ਕਿਸਾਨ ਆਗੂਆਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਸਤੰਬਰ
ਕਿਸਾਨ ’ਤੇ ਦਰਜ ਕਥਿਤ ਝੂਠਾ ਪਰਚਾ ਰੱਦ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕ ਵਫ਼ਦ ਨੇ ਅੱਜ ਇਥੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੂੰ ਮਿਲਿਆ। ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ, ਸਕੱਤਰ ਅਮਰੀਕ ਸਿੰਘ ਭੂੰਦੜੀ ਅਤੇ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਬੀਤੇ ਦਿਨ ਇਕ ਕਿਸਾਨ ਦਾ ਟਰੈਕਟਰ ਟਰਾਲੀ ਧੱਕੇ ਨਾਲ ਪੱਤੀ ਮੁਲਤਾਨੀ ਤੋਂ ਚੌਕੀ ਇੰਚਾਰਜ ਗਿੱਦੜਵਿੰਡੀ ਥਾਣਾ ਸਿੱਧਵਾਂ ਬੇਟ ਵਿਖੇ ਲੈ ਗਏ। ਪਿੰਡ ਦੇ ਸਰਪੰਚ ਨੂੰ ਇਹ ਕਿਹਾ ਕਿ ਸਵੇਰੇ ਟਰੈਕਟਰ ਟਰਾਲੀ ਛੱਡ ਦਿੱਤਾ ਜਾਵੇਗਾ ਪਰ ਰਾਤ ਨੂੰ ਚੌਕੀ ਇੰਚਾਰਜ ਆਪਣੀ ਫੋਰਸ ਲੈ ਕੇ ਰੇਤਾ ਭਰਨ ਲਈ ਚਲੇ ਗਏ ਪਰ ਕਿਸਾਨ ਨੇ ਟਰੈਕਟਰ ਦੇਖ ਲਿਆ ਉਸ ਨੇ ਕਿਸਾਨ ਜਥੇਬੰਦੀ ਦੇ ਇਕਾਈ ਪ੍ਰਧਾਨ ਸੱਤਪਾਲ ਸਿੰਘ ਨੂੰ ਫੋਨ ਕਰਕੇ ਸੱਦ ਲਿਆ। ਪ੍ਰਧਾਨ ਨੇ ਫੋਨ ’ਤੇ ਵੀਡੀਓ ਬਣਾ ਲਈ ਤੇ ਚੌਕੀ ਇੰਚਾਰਜ ਪੁੱਛਣ ’ਤੇ ਠੋਸ ਜਵਾਬ ਨਹੀਂ ਦੇ ਸਕੇ। ਫਿਰ ਟਰੈਕਟਰ ਟਰਾਲੀ ਥਾਣਾ ਸਿੱਧਵਾਂ ਬੇਟ ਲਿਆ ਕੇ ਪਰਚਾ ਦਰਜ ਕਰ ਲਿਆ ਗਿਆ। ਵਫ਼ਦ ਨੇ ਐਸਐਸਪੀ ਨੂੰ ਸੁਣਨ ਮਗਰੋਂ ਜਾਂਚ ਦੇ ਹੁਕਮ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਜਾਂਚ ਕਰਕੇ ਪਰਚਾ ਰੱਦ ਕੀਤਾ ਜਾਵੇਗਾ। ਬੀਕੇਯੂ (ਉਗਰਾਹਾਂ) ਨੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਥਾਣੇ ਦੇ ਘਿਰਾਓ ਦੀ ਚਿਤਾਵਨੀ ਦਿੱਤੀ।