For the best experience, open
https://m.punjabitribuneonline.com
on your mobile browser.
Advertisement

ਸੂਬੇ ਦੇ ਸਭ ਤੋਂ ਵੱਡੇ ਜੀਐੱਸਟੀ ਦਫ਼ਤਰ ’ਚ ਅੱਗ ਲੱਗੀ

08:37 AM Jun 13, 2024 IST
ਸੂਬੇ ਦੇ ਸਭ ਤੋਂ ਵੱਡੇ ਜੀਐੱਸਟੀ ਦਫ਼ਤਰ ’ਚ ਅੱਗ ਲੱਗੀ
ਜੀਐੱਸਟੀ ਇਮਾਰਤ ਦੀ ਪੰਜਵੀਂ ਮੰਜ਼ਿਲ ਵਿੱਚ ਅੱਗ ਲੱਗਣ ਕਾਰਨ ਨਿਕਲ ਰਿਹਾ ਧੂੰਆਂ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 12 ਜੂਨ
ਇਥੇ ਸੂਬੇ ਦੇ ਸਭ ਤੋਂ ਵੱਡੇ ਜੀਐੱਸਟੀ ਦਫ਼ਤਰ ਦੀ ਪੰਜਵੀਂ ਮੰਜ਼ਿਲ ’ਤੇ ਅੱਜ ਸਵੇਰੇ ਕਰੀਬ 8 ਵਜੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਜੀਐੱਸਟੀ ਨਾਲ ਸਬੰਧਤ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਕਰੀਬ 2 ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਇਸ ਦੌਰਾਨ ਇਮਾਰਤ ’ਚ ਪਿਆ ਪੰਜਾਬ ਦਾ ਜੀਐੈੱਸਟੀ ਨਾਲ ਸਬੰਧਤ ਕਾਫੀ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ।
ਜੀਐੱਸਟੀ ਭਵਨ ਵਿੱਚ ਤਾਇਨਾਤ ਮੁਲਾਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਮ ਵਾਂਗ ਕੰਮ ਕਰ ਰਿਹਾ ਸੀ, ਜਿਸ ਦੌਰਾਨ ਕੁਝ ਸੜਨ ਦੀ ਬਦਬੂ ਆਉਣ ਲੱਗੀ। ਮੁਲਾਜ਼ਮਾਂ ਵੱਲੋਂ ਜਾਂਚ ਕਰਨ ’ਤੇ ਅੱਗ ਲੱਗਣ ਦਾ ਪਤਾ ਲੱਗਾ, ਜਿਸ ਮਗਰੋਂ ਪੂਰੀ ਮੰਜ਼ਿਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਹਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਪੁਲੀਸ ਮੁਲਾਜ਼ਮਾਂ ਦੇ ਹਥਿਆਰ ਵੀ ਤੁਰੰਤ ਬਾਹਰ ਕੱਢ ਲਏ ਗਏ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਮਦਦ ਨਾਲ ਇਸ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਨਾਲ ਲੱਗਦੀ ਇਮਾਰਤ ’ਤੇ ਚੜ੍ਹ ਅੱਗ ਬੁਝਾਈ। ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਨਕੋਦਰ ਚੌਕ ਨੇੜੇ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਉਦੋਂ ਹੀ ਜੀਐੱਸਟੀ ਕਮਿਸ਼ਨਰ ਸਣੇ ਹੋਰ ਉੱਚ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ।
ਫੋਨ ਆਉਣ ਤੋਂ ਜੀਐੱਸਟੀ ਬਿਲਡਿੰਗ ’ਚ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਜਦਕਿ ਇਸ ਤੋਂ ਪਹਿਲਾਂ ਪਾਸਪੋਰਟ ਦਫ਼ਤਰ ਵਿੱਚ ਅੱਗ ਲੱਗਣ ਦੀ ਗੱਲ ਆਖੀ ਗਈ ਸੀ। ਦੋਵੇਂ ਥਾਵਾਂ ’ਤੇ ਅੱਗ ਲੱਗਣ ਨੂੰ ਲੈ ਕੇ ਅਧਿਕਾਰੀ ਭੰਬਲਭੂਸੇ ਵਿਚ ਸਨ ਹਾਂਲਾਂਕਿ ਟੀਮਾਂ ਦੋਵਾਂ ਥਾਵਾਂ ’ਤੇ ਪਹੁੰਚ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਪਤਾ ਲੱਗਾ ਕਿ ਸਿਰਫ ਜੀਐੱਸਟੀ ਭਵਨ ’ਚ ਅੱਗ ਲੱਗੀ ਸੀ, ਜਿਸ ’ਤੇ ਕਾਬੂ ਪਾ ਲਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×