For the best experience, open
https://m.punjabitribuneonline.com
on your mobile browser.
Advertisement

ਦੋ ਕੁ ਪਲ

08:17 AM Apr 05, 2024 IST
ਦੋ ਕੁ ਪਲ
Advertisement

ਦਰਸ਼ਨ ਸਿੰਘ

ਬਹੁਤ ਹੀ ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਦੀ ਭੀੜ ਦਾ ਉਸ ਦਿਨ ਮੈਂ ਵੀ ਹਿੱਸਾ ਸੀ। ਨਾ ਹੀ ਕਿਸੇ ਚੀਜ਼ ਦੀ ਮੈਨੂੰ ਲੋੜ ਸੀ, ਨਾ ਹੀ ਕਿਸੇ ਨਾਲ ਕੋਈ ਲੈਣ ਦੇਣ ਬਾਕੀ ਸੀ। ਜੀਅ ਕੀਤਾ, ਫਿਰ ਤੁਰ ਕੇ ਇੱਥੋਂ ਦੇ ਦਿਲਚਸਪ ਨਜ਼ਾਰੇ ਮਾਣਾਂ।
ਹਰ ਛੋਟੀ ਵੱਡੀ ਦੁਕਾਨ ਦੀ ਆਪਣੀ ਖਿੱਚ ਸੀ। ਕੁਝ ਬੱਚੇ ਖਿਡੌਣੇ ਲੈ ਰਹੇ ਸਨ, ਕੁਝ ਗੁਬਾਰੇ ਵੀ। ਕੁਝ ਮਹਿੰੰਗੀਆਂ ਮਹਿੰਗੀਆਂ ਹੋਰ ਚੀਜ਼ਾਂ ਵੀ ਆਪਣੇ ਹੱਥਾਂ ’ਚ ਫੜੀ ਖੜ੍ਹੇ ਸਨ। ਇਹ ਉਨ੍ਹਾਂ ਦੀ ਉਮਰ ਦੀ ਲੋੜ ਵੀ ਸਨ। ਇਹ ਉਮਰ ਤਾਂ ਹਰ ਖਿਡੌਣੇ ’ਚੋਂ ਹੀ ਕੋਈ ਨਵੀਂ ਖੇਡ ਲੱਭ ਲੈਂਦੀ ਹੈ। ‘ਆਜੋ... ਆਜੋ... ਸੇਲ ਦਾ ਅੱਜ ਆਖ਼ਰੀ ਦਿਨ... ਦੋ ਨਾਲ ਇਕ ਫ੍ਰੀ...। ’ ਕਈਆਂ ਦੇ ਧਿਆਨ ਨੂੰ ਅਜਿਹੇ ਰੌਲੇ-ਰੱਪੇ ਨੇ ਆਪਣੇ ਵੱਲ ਖਿੱਚ ਲਿਆ ਸੀ। ਦੁਧੀਆ ਬਲਬਾਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਚਾਨਣ ’ਚ ਹਰ ਚੀਜ਼ ਦੀ ਆਪਣੀ ਨਿਵੇਕਲੀ ਦਿੱਖ ਤੇ ਚਮਕ ਸੀ। ਬੇਕਾਬੂ ਮਨ ਕਾਹਲ ਕਰੇ- ਆਹ ਲੈ ਲਵਾਂ... ਅਹੁ ਵੀ ਲੈ ਲਵਾਂ...। ਅਜਿਹੇ ਖ਼ਿਆਲਾਂ ’ਚੋਂ ਮੈਂ ਬਾਹਰ ਨਿਕਲ ਹੀ ਨਾ ਸਕਿਆ। ਉਮਰਾਂ ਦੇ ਪੈਂਡਿਆਂ ਦੇ ਤਜਰਬਿਆਂ ’ਚੋਂ ਮਿਲੀ ਸੋਝੀ ਵੀ ਮੈਨੂੰ ਇਹ ਸਮਝਾ ਨਾ ਸਕੀ ਕਿ ਮਨ ਦੀ ਮੰਗ ਹੋਰ ਹੁੰਦੀ ਹੈ, ਦਿਮਾਗ਼ ਦੀ ਕੁਝ ਹੋਰ। ਬਾਜ਼ਾਰਾਂ ਦੀ ਚੁਸਤੀ-ਫੁਰਤੀ ਤਾਂ ਗੰਜਿਆਂ ਨੂੰ ਵੀ ਕੰਘੀਆਂ ਵੇਚ ਦਿੰਦੀ ਹੈ।
