰਫ਼ ਰੌਕੀ ਵਾਸੀ ਭੋਲਾ ਕਲੋਨੀ ਮਾਣਕਵਾਲ ਨੂੰ ਗ੍ਰਿਫ਼ਤਾਰ ਕਰ ਕੇ ਉਕਤ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜ਼ਖ਼ਮੀ
ਲੁਧਿਆਣਾ: ਥਾਣਾ ਸਦਰ ਦੇ ਇਲਾਕੇ ਪਿੰਡ ਗਿੱਲ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਗਲੀ ਨੰਬਰ 23 ਕੋਟ ਮੰਗਲ ਸਿੰਘ ਵਾਸੀ ਸ਼ੁਭਮ ਕੁਮਾਰ ਨੇ ਦੱਸਿਆ ਹੈ ਕਿ ਉਹ ਜੀਐੱਨਈ ਕਾਲਜ ਤੋਂ ਭੰਗੜੇ ਦੀਆਂ ਕਲਾਸਾਂ ਲਗਾ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਡੀਕੇ ਇਲੈਕਟ੍ਰਾਨਿਕਸ ਨੇੜੇ ਪਿੰਡ ਗਿੱਲ ਵਾਲੀ ਸਾਈਡ ਤੋਂ ਅਾ ਰਹੇ ਟਰੱਕ ਨੰਬਰ ਪੀਬੀ 06 ਵੀ 9697 ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਹਾਦਸੇ ਵਿੱਚ ਉਸ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਟਰੱਕ ਚਾਲਕ ਘਟਨਾ ਦੌਰਾਨ ਟਰੱਕ ਛੱਡ ਕੇ ਫਰਾਰ ਹੋ ਗਿਆ। ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਵਾਸੀ ਪਿੰਡ ਬੌਲੀ ਇੰਦਰਜੀਤ ਬਟਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਤੇ ਟਰੱਕ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਕੁੱਟਮਾਰ ਦੇ ਦੋਸ਼ ਹੇਠ 11 ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਡਾਬਾ ਦੀ ਪੁਲੀਸ ਨੇ ਕੁੱਟਮਾਰ ਦੇ ਦੋਸ਼ ਹੇਠ 11 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਗਲੀ ਨੰਬਰ 2 ਆਜ਼ਾਦ ਨਗਰ ਵਾਸੀ ਬਲਕਾਰ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਲੜਕਾ ਗੁਰਸੇਵਕ ਸਿੰਘ (18) ਆਪਣੇ ਮੋਟਰਸਾਈਕਲ ’ਤੇ ਸਟਾਰ ਰੋਡ ਸਥਿਤ ਆਪਣੇ ਪਲਾਟ ਵੱਲ ਜਾ ਰਿਹਾ ਸੀ ਤਾਂ ਕੁੱਝ ਲੋਕਾਂ ਨੇ ਸੁਖਦੇਵ ਨਗਰ ਲੋਹਾਰਾ ਰੋਡ ’ਤੇ ਉਸ ਨੂੰ ਰੋਕ ਕੇ ਰੰਜਿਸ਼ ਦੇ ਚਲਦਿਆਂ ਉਸ ਦੀ ਕੁੱਟਮਾਰ ਕੀਤੀ। ਪੁਲੀਸ ਵੱਲੋਂ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਉਸ ਦੇ ਪੁੱਤਰਾਂ ਜਸਵੰਤ ਸਿੰਘ ਅਤੇ ਬਿਕਰਮ ਸਿੰਘ, ਉਸਦੇ ਭਰਾ ਮਹਿੰਦਰ ਸਿੰਘ ਅਤੇ ਮਹਿੰਦਰ ਸਿੰਘ ਦੇ ਪੁੱਤਰ ਬਾਦਲ ਸਿੰਘ ਵਾਸੀ ਸੁਖਦੇਵ ਨਗਰ ਲੁਹਾਰਾ ਰੋਡ ਸਮੇਤ 5/6 ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
ਹਵਾਲਾਤੀਆਂ ਤੋਂ ਮੋਬਾਈਲ ਬਰਾਮਦ
ਲੁਧਿਆਣਾ: ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਜੇਲ੍ਹ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀਆਂ ਸਾਜਨ ਕੁਮਾਰ ਉਰਫ਼ ਉਜਾਲਾ ਪੁੱਤਰ ਮਹੇਸ਼ਵਰ ਰਾਏ ਅਤੇ ਹਰਪਾਲ ਸਿੰਘ ਪੁੱਤਰ ਗੇਜਾ ਸਿੰਘ ਤੋਂ ਦੋ ਮੋਬਾਈਲ ਫੋਨ ਸੈਮਸੰਗ ਅਤੇ ਕੇਚੋਡਾ ਬਰਾਮਦ ਕੀਤੇ ਗਏ ਹਨ। ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