ਹਾੜ੍ਹ ਦਾ ਇੱਕ ਦਨਿ
ਅਮਰਜੀਤ ਸਿੰਘ ਮਾਨ
ਬਾਗਲ ’ਚ ਟਰੈਕਟਰ ਖੜ੍ਹਾ ਕੇ ਘਰ ਅੰਦਰ ਆਇਆ ਤਾਂ ਛੁੱਟੀਆਂ ਕੱਟਣ ਨਾਨਕੇ ਆਈਆਂ ਅਰਸ਼ ਤੇ ਹਰਮਨ ਕੋਈ ਗੱਲ ਕਰ ਕੇ ਹੱਸ ਪਈਆਂ। ਨਾਲ ਉਹਨਾਂ ਦੀ ਨਾਨੀ ਵੀ। ਮੁਸਕਰਾਉਂਦਿਆਂ ਮੈਂ ਆਪਣੇ ਚਿਹਰੇ ’ਤੇ ਹੱਥ ਫੇਰਿਆ, ਫਿਰ ਕੱਪੜਿਆਂ ’ਤੇ ਪਰ ਸਭ ਕੁਝ ਸਧਾਰਨ ਸੀ। ਹੱਸਣ ਵਾਲੀ
ਕੋਈ ਗੱਲ ਨਹੀਂ ਸੀ।
“ਕਿਮੇਂ ਖਿੱਲਾਂ ਡੋਲ੍ਹੀ ਜਾਂਦੀਆਂ, ਮੋਹ ਲੈਣੀਆਂ। ਕੀ ਹੋ ਗਿਆ?” ਹਰਮਨ ਸੰਗ ਕੇ ਅੱਧੀ ਕੁ ਰਹਿ ਗਈ। ਮੂੰਹ ’ਤੇ ਚੁੰਨੀ ਕਰਦੀ ਮਾਂ ਦੀ ਮੁਸਕਰਾਹਟ ਮੈਨੂੰ ਅੱਖਾਂ ਵਿਚੋਂ ਦਿਸ ਗਈ, “ਊਈਂ ਬੋਲੀ ਜਾਂਦੀਆਂ, ਦਾਦੇਮਘਾਉਣੀਆਂ...।”
“ਮੈਂ ਦੱਸਦੀ ਆਂ ਮਾਮਾ”, ਕਾਹਲੀ ਨਾਲ ਬੋਲਦੀ ਅਰਸ਼ ਨੂੰ ਹੱਕ ਪੈ ਗਈ, “ਹਰਮਨ ਕਹਿੰਦੀ ਨਾ, ਅੱਜ ਮਾਮੇ ਨੇ ਛੁੱਟੀ ਬਾਹਲੀ ਵਧੀਆ ਮਨਾਈ ਆ।” ਹਰਮਨ ਦਾ ਵਿਅੰਗ ਸਮਝਦਿਆਂ ਮੈਂ ਉਸ ਨੂੰ ਕਲਾਵੇ ’ਚ ਘੁੱਟ ਲਿਆ। ਹਾਸਾ ਰੋਕਣ ’ਚ ਅਸਫਲ ਹੁੰਦੀ ਮਾਂ ਮੇਰੇ ਲਈ ਪਾਣੀ ਦਾ ਗਲਾਸ ਲੈਣ ਚਲੀ ਗਈ।
ਸੈਰ ਸਫ਼ਰ! ਆਮ ਕਿਸਾਨ ਦੇ ਸ਼ਬਦਕੋਸ਼ ਵਿਚ ਇਹ ਸ਼ਬਦ ਹੁੰਦਾ ਨਹੀਂ। ਸਭ ਤੋਂ ਪਹਿਲਾਂ ਤਾਂ ਆਰਥਿਕਤਾ ਹੀ ਆੜੇ ਆ ਜਾਂਦੀ ਹੈ; ਫਿਰ ਹੋਰ ਸੌ ਲੱਲੇ-ਭੱਬੇ। ਮਾਲ ਡੰਗਰ ਦੀ ਸਵੇਰੇ-ਸ਼ਾਮ ਦੀ ਸਾਂਭ ਸੰਭਾਲ ਆਦਿ... ਪਰ ਮੈਂ ਕਿਸੇ ਦੂਜੇ ਪਾਸਿਓਂ ਕਿਰਸ ਕਰ ਕੇ ਦੋਸਤਾਂ ਨਾਲ ਘੁੰਮਣ-ਫਿਰਨ ਜਾਣਦਾ ਜੁਗਾੜ ਕਰ ਲਿਆ ਸੀ।