ਬਿਨਾਂ ਸੋਚੇ ਸਮਝੇ ਇਕ ਦੁਕਾਨ ਅੰਦਰ ਚਲਾ ਗਿਆ। ਘੜੀਆਂ ਸਨ, ਪੇਂਟਿੰਗਜ਼ ਵੀ। ਮਨਮੋਹਣੇ ਡਿਜ਼ਾਈਨ ਵਾਲੀਆਂ ਘੜੀਆਂ ਮੂਹਰੇ ਖੜ੍ਹੇ ਦਾ ਖੜ੍ਹਾ ਰਹਿ ਗਿਆ। ਨਾ ਅੱਗੇ ਜਾਵਾਂ, ਨਾ ਪਿੱਛੇ ਮੁੜਾਂ। ਕੀ ਲਵਾਂ, ਕੀ ਛੱਡਾਂ? ਮਨ ਇਸੇ ਗੁੰਝਲ ’ਚ ਫਸਿਆ ਰਿਹਾ। ਉਸ ਦੁਕਾਨਦਾਰ ਨੇ ਵੀ ਮੇਰੀਆਂ ਅੱਖਾਂ ’ਚੋਂ ਮੇਰੀ ਪਸੰਦ ਪੜ੍ਹ ਲਈ ਸੀ। ਉਂਝ ਨਵੀਆਂ ਚੀਜ਼ਾਂ ਲੈਣਾ ਮੇਰਾ ਸ਼ੌਕ ਤੇ ਸੁਭਾਅ ਵੀ ਸੀ। ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ’ਕੱਲੀ’। ਹਰ ਵਾਰ ਕੁਝ ਨਵਾਂ ਖਰੀਦ ਕੇ ਅਨੂਠੀ ਪ੍ਰਸੰਨਤਾ ਨਾਲ ਭਰ ਜਾਂਦਾ। ਲੈਣ ਕੁਝ ਜਾਂਦਾ, ਮਨਪਸੰਦ ਵਾਧੂ ਵੀ ਕੁਝ ਨਾ ਕੁਝ ਹੋਰ ਲੈ ਆਉਂਦਾ।
“ਕੀ ਲੈ ਆਏ ਹੋ?” ਘਰ ਮੁੜਦਿਆਂ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। “ਫਜ਼ੂਲ ਹੀ ਘਰ ਨੂੰ ਤੂਸ-ਤੂਸ ਕੇ ਭਰੀ ਜਾ ਰਹੇ ਹੋ। ਅਲਮਾਰੀਆਂ ਦਾ ਸਾਹ ਲੈਣਾ ਪਹਿਲੋਂ ਹੀ ਔਖਾ ਹੋਇਆ ਪਿਆ। ਇਹ ਤਸਵੀਰ ਕਿੱਥੇ ਟੰਗੋਗੇ? ਕਲਾਕ ਕਿੱਥੇ? ਕੋਈ ਕੰਧ ਖਾਲੀ ਹੈ? ਦੇਖੋ ਜ਼ਰਾ...।” ਸਵਾਲ ਸੋਚ ਨੂੰ ਜਵਾਬਾਂ ਤਕ ਲੈ ਜਾਂਦੇ ਹਨ ਪਰ ਮੈਂ ਪਰਿਵਾਰਕ ਜੀਆਂ ਦੇ ਸਵਾਲਾਂ ਤੇ ਦਲੀਲਾਂ ਅੱਗੇ ਨਿਰਉੱਤਰ ਸਾਂ। ਸੁਣੇ ਸ਼ਬਦ ਮੇਰੇ ਅੰਦਰ ਡੂੰਘੇ ਲਹਿ ਗਏ ਤੇ ਦਿਮਾਗ ਦੀਆਂ ਪਰਤਾਂ ’ਚ ਘੁੰਮਦੇ ਹੋਏ ਮੈਨੂੰ ਬੇਚੈਨੀ ਦਿੰਦੇ ਰਹੇ।
