ਰਿਫਾਈਨਰੀ ਖ਼ਿਲਾਫ਼ ੲੇਡੀਸੀ ਨੂੰ ਮੰਗ ਪੱਤਰ ਦਿੱਤਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ
ਇਥੋਂ ਦੀ ਇੱਕ ਰਿਫਾਈਨਰੀ ਦਾ ਗੰਧਲਾ ਪਾਣੀ ਧਰਤੀ ਹੇਠਾਂ ਪੈਣ ਦੇ ਮਸਲੇ ਨੂੰ ਲੈ ਕੇ ਇੱਕ ਲੋਕਾਂ ਦੇ ਵਫ਼ਦ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ। ਇਸ ਤੋਂ ਪਹਿਲਾਂ ਰਿਫਾਈਨਰੀ ਨੇੜਲੇ ਪ੍ਰਭਾਵਿਤ ਖੇਤਾਂ ਦੇ ਮਾਲਕ, ਪੰਚਾਇਤਾਂ ਦਾ ਇਕੱਠ ਬੱਸ ਅੱਡੇ ਵਿਖੇ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਰ ਆਗੂ ਵੀ ਇਸ ’ਚ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਰਿਫਾਈਨਰੀ ਨੇੜਲੇ ਖੇਤਾਂ ਦੀਆਂ ਮੋਟਰਾਂ ’ਚੋਂ ਨਿਕਲ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਚੁੱਕਿਆ। ਇਸ ਲਈ ਸਿੱਧੇ ਤੌਰ ’ਤੇ ਰਿਫਾਈਨਰੀ ਨੂੰ ਜ਼ਿੰਮੇਵਾਰ ਦੱਸਦਿਆਂ ਜਾਂਚ ਕਰਵਾਉਣ ਅਤੇ ਧਰਤੀ ਹੇਠਾਂ ਪਾਇਆ ਜਾ ਰਿਹਾ ਦੂਸ਼ਿਤ ਪਾਣੀ ਰੋਕਣ ਦੀ ਮੰਗ ਕੀਤੀ। ਇਹ ਵੀ ਚਿਤਾਵਨੀ ਦਿੱਤੀ ਕਿ ਮੰਗ ਪੂਰੀ ਨਾ ਹੋਣ ਅਤੇ ਮਸਲੇ ਦਾ ਹੱਲ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਵਫ਼ਦ ’ਚ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ, ਇਕਾਈ ਪ੍ਰਧਾਨ ਅਰਜਨ ਸਿੰਘ ਖੇਲਾ, ਗੁਰਵਿੰਦਰ ਸਿੰਘ ਖੇਲਾ, ਸਰਪੰਚ ਸਰਬਜੀਤ ਸਿੰਘ ਖਹਿਰਾ, ਬਲਾਕ ਸਮਿਤੀ ਮੈਂਬਰ ਹਰਬੰਸ ਸਿੰਘ, ਪੰਚ ਜਗਦੇਵ ਸਿੰਘ, ਪਾਲ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ, ਗਗਨਦੀਪ ਸਿੰਘ, ਸਰਪੰਚ ਪਰਮਜੀਤ ਸਿੰਘ ਪੰਮਾ, ਸਰਪੰਚ ਵਰਕਪਾਲ ਸਿੰਘ, ਸਰਪੰਚ ਕਾਕਾ ਸਿੰਘ, ਕਰਨੈਲ ਸਿੰਘ ਰਾਮਗੜ੍ਹ ਭੁੱਲਰ ਆਦਿ ਸ਼ਾਮਲ ਸਨ।