For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਚੋਣ ਮਨਰੋਥ ਪੱਤਰ ਜਾਰੀ

09:00 AM Jun 23, 2024 IST
‘ਆਪ’ ਵੱਲੋਂ ਚੋਣ ਮਨਰੋਥ ਪੱਤਰ ਜਾਰੀ
ਜਲੰਧਰ ਵਿੱਚ ਚੋਣ ਮਨਰੋਥ ਪੱਤਰ ਜਾਰੀ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ। -ਫੋਟੋ: ਸਰਬਜੀਤ ਸਿੰਘ
Advertisement

ਮੈਨੀਫੈਸਟੋ ’ਚ ਹਲਕੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ

ਪਾਲ ਸਿੰਘ ਨੌਲੀ
ਜਲੰਧਰ, 22 ਜੂਨ
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਲਈ ਰਸਮੀ ਤੌਰ ’ਤੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੀ ਲੜੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿਆਸੀ ਹਲਕਿਆਂ ’ਚ ਇਹ ਚਰਚਾ ਹੋ ਰਹੀ ਸੀ ਕਿ ਜਲੰਧਰ ਪੱਛਮੀ ਦੀ ਉਪ ਚੋਣ ਮੁੱਖ ਮੰਤਰੀ ਦੀ ਅਗਵਾਈ ਹੇਠ ਨਹੀਂ ਲੜੀ ਜਾਵੇਗੀ।
ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਨਾਲ 10 ਵਾਅਦਿਆਂ ਵਾਲਾ ਮੈਨੀਫੈਸਟੋ ਜਾਰੀ ਕੀਤਾ ਹੈ। ਚੋਣ ਮਨੋਰਥ ਪੱਤਰ ਅਨੁਸਾਰ ਜਲੰਧਰ ਪੱਛਮੀ ਹਲਕੇ ਵਿੱਚ ਨਵੇਂ ਵਾਟਰ ਵਰਕਸ ਦੀ ਸਥਾਪਨਾ ਕੀਤੀ ਜਾਵੇਗੀ, ਨਵਾਂ ਅਤੇ ਵੱਡਾ ਸੀਵਰੇਜ ਪ੍ਰਾਜੈਕਟ ਸਥਾਪਤ ਕੀਤਾ ਜਾਵੇਗਾ, ਬਸਤੀ ਸ਼ੇਖ਼, ਬਸਤੀ ਦਾਨਿਸ਼ਮੰਦਾਂ, ਬਸਤੀ ਗੁੱਜਾ, ਬਸਤੀ ਪੀਰ ਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ’ਚੋਂ ਬਿਜਲੀ ਦੀਆਂ ਤਾਰਾਂ ਦੇ ਜਾਲ ਹਟਾਉਣ ਲਈ ਬਿਜਲੀ ਬੋਰਡ ਨੂੰ ਲਿਖਤੀ ਨਿਰਦੇਸ਼ ਦਿੱਤੇ ਜਾਣਗੇ। ਇਸ ਦੇ ਨਾਲ ਹੀ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਤੇ ਉਨ੍ਹਾਂ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ, ਨਸ਼ਾ ਤਸਕਰਾਂ ਦੇ ਨਾਲ-ਨਾਲ, ਬਸਤੀ ਦਾਨਿਸ਼ਮੰਦਾਂ, ਭਾਰਗਵ ਕੈਂਪ ਅਤੇ ਬਸਤੀ ਬਾਵਾ ਖੇਲ ਵਿੱਚੋਂ ਲਾਟਰੀ ਮਾਫ਼ੀਆ ਦਾ ਕਾਨੂੰਨੀ ਤੌਰ ’ਤੇ ਸਫ਼ਾਇਆ ਕੀਤਾ ਜਾਵੇਗਾ। ਵਰਿਆਣਾ ’ਚੋਂ ਕੂੜਾ ਡੰਪ ਪੱਕੇ ਤੌਰ ’ਤੇ ਹਟਾਇਆ ਜਾਵੇਗਾ, ਹਰ ਮੁਹੱਲਾ ਕਲੀਨਿਕ ਵਿੱਚ ਮਾਹਿਰ ਡਾਕਟਰ, ਸਾਰੇ ਟੈਸਟ ਅਤੇ ਮੁਫ਼ਤ ਦਵਾਈਆਂ ਦਾ ਮਿਲਣਾ ਯਕੀਨੀ ਬਣਾਇਆ ਜਾਵੇਗਾ, ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ, ਮਾਡਲ ਹਾਊਸ ਅਤੇ ਹਰਬੰਸ ਨਗਰ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਤੋਂ ਇਲਾਵਾ ਸਾਰੀਆਂ ਸੜਕਾਂ ਨਵੀਆਂ ਬਣਾਉਣ ਅਤੇ ਗੌਤਮ ਨਗਰ ’ਚ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਗਿਆ। ‘ਆਪ’ ਲੀਡਰਸ਼ਿਪ ਨੇ ਕਿਹਾ ਕਿ ਜਨਤਾ ਉਸ ਪਾਰਟੀ ਨੂੰ ਹੀ ਵੋਟ ਦੇਵੇਗੀ ਜੋ ਕੰਮ ਕਰੇਗੀ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਹਮੇਸ਼ਾ ਆਪਣੇ ਕੰਮ ਦੇ ਆਧਾਰ ’ਤੇ ਹੀ ਚੋਣਾਂ ਲੜਦੀ ਹੈ। ਇਹ ਚੋਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਭਲਾਈ ਕੰਮਾਂ ਦੇ ਆਧਾਰ ’ਤੇ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਮਹਿੰਦਰ ਭਗਤ ਬਹੁਤ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ।
ਉਨ੍ਹਾਂ ਦਾ ਪਰਿਵਾਰ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਨਗਰ ਨਿਗਮ ਮੰਤਰੀ ਰਹਿੰਦਿਆਂ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤੇ ਸਨ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੁਣ ਜਲੰਧਰ ’ਚ ਹੀ ਰਹਿਣਗੇ। ਇਸ ਨਾਲ ਪੂਰੇ ਦੁਆਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਮੌਕਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਚੋਣ ‘ਆਪ’ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ। ਇਸ ਮੌਕੇ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂ ਅਤੇ ਵਿਧਾਇਕ ਰਮਨ ਅਰੋੜਾ ਵੀ ਹਾਜ਼ਰ ਸਨ।

