ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਨ ਦੇ ਸਿੱਖਿਆ ਸ਼ਾਸਤਰੀਆਂ ਦਾ ਵਫ਼ਦ ਦਰਬਾਰ ਸਾਹਿਬ ਨਤਮਸਤਕ

07:46 AM Feb 07, 2024 IST
ਇਰਾਨੀ ਵਫ਼ਦ ਦਾ ਸਨਮਾਨ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ, ਹਰਜਿੰਦਰ ਸਿੰਘ ਧਾਮੀ ਤੇ ਹੋਰ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਫਰਵਰੀ
ਇਰਾਨ ਦੇ ਸਿੱਖਿਆ ਮਾਹਿਰਾਂ ਦਾ ਵਫ਼ਦ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਉਨ੍ਹਾਂ ਗੁਰੂਘਰ ਮੱਥਾ ਟੇਕਿਆ ਅਤੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਅਲ-ਮੁਸਤਫ਼ਾ ਅੰਤਰਰਾਸ਼ਟਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਲੀ ਅੱਬਾਸੀ, ਯੂਨੀਵਰਸਿਟੀ ਦੇ ਭਾਰਤ ਵਿੱਚ ਮੁੱਖ ਪ੍ਰਤੀਨਿਧੀ ਡਾ. ਰਜ਼ਾ ਸ਼ੇਕਰੀ, ਡਾ. ਅੱਬਾਸੀ ਦੇ ਨਿੱਜੀ ਸਹਾਇਕ ਡਾ. ਮੁਰਤਜ਼ਾ ਸ਼ਾਨੀ, ਯੂਨੀਵਰਸਿਟੀ ਦੇ ਡਿਪਟੀ (ਅੰਤਰਰਾਸ਼ਟਰੀ) ਡਾ. ਅਥਰ ਜਾਫ਼ਰੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਡਾ. ਅਲੀ ਅਕਬਰ ਸ਼ਾਹ ਸ਼ਾਮਲ ਸਨ। ਇਸ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੁਲਾਕਾਤ ਵੀ ਕੀਤੀ।
ਇਰਾਨੀ ਵਫ਼ਦ ਨੇ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਇਰਾਨ ਆ ਕੇ ਉਥੇ ਮੌਜੂਦ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਵਫ਼ਦ ਦੇ ਆਗੂ ਉਪ ਕੁਲਪਤੀ ਡਾ. ਅਲੀ ਅੱਬਾਸੀ ਨੇ ਕਿਹਾ ਕਿ ਭਾਰਤ ਦੇ ਹੋਰ ਧਰਮਾਂ ਸਮੇਤ ਸਿੱਖਾਂ ਨਾਲ ਵੀ ਇਰਾਨੀਆਂ ਦੀ ਆਪਸੀ ਸਾਂਝ ਹੈ ਇਸ ਲਈ ਕਈ ਖੇਤਰਾਂ ਜਿਵੇਂ ਕਿ ਧਰਮ ਇਤਿਹਾਸ, ਫਾਰਸੀ ਭਾਸ਼ਾ, ਸਿੱਖਿਆ, ਸੱਭਿਆਚਾਰ ਆਦਿ ਵਿਚ ਸਾਂਝੇ ਯਤਨਾਂ ਨਾਲ ਵੱਖ-ਵੱਖ ਕਾਰਜ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਇਥੇ ਦਰਸ਼ਨ ਕਰਕੇ ਬਹੁਤ ਚੰਗਾ ਮਹਿਸੂਸ ਹੋਇਆ ਹੈ।
ਸ੍ਰੀ ਧਾਮੀ ਨੇ ਕਿਹਾ ਕਿ ਇਰਾਨ ਦਾ ਇਹ ਵਫ਼ਦ ਉਥੋਂ ਦੀ ਯੂਨੀਵਰਸਿਟੀ ਦੇ ਨਾਲ ਸਬੰਧਤ ਸੀ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਸਾਂਝੇ ਯਤਨਾਂ ਤਹਿਤ ਕਾਰਜ ਕਰਨ ਦੀ ਗੱਲਬਾਤ ਹੋਈ ਹੈ। ਇਸ ਸਬੰਧ ਵਿੱਚ ਯੋਗ ਸੰਭਾਵਨਾਵਾਂ ’ਤੇ ਕਾਰਜ ਕਰਨ ਲਈ ਵਿਚਾਰ ਚਰਚਾ ਅੱਗੇ ਵਧਾਈ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਵਫ਼ਦ ਦੇ ਮੈਂਬਰਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਓਐਸਡੀ ਸਤਬੀਰ ਸਿੰਘ ਧਾਮੀ ਅਤੇ ਦਿੱਲੀ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ ਦੇ ਕਨਵੀਨਰ ਰਜਿੰਦਰ ਸਿੰਘ ਵਿਰਾਸਤ ਮੌਜੂਦ ਸਨ।

Advertisement

Advertisement