ਚੰਗੀ ਗੱਲ ਸੀ, ਪਸਰੀ ਚੁੱਪ ’ਚ ਛੇਤੀ ਹੀ ਸੁਖਾਵੀਂ ਧੜਕਣ ਪਰਤ ਆਈ। ਅਗਲੇ ਹੀ ਦਿਨ ਇੱਧਰ-ਉੱਧਰ, ਉੱਪਰ ਥੱਲੇ ਝਾਕਦਿਆਂ, ਸੋਚਦਿਆਂ ਕਿਵੇਂ ਨਾ ਕਿਵੇਂ ਨਵੀਂ ਤਸਵੀਰ ਜੋਗੀ ਥਾਂ ਬਣਾ ਲਈ, ਕਲਾਕ ਦੀ ਟਿਕਟਿਕ ਵੀ ਰਸੋਈ ’ਚੋਂ ਸੁਣਾਈ ਦੇਣ ਲੱਗੀ। “ਕਿਹੋ ਜਿਹੀ ਲੱਗਦੀ?” ਤਸਵੀਰ ਟੰਗਣ ਪਿੱਛੋਂਂ ਸ੍ਰੀਮਤੀ ਨੂੰ ਪੁੱਛਿਆ। ਉਹ ਹੱਸੀ ਤਾਂ ਜ਼ਰੂਰ ਪਰ ਮੈਨੂੰ ਇਉਂ ਲੱਗਾ ਜਿਵੇਂ ਉਸ ਦੇ ਹਾਸੇ ’ਚ ਕੋਈ ਚਿੱਬ ਪਿਆ ਹੋਵੇ। ਕੰਧਾਂ ਨਾਲ ਧੱਕਾ ਕਰਨ ਦਾ ਕੌੜਾ ਅਨੁਭਵ ਮੈਨੂੰ ਹੋਇਆ ਤੇ ਮੈਂ ਆਪਣੀ ਸੋਚ ਨਾਲ ਲੜਦਾ ਰਿਹਾ ਕਿ ਇਨ੍ਹਾਂ ਬਿਨਾਂ ਥੁੜ੍ਹਿਆ ਵੀ ਕੀ ਪਿਆ ਸੀ! ਅਹਿਸਾਸ ਇਹ ਵੀ ਹੋਇਆ ਕਿ ਮਨਭਾਉਂਦੀਆਂ ਵੰਨ-ਸਵੰਨੀਆਂ ਵਸਤਾਂ ਕਈ ਵਾਰ ਘਰ ਲਈ ਬੇਲੋੜੀਆਂ ਵੀ ਹੁੰਦੀਆਂ ਅਤੇ ਇਨ੍ਹਾਂ ਨੂੰ ਖਰੀਦਣਾ ਘਰ ਦੀ ਖ਼ੁਸ਼ੀ ਨੂੰ ਗੁਆਉਣ ਜਿਹਾ ਹੀ ਹੁੰਦਾ।
ਇਸ ਪਿੱਛੋਂ ਕਈ ਦਿਨ ਦੇਖਦਾ ਰਿਹਾ ਕਿ ਕੀ ਕੁਝ ਸਾਡੇ ਘਰ ਫਾਲਤੂ ਪਿਆ ਸੀ। ਕੱਪ ਬੋਰਡ ਕੱਪੜੇ-ਲੀੜਿਆਂ ਨਾਲ ਤੁੰਨੇ ਪਏ ਸਨ। ਸਮਝ ਨਹੀਂ ਸੀ ਆਉਂਦਾ ਕਿ ਕਿਹੜਾ ਕੱਪੜਾ ਪਾਈਏ? ਕਿਹੜੇ ਰੰਗ ਦੀ ਪੱਗ ਬੰਨ੍ਹੀਏ? ਕਈ ਅਣਵਰਤੀਆਂ ਕਮੀਜ਼ਾਂ ਪੈਂਟਾਂ ਤਾਂ ਚੇਤਿਉਂ ਹੀ ਲਹਿ ਚੁੱਕੀਆਂ ਸਨ, ਕੁਝ ਉੱਕਾ ਹੀ ਮੇਰੇ ਮਾਪ ਦੀਆਂ ਨਹੀਂ ਸਨ ਰਹੀਆਂ।