Advertisement

ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੇਗੀ: ਗੜ੍ਹਦੀਵਾਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਮੈਨੀਫੈਸਟੋ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਦੀਆਂ ਗਾਰੰਟੀਆਂ ਨੇ ਪੰਜਾਬ ਨੂੰ ਠੱਗਿਆ ਸੀ ਤੇ ਹੁਣ ਇਹ 10 ‘ਨੰਬਰੀਏ’ ਬਣ ਕੇ ਆ ਗਏ ਹਨ। ਗੜ੍ਹਦੀਵਾਲ ਨੇ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੋਈ ਜਦੋਂ ਸੱਤਾਧਾਰੀ ਧਿਰ ਨੇ ਜਲੰਧਰ ਪੱਛਮੀ ਹਲਕੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਅੰਮ੍ਰਿਤਸਰ ਦੇ ਦੋ ਵਿਧਾਇਕ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਪਹਿਲਾਂ ਨਾਲੋਂ ਨਸ਼ਾ ਵਧਿਆ ਹੈ ਤੇ ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਤੋੜ ਰਿਹਾ ਹੈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੜ੍ਹਦੀਵਾਲਾ ਨੇ ਕਿਹਾ ਕਿ ਇਹ ਤਾਂ ਹੁਣ ਕੰਧ ’ਤੇ ਲਿਖਿਆ ਹੋਇਆ ‘ਆਪ’ ਇਸ ਹਲਕੇ ਵਿੱਚੋਂ ਅਕਾਲੀ ਦਲ ਦੀ ਬਦੌਲਤ ਬੁਰੀ ਤਰ੍ਹਾਂ ਨਾਲ ਹਾਰੇਗੀ।

Advertisement

Advertisement
Author Image

Advertisement