ਚਾਰ ਦਨਿਾਂ ਦਾ ਪ੍ਰੋਗਰਾਮ ਬਣਾਉਂਦਿਆਂ ਸਿਰਫ ਇਹ ਖਿਆਲ ਰੱਖਿਆ ਕਿ ਬੁੱਧਵਾਰ ਨੂੰ ਹਰ ਹਾਲ ਵਾਪਸ ਆਉਣਾ ਹੈ, ਵੀਰਵਾਰ ਨੂੰ ਨਹਿਰੀ ਪਾਣੀ ਦੀ ਵਾਰੀ ਸੀ ਤੇ ਨਰਮਾ ਪਾਣੀ ਮੰਗ ਰਿਹਾ ਸੀ। ਆਪਣੇ ਨਾਲ ਕੀਤੇ ਵਾਅਦੇ ਮੁਤਾਬਕ ਅਸੀਂ ਬੁੱਧਵਾਰ ਦੇਰ ਸ਼ਾਮ ਤੱਕ ਵਾਪਿਸ ਆ ਵੀ ਗਏ, ਵੀਰਵਾਰ ਨੂੰ ਖਾਲ਼-ਖੱਭੇ ਸਮਾਰ ਕੇ, ਵੱਟਾਂ ਪਾਉਣੀਆਂ... ਸਖ਼ਤ ਜਾਨ ਮੰਗਦਾ ਹੈ ਇਹ ਕੰਮ। ਉਪਰੋਂ ਗਰਮ ਲੋਅ ਪਿੰਡਾ ਸੇਕੇ... ਖੈਰ! ਸੂਆ ਭਰਿਆ ਸੀ, ਤੇ ਵਿਚ ਮੋਟਰ ਚਲਾ ਕੇ ਨਰਮਾ ਇੱਕ ਪਲਾ ਹੋ ਗਿਆ। ਆਥਣੇੇ ਘਰ ਆ ਕੇ ਐਲਾਨ ਕਰ ਦਿੱਤਾ, “ਕੱਲ੍ਹ ਨੂੰ ਕੁਸ਼ ਵੀ ਹੋਵੇ, ਆਪਾਂ ਤਾਂ ਛੁੱਟੀ ਕਰਾਂਗੇ। ਕੂਲਰ ਪਾਣੀ ਦਾ ਭਰ ਕੇ ਸਾਰਾ ਦਨਿ ਠੰਢੀ ਹਵਾ ’ਚ ਥਕੇਵਾਂ ਲਾਹੁਣਾ। ਨਾਲੇ ਸਫਰ ਦਾ, ਨਾਲੇ ਕੰਮ ਦਾ।”
“ਹੂੰਅ!” ਰੋਟੀ ਖਾਂਦੇ ਬਾਪੂ ਨੇ ਵਿਅੰਗਮਈ ਖੰਗੂਰਾ ਮਾਰਿਆ। ਸ਼ਾਇਦ ਮੇਰਾ ਘੁੰਮਣ ਫਿਰਨ ਜਾਣਾ ਉਹਨੂੰ ਚੰਗਾ ਨਹੀਂ ਲੱਗਿਆ ਸੀ।
ਰਾਤ ਲੰਘੀ। ਦਨਿ ਚੜ੍ਹਿਆ। ਮੈਂ ਰਾਤ ਵਾਲੀ ਗੱਲ ’ਤੇ ਪੱਕਾ ਸੀ।... ਨੌਂ ਕੁ ਵਜੇ ਤੱਕ ਕੂਲਰ ਨੇ ਬਰਾਂਡੇ ਨੂੰ ‘ਸ਼ਿਮਲਾ’ ਬਣਾ ਦਿੱਤਾ। ਹਾਲੇ ਅੱਧਾ ਘੰਟਾ ਈ ਹੋਇਆ ਸੀ, ਗੁਆਂਢੀ ਤਾਏ ਨੇ ਬੋਲ ਮਾਰਿਆ, “ਭਤੀਜ ਆਈਂ ਜਰ ਦੋ ਮਿੰਟ। ਮ੍ਹੈਸ ਹਸਪਤਾਲ ਲੈ ਕੇ ਜਾਣੀ ਆ।”
