ਅਪਰੇਸ਼ਨ ਲਈ ਜਲਦੀ ਫ਼ੈਸਲਾ ਲੈਣਾ ਪਵੇਗਾ: ਨੀਰਜ ਚੋਪੜਾ
ਪੈਰਿਸ, 9 ਅਗਸਤ
ਭਾਰਤ ਦੇ ਨੇਜ਼ਾ ਸੁਟਾਵੇ ਨੀਰਜ ਚੋਪੜਾ ਨੇ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਆਪਣੀ ਸੱਟ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੂੰ ਜਲਦੀ ਹੀ ਅਪਰੇਸ਼ਨ ਕਰਵਾਉਣਾ ਪੈ ਸਕਦਾ ਹੈ। ਨੀਰਜ ਪੈਰਿਸ ਖੇਡਾਂ ਤੋਂ ਪਹਿਲਾਂ ਪੱਟ ਦੇ ਅੰਦਰੂਨੀ ਹਿੱਸੇ ਦੀਆਂ ਮਾਸਪੇਸ਼ੀਆਂ (ਅਡਕਟਰ) ਦੀ ਪ੍ਰੇਸ਼ਾਨੀ ਨਾਲ ਜੂਝਦਾ ਆਇਆ ਹੈ।
ਹਾਲਾਂਕਿ ਉਸ ਨੇ ਵੀਰਵਾਰ ਨੂੰ ਸੈਸ਼ਨ ਦੀ ਆਪਣੀ ਸਰਵੋਤਮ ਕੋਸ਼ਿਸ਼ 89.45 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਦੋ ਓਲੰਪਿਕ ਤਗ਼ਮੇ ਜਿੱਤਣ ਵਾਲਾ ਭਾਰਤ ਦਾ ਪਹਿਲਾ ਟਰੈਕ ਐਂਡ ਫੀਲਡ ਅਥਲੀਟ ਬਣ ਗਿਆ ਹੈ। ਉਸ ਨੇ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਪਾਕਿਸਤਾਨ ਦੇ ਅਰਸ਼ਦ ਨਦੀਮ ਤੋਂ ਪਿੱਛੇ ਰਿਹਾ, ਜਿਸ ਨੇ 92.97 ਮੀਟਰ ਦੇ ਓਲੰਪਿਕ ਰਿਕਾਰਡ ਥਰੋਅ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਨੀਰਜ ਨੇ ਕਿਹਾ, ‘‘ਮੇਰੇ ਦਿਮਾਗ ਵਿੱਚ ਕਾਫ਼ੀ ਕੁੱਝ ਚੱਲ ਰਿਹਾ ਸੀ। ਜਦੋਂ ਮੈਂ ਥਰੋਅ ਕਰ ਰਿਹਾ ਹੁੰਦਾ ਹਾਂ ਤਾਂ ਮੇਰਾ 60-70 ਫ਼ੀਸਦੀ ਧਿਆਨ ਸੱਟ ’ਤੇ ਹੁੰਦਾ ਹੈ। ਮੈਂ ਜ਼ਖ਼ਮੀ ਨਹੀਂ ਹੋਣਾ ਚਾਹੁੰਦਾ ਸੀ।’’ ਉਸ ਨੇ 2023 ਵਿਸ਼ਵ ਚੈਂਪੀਅਨਸ਼ਿਪ ਦਾ ਜ਼ਿਕਰ ਕਰਦਿਆਂ ਕਿਹਾ, ‘‘ਡਾਕਟਰ ਨੇ ਮੈਨੂੰ ਪਹਿਲਾ ਹੀ ਅਪਰੇਸ਼ਨ ਕਰਵਾਉਣ ਲਈ ਕਿਹਾ ਸੀ ਪਰ ਮੇਰੇ ਕੋਲ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਜਾਂ ਬਾਅਦ ਵਿੱਚ ਇੰਨਾ ਸਮਾਂ ਨਹੀਂ ਸੀ। ਓਲੰਪਿਕ ਦੀ ਤਿਆਰੀ ਵਿੱਚ ਬਹੁਤ ਸਮਾਂ ਲੱਗਦਾ ਹੈ।’’ ਉਸ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਆਪਣੀ ਟੀਮ ਨਾਲ ਚਰਚਾ ਕਰਕੇ ਕੋਈ ਫ਼ੈਸਲਾ ਲਵੇਗਾ। ਨੀਰਜ ਨੇ ਕਿਹਾ ਕਿ ਸੱਟ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਕਿਹਾ, ‘‘ਇਹ ਕਾਫੀ ਮੁਸ਼ਕਲ ਹੈ ਪਰ ਮੈਂ ਆਪਣੀ ਖੇਡ ਜਾਰੀ ਰੱਖਾਂਗਾ।’’ -ਪੀਟੀਆਈ
ਮੋਦੀ ਵੱਲੋਂ ਨੀਰਜ ਦੀ ਸ਼ਲਾਘਾ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੀਰਜ ਚੋਪੜਾ ਨੂੰ ਸੱਟ ਨਾਲ ਜੂਝਣ ਦੇ ਬਾਵਜੂਦ ਆਪਣਾ ਦੂਜਾ ਓਲੰਪਿਕ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਨੀਰਜ ਨਾਲ ਫੋਨ ’ਤੇ ਗੱਲਬਾਤ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਬਾਰੇ ਟਿੱਪਣੀਆਂ ਲਈ ਉਸ ਦੀ ਮਾਂ ਸਰੋਜ ਦੇਵੀ ਦੀ ਵੀ ਸ਼ਲਾਘਾ ਕੀਤੀ। ਮੋਦੀ ਨੇ ਨੀਰਜ ਨੂੰ ਸੋਨ ਤਗ਼ਮਾ ਖੁੰਝਣ ’ਤੇ ਧਿਆਨ ਨਾ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਬਹੁਤ ਘੱਟ ਖਿਡਾਰੀਆਂ ਨੂੰ ਦੋ ਓਲੰਪਿਕ ਤਗ਼ਮੇ ਜਿੱਤਣ ਦਾ ਮਾਣ ਪ੍ਰਾਪਤ ਹੁੰਦਾ ਹੈ ਅਤੇ ਤੂੰ ਤਾਂ ਖੁਦ ਹੀ ਸੋਨਾ ਹੈ। ਉਨ੍ਹਾਂ ਕਿਹਾ ਕਿ ਉਹ ਨੀਰਜ ਦੀ ਸੱਟ ਬਾਰੇ ਵਿਸਥਾਰ ਨਾਲ ਚਰਚਾ ਕਰਨਾ ਚਾਹੁੰਦੇ ਹਨ। -ਪੀਟੀਆਈ
ਭਗਵੰਤ ਮਾਨ ਤੇ ਨਾਇਬ ਸੈਣੀ ਵੱਲੋਂ ਨੀਰਜ ਨੂੰ ਵਧਾਈ
ਚੰਡੀਗੜ੍ਹ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਨੀਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਹੈ। ਭਗਵੰਤ ਮਾਨ ਨੇ ਐਕਸ ’ਤੇ ਕਿਹਾ, ‘‘ਪਿਛਲੀ ਵਾਰ ਓਲੰਪਿਕ ਵਿੱਚ ਸੋਨਾ ਅਤੇ ਇਸ ਵਾਰ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਨੀਰਜ ਭਾਰਤੀ ਅਥਲੈਟਿਕਸ ਅਤੇ ਖੇਡ ਦੀ ਸ਼ਾਨ ਹੈ।’’ ਨਾਇਬ ਸਿੰਘ ਸੈਣੀ ਨੇ ਐਕਸ ’ਤੇ ਕਿਹਾ, ‘‘ਹਰਿਆਣਾ ਦਾ ਹੋਣਹਾਰ ਖਿਡਾਰੀ, ਗੋਲਡਨ ਬੁਆਏ ਨੀਰਜ ਚੋਪੜਾ। ਪੂਰੇ ਦੇਸ਼ ਨੂੰ ਤੁਹਾਡੇ ਤੋਂ ਉਮੀਦ ਸੀ, ਉਸ ’ਤੇ ਤੁਸੀਂ ਖਰੇ ਉੱਤਰੇ।’’ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ, ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ। -ਪੀਟੀਆਈ