ਸੋਚਣ ਲੱਗਾ ਸਾਂ, ਘਰਾਂ ਨੂੰ ਸਾਂਝੀ ਖ਼ੁਸ਼ੀ ਦੇਣ ਵਾਲੀਆਂ ਚੀਜ਼ਾਂ ਹੋਰ ਹੁੰਦੀਆਂ। ਬਚਪਨ ਵਿਚ ਧੂੰਏਂ ਭਰੀ ਅੱਗ ਕੋਲ ਟੱਬਰ ਦੇ ਇਕੱਠਿਆਂ ਬੈਠ ਕੇ ਮਾਂ ਦੇ ਹੱਥਾਂ ਦੀ ਰੋਟੀ ਖਾਣ ਦਾ ਸੁਆਦ ਅਤੇ ਆਨੰਦ ਹੁਣ ਤੱਕ ਵੀ ਚੇਤੇ ’ਚ ਵਸਿਆ ਹੋਇਆ। ਉਦੋਂ ਘਰ ਸੋਹਣੇ ਨਹੀਂ ਸਨ ਹੁੰਦੇ, ਨਾ ਹੀ ਅਣਚਾਹੀਆਂ ਚੀਜ਼ਾਂ ਨਾਲ ਸੰਦੂਕ ਭਰੇ ਹੁੰਦੇ ਸਨ ਪਰ ਹੁਣ ਜਿਹੀ ਇਕੱਲ ਅਤੇ ਮਨਾਂ ’ਚ ਦੂਰੀ ਨਹੀਂ ਸੀ। ਪਦਾਰਥੀ ਯੁੱਗ ਦੇ ਵਿਛਾਏ ਮੱਕੜਜਾਲ ਵਿੱਚ ਸਾਂਝੀਆਂ ਖ਼ੁਸ਼ੀਆਂ ਅਸੀਂ ਬਹੁਤ ਪਿੱਛੇ ਛੱਡ ਆਏ ਹਾਂ; ਫਜ਼ੂਲ ਜਿਹੀਆਂ ਚੀਜ਼ਾਂ ’ਚੋਂ ਖ਼ੁਸ਼ੀ ਤੇ ਸੁਹੱਪਣ ਭਾਲਦੇ ਫਿਰਦੇ ਹਾਂ।
ਵਰ੍ਹਾ ਕੁ ਪਹਿਲੋਂ ਵੀ ਰੀਸੋ-ਰੀਸ ਬੜਾ ਕੁਝ ਘਰ ਲੈ ਆਇਆ। ਸਰਸਰੀ ਜਿਹੇ ਸਭ ਨੇ ਦੇਖਿਆ ਤੇ ਰੱਖ ਦਿੱਤਾ। ਨਾ ਕੋਈ ਨੁੱਕਰ ਮਹਿਕੀ, ਨਾ ਕੋਈ ਖੂੰਜਾ। ਸਵੇਰੇ ਪਤਨੀ ਨੇ ਪੇਕਿਆਂ ਨੂੰ ਜਾਣਾ ਸੀ। “ਮੈਂ ਜਾਵਾਂ?” ਉਸ ਪੁੱਛਿਆ। ਬੈਠੇ-ਬੈਠੇ ਮੈਂ ਹਾਂ ਵਿਚ ਹੁੰਗਾਰਾ ਭਰਿਆ। “ਮੈਨੂੰ ਗੇਟ ਤਕ ਛੱਡਣ ਨਹੀਂ ਆਉਗੇ?” ਕਮਰੇ ਤੋਂ ਗੇਟ ਤਕ ਜਾਣ ਲਈ ਲੱਗੇ ਮੇਰੇ ਦੋ ਪਲ ਉਸ ਨੂੰ ਅਜਿਹੀ ਅਥਾਹ ਖ਼ੁਸ਼ੀ ਨਾਲ ਭਰ ਗਏ ਜੋ ਹੁਣ ਤਕ ਲਿਆਂਦੀਆਂ ਹਜ਼ਾਰਾਂ ਚੀਜ਼ਾਂ ਵੀ ਨਹੀਂ ਦੇ ਸਕੀਆਂ ਸਨ। ਸ਼ੌਕ ਤੇ ਲੋੜਾਂ ਪੂਰੇ ਕਰਨਾ ਚੰਗੀ ਗੱਲ ਹੈ ਪਰ ਇਕ ਦੂਜੇ ਲਈ ਮੋਹ-ਅਪਣੱਤ ਭਰੇ ਦੋ ਕੁ ਪਲ ਕੱਢ ਕੇ ਜ਼ਿੰਦਗੀ ’ਚ ਘਟ ਰਹੇ ਖ਼ੁਸ਼ੀ ਦੇ ਪਲ ਵਧਾਉਣੇ ਹੋਰ ਵੱਡੀ ਗੱਲ ਹੈ।

Advertisement

ਸੰਪਰਕ: 94667-37933

Advertisement
Author Image

sukhwinder singh

View all posts

Advertisement
Advertisement
×