ਸਿਰਫ਼ ਅਰਾਮ ਕਰਨ ਦੇ ਨਾਂ ’ਤੇ ਤਾਏ ਨੂੰ ਜਵਾਬ ਦੇਣਾ ਮੁਸ਼ਕਿਲ ਸੀ। ਔਖਿਆਈ ਜਿਹੀ ਮੰਨਦਾ ਮੈਂ ਸਿਰ ’ਤੇ ਪਰਨਾ ਲਪੇਟਣ ਲੱਗ ਪਿਆ। ਹਸਪਤਾਲ ਦੀ ਦੂਰੀ ਤੇ ਮੱਝ ਦੀ ਤੋਰ ਦਾ ਅੰਦਾਜ਼ਾ ਲਾ ਕੇ ਦੇਖਿਆ: ਤਾਏ ਦੇ ਦੋ ਮਿੰਟ ਦੋ ਘੰਟਿਆਂ ਤੋਂ ਘੱਟ ਨਹੀਂ ਸੀ ਹੋਣੇ!
ਘਰ ਮੁੜਦਿਆਂ ਸਿਖਰ ਦੁਪਹਿਰਾ ਹੋ ਗਿਆ। ਅਰਸ਼, ਹਰਮਨ ਅਤੇ ਮਾਂ ‘ਸ਼ਿਮਲੇ’ ’ਚ ਮੌਜਾਂ ਨਾਲ ਪਈਆਂ ਸੀ।
“ਹੁਣ ਆਊ ਸੌਣ ਦਾ ਨਜ਼ਾਰਾ।” ਆਪਣੇ ਆਪ ਨੂੰ ਕਹਿੰਦਾ ਮੈਂ ਅਜੇ ਕਮਰ ਸਿੱਧੀ ਕਰਨ ਹੀ ਲੱਗਿਆ ਸੀ ਕਿ ਮੋਬਾਈਲ ਖੜਕਿਆ। ਸਕਰੀਨ ’ਤੇ ਬਾਪੂ ਦਾ ਨੰਬਰ ਫਲੈਸ਼ ਹੋਇਆ। ਮੇਰੇ ‘ਹੈਲੋ’ ਕਹਿਣ ਤੋਂ ਪਹਿਲਾਂ ਹੀ ਗਰਜਵੀਂ ਆਵਾਜ਼ ਆਈ, “ਮੈਰੇ (ਖੇਤ ਦਾ ਨਾਂ) ਲੈਟ ਆਈ ਪਈ ਆ। ਦੋ ਵਜੇ ਤੱਕ ਰਹੂ। ਫੱਕ ਸੁੱਕੀ ਜਾਂਦੀ ਆ, ਪਾਣੀ ਲਾਇਆ ਭੱਜਕੇ।” ਕੰਨ ਤੋਂ ਫੋਨ ਪਰ੍ਹੇ ਕਰਦਿਆਂ ਅਖੀਰਲੀ ਗੱਲ ਵੀ ਕੰਨ ’ਚ ਪੈ ਹੀ ਗਈ, “ਮਸਾਂ ਫਾਲਟ ਕੱਢਿਆ ਤਿੰਨ ਦਨਿਾਂ ਮਗਰੋਂ।”
ਪੱਛੋਂ ਵੱਲੋਂ ਆਉਂਦੀ ਤੇਜ਼ ਲੋਅ ’ਚ ਮੋਟਰਸਾਈਕਲ ਚਲਾਉਣਾ ਅੱਗ ਦਾ ਦਰਿਆ ਤੈਰ ਕੇ ਲੰਘਣ ਵਰਗਾ ਸੀ।
