For the best experience, open
https://m.punjabitribuneonline.com
on your mobile browser.
Advertisement

ਗੈਸ ਲੀਕ ਹੋਣ ਕਾਰਨ ਅੱਗ ਲੱਗੀ, ਸੱਤ ਝੁਲਸੇ

08:01 AM Oct 17, 2024 IST
ਗੈਸ ਲੀਕ ਹੋਣ ਕਾਰਨ ਅੱਗ ਲੱਗੀ  ਸੱਤ ਝੁਲਸੇ
ਅੱਗ ਕਾਰਨ ਝੁਲਸੀ ਬੱਚੀ ਅਤੇ ਉਸ ਦੀ ਮਾਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 16 ਅਕਤੂਬਰ
ਸਾਹਨੇਵਾਲ ਦੀ ਕੰਗਣਵਾਲ ਚੌਕੀ ਇਲਾਕੇ ਵਿੱਚ ਸਮਰਾਟ ਕਲੋਨੀ ਵਿੱਚ ਮੰਗਲਵਾਰ ਦੇਰ ਰਾਤ ਵਿਹੜੇ ’ਚ ਗੈਰਕਾਨੂੰਨੀ ਢੰਗ ਨਾਲ ਗੈਸ ਭਰਦੇ ਸਮੇਂ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ। ਇਸ ਦੌਰਾਨ ਅੱਗ ਨੇ ਚਾਰ ਕਮਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਸੱਤ ਵਿਅਕਤੀ ਬੁਰੀ ਤਰ੍ਹਾਂ ਝਲਸ ਗਏ। ਇਨ੍ਹਾਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਸ ਸਬੰਧੀ ਥਾਣਾ ਸਾਹਨੇਵਾਲ ਅਤੇ ਚੌਕੀ ਕੰਗਣਵਾਲ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਸ਼ਿਵਾਨੀ ਅਤੇ ਉਸ ਦੀ ਮਾਂ ਦੀ ਪਛਾਣ ਫੂਲਮਤੀ (35) ਵਜੋਂ ਹੋਈ ਹੈ, ਜਦੋਂਕਿ ਬੱਚੀ ਦੇ ਚਾਚੇ ਦੀ ਪਛਾਣ ਕ੍ਰਿਪਾ ਸ਼ੰਕਰ ਵਜੋਂ ਹੋਈ ਹੈ। ਬਾਕੀ ਚਾਰ ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ 3 ਵਿੱਚ ਪ੍ਰਵਾਸੀ ਵਿਹੜੇ ਵਿੱਚ ਕਿਰਾਏ ’ਤੇ ਕਮਰੇ ਲੈ ਕੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਕਮਰੇ ’ਚ ਇੱਕ ਵਿਅਕਤੀ ਨਾਜਾਇਜ਼ ਤੌਰ ’ਤੇ ਵੱਡੇ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਛੋਟਿਆਂ ਵਿੱਚ ਭਰਦਾ ਹੈ। ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਅਚਾਨਕ ਅੱਗ ਲੱਗ ਗਈ। ਲੋਕ ਬਾਹਰ ਭੱਜੇ ਤਾਂ ਕੁਝ ਲੋਕ ਅੱਗ ਦੀ ਲਪੇਟ ਵਿੱਚ ਆ ਗਏ।
ਮਗਰੋਂ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਫੂਲਮਤੀ ਦੇ ਪਤੀ ਦਰੋਗਾ ਪ੍ਰਸਾਦ ਨੇ ਦੱਸਿਆ ਕਿ ਵਿਹੜੇ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਉਸ ਦੇ ਨਾਲ ਲੱਗਦੇ ਕਮਰੇ ਵਿੱਚ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦਾ ਹੈ। ਉਨ੍ਹਾਂ ਨੇ ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਇਸ ਕਾਰਨ ਇਹ ਹਾਦਸਾ ਵਾਪਰਿਆ।

Advertisement

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ: ਐੱਸਐੱਚਓ

ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਗੈਰ-ਕਾਨੂੰਨੀ ਢੰਗ ਨਾਲ ਗੈਸ ਭਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement