ਕਿਸਾਨਾਂ ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਜੁਲਾਈ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਮੀਟਿੰਗ ਕਰ ਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਨੇ ਕੀਤੀ ਜਦੋਂਕਿ ਵਫ਼ਦ ਵਿੱਚ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਹੜ੍ਹਾਂ ਦੇ ਪਾਣੀ ਕਾਰਨ ਖ਼ਰਾਬ ਹੋਈ ਫ਼ਸਲ ਤੇ ਖ਼ਤਮ ਹੋਈ ਜ਼ਮੀਨ ਦਾ ਮੁਆਵਜ਼ਾ ਮੰਗਿਆ। ਉਨ੍ਹਾਂ ਕਿਹਾ ਕਿ ਸਤਲੁਜ ਦੇ ਬੰਨ੍ਹ ਅੰਦਰ ਪੈਂਦੀਆਂ ਨਿੱਜੀ ਮਾਲਕੀ ਵਾਲੀਆਂ ਜ਼ਮੀਨਾਂ ਵਿੱਚ ਭਰੇ ਮਿੱਟੀ/ਰੇਤਾ ਨੂੰ ਸਰਕਾਰ ਕਿਸਾਨਾਂ ਨੂੰ ਰਾਇਲਟੀ ਦੇ ਚੁੱਕੇ ਜਾਂ ਕਿਸਾਨਾਂ ਨੂੰ ਚੁੱਕਣ ਦੀ ਆਗਿਆ ਦੇਵੇ।
ਵਫ਼ਦ ਨੇ ਪਿੰਡ ਘੁੰਗਰਾਣਾ-ਜੜਤੌਲੀ ਚੌਕ ਵਿੱਚੋਂ ਸ਼ਰਾਬ ਦੇ ਠੇਕੇ ਨੂੰ ਦੂਰ ਕਰਨ ਜਾਂ ਉੱਥੇ ਹੁੰਦੇ ਹਾਦਸੇ ਰੋਕਣ ਤੇ ਪਿੰਡ ਕਿਲ੍ਹਾ ਰਾਏਪੁਰ ਤੋਂ ਬ੍ਰਾਹਮਣ ਮਾਜਰਾ ਤੱਕ ਸੜਕ ਦੇ ਟੋਟੇ ਨੂੰ ਚੌੜਾ ਕਰਨ ਦੀ ਮੰਗ ਵੀ ਕੀਤੀ।