ਪਨੀਰੀ ਦੀ ਇੱਕ ਕਿਆਰੀ ਹੀ ਭਿੱਜੀ ਸੀ, ਟਰਾਂਸਫਾਰਮਰ ਸਪਾਰਕ ਮਾਰ ਗਿਆ ਤੇ ਜੈਂਪਰਾਂ ਤੋਂ ਹੇਠਲਾ ਫਿਊਜ਼ ਉਡ ਗਿਆ। ਸਵਿਚ ਕੱਟ ਕੇ ਗਰਮ ਪਾਈਪ ਦੇ ਸਹਾਰੇ ਇਕਿਹਰੇ ਖੰਭੇ ’ਤੇ ਚੜ੍ਹਨਾ... ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂ; ਤੇ ਮੈਂ ਵੀ ਹਾਰੀ-ਸਾਰੀ ’ਚ ਹੀ ਸ਼ਾਮਿਲ ਹਾਂ। ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਅਸਫਲ।... ਫਿਰ ਸਕੂਲ ਸਮੇਂ ਪੜ੍ਹੀ ਰਾਜੇ ਤੇ ਮੱਕੜੀ ਵਾਲੀ ਕਹਾਣੀ ਯਾਦ ਆ ਗਈ। ਮੈਂ ਹਿੰਮਤ ਕੀਤੀ, ਤੇ ਮੇਰੀ ਲੋੜ ਨੇ ਕਾਢ ਕੱਢ ਲਈ। ਚਾਹ ਨੂੰ ਰਾਹ ਮਿਲ ਗਿਆ ਸੀ।
ਖੰਭੇ ਨਾਲ ਮੰਜਾ ਖੜ੍ਹਾ ਕਰ ਕੇ ਟਰਾਂਸਫਾਰਮਰ ਤਕ ਪਹੁੰਚਣਾ ਸੌਖਾ ਹੋ ਗਿਆ। ਤਾਂਬੇ ਦੀ ਪਤਲੀ ਤਾਰ ਨਾਲ ਫਿਊਜ਼ ਜੋੜ ਕੇ ਮੋਟਰ ਚਲਾ ਦਿੱਤੀ। ਪਨੀਰੀ ਤੇ ਚਰ੍ਹੀ ਦਾ ਕਿਆਰਾ ਰਮਦਿਆਂ ਤਿੰਨ ਵਜ ਗਏ।
“ਚਲ ਪਿਛਲਾ ਪਹਿਰ ਤਾਂ ਸੌਖਾ ਲੰਘੂ...।” ਸੋਚਦਿਆਂ ਘਰ ਆ ਗਿਆ। ਦੁਪਹਿਰ ਵਾਲੀ ਚਾਹ ਬਣੀ ਪਈ ਸੀ। ਮਾਂ ਵਰਤਾਅ ਰਹੀ ਸੀ। ਕੂਲਰ ਵੀ ਪਾਣੀ ਮੁੱਕਣ ਕਾਰਨ ਅੱਗ ਵਰ੍ਹਾਉਣ ਲੱਗ ਪਿਆ ਸੀ।
“ਰੋਹੀ ਵੱਤ ਚੜ੍ਹੀ ਜਾਂਦੀ ਆ।” ਚਾਹ ਵਾਲੀ ਖਾਲੀ ਬਾਟੀ ਮੰਜੇ ਦੇ ਪਾਵੇ ਨਾਲ ਰੱਖਦਾ ਬਾਪੂ ਬੋਲਿਆ ਸੀ।
ਮੇਰੇ ਹੱਥ ’ਚ ਫੜੀ ਬਾਟੀ ਕੰਬੀ, “ਤੜਕੇ ਵਾਹ ਲਾਂ’ਗੇ, ਠੰਢੇ ਠੰਢੇ।”
“ਤੜਕੇ ਤਾਂ ਮੋਘੇ ’ਤੇ ਜਾਣਾ, ਧੋਰੀ ਖਾਲ ਸਮਾਰਨ। ’ਤਲਾਹਾਂ ਲੱਗੀਆਂ ਹੋਈਆਂ। ਗੁਰਦੁਆਰੇ ਵੀ ਬੋਲੇ ਸੀ।”
