For the best experience, open
https://m.punjabitribuneonline.com
on your mobile browser.
Advertisement

ਬਿਨਾਂ ਡਰਾਈਵਰ ਕਠੂਆ ਤੋਂ 76 ਕਿਲੋਮੀਟਰ ਦੂਰ ਪੁੱਜੀ ਮਾਲ ਗੱਡੀ

09:15 AM Feb 26, 2024 IST
ਬਿਨਾਂ ਡਰਾਈਵਰ ਕਠੂਆ ਤੋਂ 76 ਕਿਲੋਮੀਟਰ ਦੂਰ ਪੁੱਜੀ ਮਾਲ ਗੱਡੀ
ਉੱਚੀ ਬੱਸੀ ਦੇ ਰੇਲਵੇ ਸਟੇਸ਼ਨ ’ਤੇ ਰੁਕੀ ਮਾਲ ਗੱਡੀ ਕੋਲ ਖੜ੍ਹੇ ਰੇਲ ਅਧਿਕਾਰੀ।
Advertisement

ਜਗਜੀਤ ਸਿੰਘ
ਮੁਕੇਰੀਆਂ, 25 ਫਰਵਰੀ
ਰੇਲਵੇ ਵਿਭਾਗ ਦੀ ਇੱਕ ਮਾਲ ਗੱਡੀ ਅੱਜ ਸਵੇਰੇ ਕਠੂਆ ਰੇਲਵੇ ਸਟੇਸ਼ਨ ਤੋਂ ਅਚਾਨਕ ਬਿਨਾ ਡਰਾਈਵਰ ਤੋਂ ਹੀ ਤੁਰ ਪਈ ਜਿਸ ਨੂੰ ਕਾਫ਼ੀ ਜੱਦੋਜਹਿਦ ਮਗਰੋਂ ਮੁਕੇਰੀਆਂ ਨੇੜਲੇ ਕਸਬਾ ਉੱਚੀ ਬੱਸੀ ਦੇ ਰੇਲਵੇ ਸਟੇਸ਼ਨ ’ਤੇ ਲੱਕੜ ਦੇ ਸਟਾਪਰ ਲਾ ਕੇ ਰੋਕਿਆ ਗਿਆ। ਬਿਨਾ ਡਰਾਈਵਰ ਤੋਂ 76 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਇਸ ਮਾਲ ਗੱਡੀ ਦੀ ਰੇਲਵੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਜਿਸ ਮਗਰੋਂ ਇਸ ਨੂੰ ਅਗਲੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਨੂੰ ਕਠੂਆ ਤੋਂ ਅਗਲੇ ਸਟੇਸ਼ਨਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸਫਲ ਰਹਿਣ ’ਤੇ ਅਖੀਰ ਮਾਲ ਗੱਡੀ ਨੂੰ ਉੱਚੀ ਬੱਸੀ ਰੋਕਿਆ ਜਾ ਸਕਿਆ। ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲੀ ਇਸ ਮਾਲ ਗੱਡੀ ਕਾਰਨ 3 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਬਿਨਾਂ ਡਰਾਈਵਰ ਦੇ ਕਠੂਆ ਤੋਂ ਰਵਾਨਾ ਹੋਣ ਵਾਲੀ ਇਸ ਮਾਲ ਗੱਡੀ ਨੂੰ ਰੋਕਣ ਲਈ ਜਲੰਧਰ ਤੱਕ ਦੇ ਸਾਰੇ ਸਟੇਸ਼ਨਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। ਖਾਲੀ 53 ਡੱਬਿਆਂ ਨਾਲ ਚੱਲ ਰਹੀ ਗੱਡੀ ਦੇ ਉੱਚੀ ਬੱਸੀ ਨੇੜੇ ਰੁਕਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਠੂਆ ਸਟੇਸ਼ਨ ’ਤੇ ਗੱਡੀ ਦਾ ਡਰਾਈਵਰ ਇੰਜਨ ਚਲਾ ਕੇ ਬਿਨਾਂ ਹੈਂਡਬ੍ਰੇਕ ਲਾਇਆਂ ਹੇਠਾਂ ਉੱਤਰ ਗਿਆ ਸੀ। ਗੱਡੀ ਢਲਾਨ ’ਤੇ ਖੜ੍ਹੀ ਹੋਣ ਕਾਰਨ ਤੁਰ ਪਈ ਜੋ ਹੌਲੀ ਹੌਲੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਪੁੱਜ ਗਈ। ਰੇਲਵੇ ਅਧਿਕਾਰੀਆਂ ਨੇ ਤੁਰੰਤ ਅਗਲੇ ਸਟੇਸ਼ਨਾਂ ’ਤੇ ਅਲਰਟ ਜਾਰੀ ਕਰ ਕੇ ਸਾਰੇ ਲਾਂਘੇ ਬੰਦ ਕਰਵਾ ਦਿੱਤੇ ਤੇ ਪਠਾਨਕੋਟ ਵੱਲ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਵੀ ਰੋਕ ਦਿੱਤੀਆਂ। ਪਹਿਲਾਂ ਮਾਲ ਗੱਡੀ ਨੂੰ ਸੁਜਾਨਪੁਰ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀ ਨਾ ਰੁਕੀ। ਇਸ ਮਗਰੋਂ ਰਫ਼ਤਾਰ ਤੇਜ਼ ਹੋਣ ਕਾਰਨ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਭੰਗਾਲਾ ਅਤੇ ਮੁਕੇਰੀਆਂ ਦੇ ਸਟੇਸ਼ਨਾਂ ’ਤੇ ਵੀ ਇਸ ਨੂੰ ਰੋਕਿਆ ਨਾ ਜਾ ਸਕਿਆ। ਅਖੀਰ ਰਫ਼ਤਾਰ ਥੋੜੀ ਘਟਣ ਮਗਰੋਂ ਇਸ ਨੂੰ ਉੱਚੀ ਬੱਸੀ ਰੇਲਵੇ ਸਟੇਸ਼ਨ ’ਤੇ ਰੋਕਿਆ ਜਾ ਸਕਿਆ।

Advertisement

ਜਾਂਚ ਮਗਰੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ: ਟਰੈਫਿਕ ਮੈਨੇਜਰ

ਜੰਮੂ ਰੇਲਵੇ ਡਿਵੀਜ਼ਨ ਦੇ ਟਰੈਫਿਕ ਮੈਨੇਜਰ ਅਸ਼ੋਕ ਕੁਮਾਰ ਸਿਨਹਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸੰਭਾਵਿਤ ਸੁਰੱਖਿਆ ਕੁਤਾਹੀਆਂ ਦੀ ਪਛਾਣ ਕਰਨ ਲਈ ਮਾਮਲੇ ਨੂੰ ਵਿਚਾਰਿਆ ਜਾਵੇਗਾ।

Advertisement
Author Image

Advertisement
Advertisement
×