ਦਿੱਲੀ ਵਿੱਚ ਸੋਫੇ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਗਸਤ
ਕੌਮੀ ਰਾਜਧਾਨੀ ਵਿੱਚ ਅੱਗ ਲੱਗਣ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚ ਦੋ ਪੁਲੀਸ ਮੁਲਾਜ਼ਮਾਂ ਸਣੇ 9 ਵਿਅਕਤੀ ਜ਼ਖ਼ਮੀ ਹੋ ਗਏ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਇਆਪੁਰੀ ਖੇਤਰ ਵਿਚ ਬੁੱਧਵਾਰ ਨੂੰ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ ਦਿੱਲੀ ਪੁਲੀਸ ਦੇ ਦੋ ਕਾਂਸਟੇਬਲਾਂ ਸਮੇਤ 9 ਲੋਕ ਜ਼ਖਮੀ ਹੋ ਗਏ। ਕਾਂਸਟੇਬਲਾਂ ਦੀ ਪਛਾਣ ਰਣਧੀਰ ਸਿੰਘ ਤੇ ਵਿਕਰਾਂਤ ਵਜੋਂ ਹੋਈ ਹੈ। ਬਾਕੀ ਜ਼ਖ਼ਮੀਆਂ ਵਿੱਚ ਰਾਕੇਸ਼, ਰਾਮ ਨਿਵਾਸ, ਸੰਤੋਸ਼, ਹਰੀਚੰਦ, ਵਿਕਰਾਂਤ, ਕਿਸ਼ਨ ਤੇ ਇੰਦਰਜੀਤ ਸ਼ਾਮਲ ਹਨ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਮਾਇਆਪੁਰੀ ਫੇਜ਼-2 ਸਥਿਤ ਸੋਫੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸਵੇਰੇ 2.05 ਵਜੇ ਇੱਕ ਫੋਨ ਆਇਆ ਸੀ, ਜਿਸ ਮਗਰੋਂ ਕੁੱਲ ਪੰਜ ਫਾਇਰ ਟੈਂਡਰ ਘਟਨਾ ਸਥਾਨ ’ਤੇ ਪਹੁੰਚ ਗਏ। ਦੋ ਘੰਟਿਆਂ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਡੀਐੱਫਐੱਸ ਮੁਖੀ ਨੇ ਅੱਗ ਸੋਫਾ ਸਪ੍ਰਿੰਗਸ ਵਾਲੇ ਪੈਕਿੰਗ ਬਾਕਸ ਵਿੱਚ ਲੱਗੀ ਤੇ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਗੂੰਦ ਦਾ ਇੱਕ ਡਰੰਮ ਵੀ ਫਟ ਗਿਆ। ਉਨ੍ਹਾਂ ਦੱਸਿਆ ਕਿ ਦੋ ਮੰਜ਼ਲਾ ਫੈਕਟਰੀ ਦਾ ਕੁੱਲ ਖੇਤਰਫਲ ਲਗਭਗ 92 ਵਰਗ ਗਜ਼ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕੁੱਲ ਜਣੇ ਨੌਂ ਜਣੇ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਪੁਲੀਸ (ਪੱਛਮੀ) ਵਚਿੱਤਰਾ ਵੀਰ ਨੇ ਕਿਹਾ ਕਿ ਮਾਇਆਪੁਰੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਗਾਂਧੀ ਨਗਰ ਇਲਾਕੇ ਵਿੱਚ ਬੁੱਧਵਾਰ ਤੜਕੇ ਇੱਕ ਪਲਾਈਵੁੱਡ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਦੁਕਾਨ ਦੇ ਮਾਲਕ ਅਮਨਦੀਪ ਨੇ ਦੱਸਿਆ ਕਿ ਅੱਗ ਬੁੱਧਵਾਰ ਤੜਕੇ 3.30 ਵਜੇ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅਮਨਦੀਪ ਨੇ ਕਿਹਾ ਕਿ ਅੱਗ ਲੱਗਣ ਤੋਂ 15 ਮਿੰਟ ਬਾਅਦ ਉਸ ਦੇ ਭਰਾ ਦਾ ਫੋਨ ਆਇਆ ਤੇ ਦੱਸਿਆ ਕਿ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗ ਗਈ ਹੈ। ਪੁਲੀਸ ਤੋਂ ਮਦਦ ਮੰਗੀ ਤੇ ਅੱਗ ਬੁਝਾਊ ਕਰਮਚਾਰੀ ਜਲਦੀ ਹੀ ਅੱਗ ਬੁਝਾਉਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਕਾਫ਼ੀ ਮੁਸ਼ਕੱਤ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।