ਮੈਂ ਮਾਂ ਵੱਲ ਝਾਕਿਆ, ਉਹ ਬਾਪੂ ਵੱਲ ਝਾਕਣ ਲੱਗੀ। ਕੋਲੋਂ ਹੱਸਦੀ ਹੋਈ ਹਰਮਨ ਬੋਲ ਪਈ, “ਨਾਨਾ, ਮਾਮੇ ਨੇ ਤਾਂ ਅੱਜ ਛੁੱਟੀ ਕਰਨੀ ਸੀ...।”
ਉਹ ਹੋਰ ਬੋਲਦੀ, ਇਸ ਤੋਂ ਪਹਿਲਾਂ ਮੈਂ ਇਸ਼ਾਰੇ ਨਾਲ ਚੁੱਪ ਕਰਵਾ ਦਿੱਤਾ।
“ਹੂੰਅ... ਛੁੱਟੀ ਨੂੰ ਪਟਵਾਰੀ ਲੱਗਿਆ। ਉਦੋਂ ਸੋਚਣਾ ਸੀ ਜਦੋਂ ਕਾਲਜੋਂ ਹਟਿਆ। ਉਦੋਂ ਤਾਂ ਇਕੇ ਲੱਤ ’ਤੇ ਗਿਆ; ਅਖੇ, ਮੈਂ ਤਾਂ ਸਿਓਨਾਲੀਕਾ ਚਲਾਇਆ ਕਰੂੰ। ਹੁਣ ਜਾਨ ਦੇਹ ਸਿੱਧਾ ਹੋ ਕੇ।... ਨਾਲੇ ਵਾਹੀਵਾਨ ਨੂੰ ਛੁੱਟੀ ਕਾਹਦੀ!”
ਬਾਪੂ ਦੀ ਰੁੱਖੀ ਪਰ ਸੱਚੀ ਗਲ ਮੇਰੇ ਮਨ ’ਤੇ ਲੁਹਾਰ ਦੇ ਹਥੌੜੇ ਵਾਂਗ ਵੱਜੀ ਪਰ ਉਹ ਪਾਣੀ ਤਾਂ ਕਦੋਂ ਦਾ ਪੁਲਾਂ ਥੱਲਿਓਂ ਲੰਘ ਗਿਆ ਸੀ। ਹੁਣ ਡਾਂਗਾਂ ਮਾਰਨ ਦਾ ਕੀ ਫਾਇਦਾ ਸੀ!
ਸੋਚ ਰਿਹਾ ਸੀ, ਨਾ ਉਦੋਂ ਪੜ੍ਹਾਈ ਛੱਡੀ ਹੁੰਦੀ, ਨਾ ਹੁੁਣ ‘ਨਖਿੱਧ’ ਖੇਤੀ ’ਚ ਟੱਕਰਾਂ ਮਾਰਨੀਆਂ ਪੈਂਦੀਆਂ। ਸ਼ਾਇਦ ਕਿਤੇ ‘ਉੱਤਮ’ ਚਾਕਰੀ ਹੀ ਕਰ ਰਿਹਾ ਹੁੰਦਾ। ਨਾਲੇ ਛੁੱਟੀਆਂ ਦੇ ਨਜ਼ਾਰੇ ਮਾਣਦਾ।
“ਮਾਂ, ਛੋਟਾ ਕੈਂਪਰ ਭਰ ਕੇ ਬਰਫ ਪਾ’ਦੀਂ। ਮੈਂ ਢੂਈ ਸਿੱਧੀ ਕਰ’ਲਾਂ ਅੱਧਾ ਘੰਟਾ।” ਚਾਹ ਵਾਲੇ ਭਾਂਡੇ ਸੰਭਾਲਦੀ ਮਾਂ ਨੂੰ ਤਾਕੀਦ ਕਰਦਾ ਮੈਂ ਮੰਜੇ ’ਤੇ ਟੇਢਾ ਹੋ ਗਿਆ।
ਸੰਪਰਕ: 94634-45092