ਸਕੂਨ ਅਤੇ ਸੇਧ ਦਿੰਦੀ ਸਵੈ-ਜੀਵਨੀ
ਅਵਤਾਰ ਸਿੰਘ
ਪ੍ਰੋ. ਹਰਮਿੰਦਰ ਸਿੰਘ ਬੇਦੀ ਦੀ ਸ੍ਵੈ-ਲਿਖਤ ਜੀਵਨ-ਗਾਥਾ ‘ਲੇਖੇ ਆਵਹਿ ਭਾਗ’ ਬਾਰੇ ਲੇਖ ਲਿਖਣ ਲੱਗਿਆਂ ਸੋਚ ਰਿਹਾ ਹਾਂ ਕਿ ਮੈਂ ਕਿਤੇ ਉਹ ਗੱਲ ਨਾ ਕਰ ਦੇਵਾਂ ਜੋ ਬਚਪਨ ਵਿੱਚ ਮੇਰੇ ਜਮਾਤੀ ਕਰਦੇ ਸਨ। ਦਰਅਸਲ, ਉਹ ਫਿਲਮ ਦੇਖ ਕੇ ਆਉਂਦੇ ਤਾਂ ਆ ਕੇ ਸਾਰੀ ਕਹਾਣੀ ਸੁਣਾ ਦਿੰਦੇ। ਜਦ ਆਪ ਫਿਲਮ ਦੇਖਣ ਜਾਣਾ ਤਾਂ ਸਾਰਾ ਕੁਝ ਪਤਾ ਹੋਣ ਕਾਰਨ ਫਿਲਮ ਦਾ ਸਾਰਾ ਸਸਪੈਂਸ ਖ਼ਤਮ ਹੋ ਜਾਣਾ ਤੇ ਜ਼ਰਾ ਵੀ ਲੁਤਫ਼ ਨਾ ਆਉਣਾ। ਮੈਂ ਨਹੀਂ ਚਾਹੁੰਦਾ ਕਿ ਬੇਦੀ ਹੋਰਾਂ ਦੀ ਆਪ ਲਿਖੀ ਇਸ ਜੀਵਨ-ਗਾਥਾ ਦਾ ਰਹੱਸ ਖ਼ਤਮ ਹੋ ਜਾਵੇ ਤੇ ਇਸ ਨੂੰ ਪੜ੍ਹਨ ਲੱਗਿਆਂ ਕਿਸੇ ਦਾ ਲੁਤਫ਼ ਜਾਂਦਾ ਰਹੇ।
ਪੁਰਾਤਨ ਭਾਰਤ ਵਿੱਚ ਸੱਤ ਰਿਸ਼ੀ ਮੰਨੇ ਗਏ ਹਨ ਜਿਹੜੇ ਰੱਬੀ ਅਹਿਸਾਸ ਦੇ ਬੜੇ ਹੀ ਨੇੜੇ ਸਨ ਜਿਸ ਕਰਕੇ ਉਨ੍ਹਾਂ ਨੂੰ ਬ੍ਰਾਹਮਣ ਕਿਹਾ ਜਾਂਦਾ ਸੀ। ਉਸ
ਵੇਲੇ ਬ੍ਰਾਹਮਣ ਕੋਈ ਵਿਸ਼ੇਸ਼ ਜਾਤੀ ਨਹੀਂ ਸੀ।
ਕਿਉਂਕਿ ਸੰਸਕ੍ਰਿਤ ਵਿੱਚ ਰੱਬ ਨੂੰ ਬ੍ਰਹਮ ਕਿਹਾ ਜਾਂਦਾ ਹੈ ਜਿਸ ਕਰਕੇ ਬ੍ਰਹਮ ਦੇ ਨਜ਼ਦੀਕ ਪੁੱਜੇ ਹੋਏ ਲੋਕ ਬ੍ਰਾਹਮਣ ਆਖੇ ਗਏ। ਵਰਣਾਸ਼ਰਮ ਅਤੇ ਜਾਤ ਗੋਤ ਦਾ ਸਿਲਸਿਲਾ ਬੜੀ ਦੇਰ ਬਾਅਦ ਸ਼ੁਰੂ ਹੋਇਆ ਜਿਸ ਨੇ ਸਮਾਜ ਦੀਆਂ ਨਿੱਘੀਆਂ ਸਾਂਝਾਂ ਵਿੱਚ ਵੰਡੀਆਂ ਪਾ ਦਿੱਤੀਆਂ।
ਅੱਗੇ ਜਾ ਕੇ ਜਿਨ੍ਹਾਂ ਲੋਕਾਂ ਨੇ ਵੇਦ-ਗਿਆਨ ਹਾਸਲ ਕੀਤਾ, ਉਹ ਬੇਦੀ ਕਹੇ ਜਾਣ ਲੱਗੇ ਤੇ ਇਨ੍ਹਾਂ ਬੇਦੀਆਂ ਦੀ ਕੁੱਲ ਵਿਖੇ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋਏ। ਗੁਰੂ ਨਾਨਕ ਅਤੇ ਉਨ੍ਹਾਂ ਤੋਂ ਬਾਅਦ ਦੇ ਗੁਰੂ ਸਾਹਿਬਾਨ ਨੇ ਆਪਣੀ ਮਹਾਨ ਕਰਨੀ ਸਦਕਾ ਸਦੀਵੀ ਅਤੇ ਆਲਮੀ ਸੱਚ ’ਤੇ ਆਧਾਰਿਤ ਨਵੀਂ ਸੋਚ ਅਤੇ ਜੀਵਨ-ਜਾਚ ਦਾ ਪ੍ਰਚਲਨ ਕੀਤਾ ਜਿਸ ਲਈ ਉਨ੍ਹਾਂ ਨੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਕੁੱਲ, ਬੇਦੀ ਵੰਸ਼ ਦਾ ਏਨਾ ਮਾਣ ਸਨਮਾਨ ਹੋਣ ਲੱਗਾ ਜਿਸ ਦਾ ਕੋਈ ਸਾਨੀ ਨਹੀਂ ਸੀ।
ਰਣਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਕੁੱਲ ਦੇ ਸਾਹਿਬ ਸਿੰਘ ਬੇਦੀ ਤੋਂ ਅੰਮ੍ਰਿਤ ਛਕਿਆ ਜਿਸ ਨੇ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਸਮੇਂ
ਰਾਜ-ਤਿਲਕ ਦੀ ਰਸਮ ਅਦਾ ਕੀਤੀ। ਫਿਰ ਉਸ ਨੇ ਗੁਰੂ ਨਾਨਕ ਕੁੱਲ ਦੇ ਬੇਦੀਆਂ ਦੇ ਨਾਂ ਜਗੀਰਾਂ ਲਗਾਈਆਂ ਜਿਸ ਸਦਕਾ ਬੇਦੀ ਵੰਸ਼ ਵਕਤ ਦੇ ਰਈਸ ਲੋਕਾਂ ਵਿੱਚ ਸ਼ਾਮਿਲ ਹੋ ਗਿਆ।
ਪ੍ਰੋ. ਹਰਮਿੰਦਰ ਸਿੰਘ ਬੇਦੀ ਦਾ ਜਨਮ ਇਸੇ ਵੰਸ਼ ਵਿੱਚ ਹੋਇਆ ਜਿਸ ਦਾ ਇਤਿਹਾਸਕ ਪਿਛੋਕੜ ਗੁਰੂ ਨਾਨਕ ਨਾਲ ਜੁੜਦਾ ਹੈ। ਇੰਨੇ ਮਹਾਨ ਪਿਛੋਕੜ ਵਾਲੇ ਪ੍ਰੋ. ਬੇਦੀ ਚਾਹੁੰਦੇ ਤਾਂ ਸਿਰਫ਼ ਇਸ ਪਿਛੋਕੜ ਦੀ ਮਹਾਨਤਾ ’ਤੇ ਨਿਰਭਰ ਕਰ ਸਕਦੇ ਸਨ। ਪਰ ਉਨ੍ਹਾਂ ਨੇ ਇਸ ਦੀ ਬਜਾਏ ਮਿਹਨਤ ਦਾ ਰਾਹ ਚੁਣਿਆ ਤੇ ਮਿਹਨਤ ਵੀ ਉਹ ਜਿਸ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ, ਪਾਸਾ ਵੱਟਦਾ ਹੈ। ਇਹ ਮਿਹਨਤ ਹੈ ਲਿਆਕਤ ਦੀ, ਅੱਖਰਾਂ ਦੀ ਤੇ ਗਿਆਨ ਦੀ। ਗਿਆਨ ਦੇ ਖੇਤਰ ਦੀ ਮਿਹਨਤ ਅਜਿਹੀ ਹੈ ਜਿਹੜੀ ਬੰਦੇ ਨੂੰ ਨਿਮਰ ਇਨਸਾਨ ਬਣਾ ਦਿੰਦੀ ਹੈ।
ਅਜਿਹੇ ਨਿਮਰ ਅਤੇ ਗਿਆਨਵਾਨ ਇਨਸਾਨ ਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਉਸ ਦੇ ਅੰਦਰ ਉਪਜੀ ਨਿਮਰਤਾ ਕਾਰਨ ਉਹ ਛੁਪਿਆ ਰਹਿਣਾ ਚਾਹੁੰਦਾ ਹੈ, ਪਰ ਉਸ ਦੇ ਗਿਆਨ ਦਾ ਪ੍ਰਕਾਸ਼ ਉਸ ਦੀ ਛੁਪੇ ਰਹਿਣ ਦੀ ਇੱਛਾ ਪੂਰੀ ਨਹੀਂ ਹੋਣ ਦਿੰਦਾ। ਪ੍ਰੋ. ਹਰਮਿੰਦਰ ਸਿੰਘ ਬੇਦੀ ਨੇ ਗਿਆਨ ਦੇ ਖੇਤਰ ਵਿੱਚ ਮਿਹਨਤ ਦਾ ਰਾਹ ਚੁਣਿਆ। ਇਸ ਕਰਕੇ ਉਨ੍ਹਾਂ ਅੰਦਰ ਛੁਪੇ ਰਹਿਣ ਦਾ ਨਿਮਰ ਭਾਵ ਪੈਦਾ ਹੋਇਆ, ਪਰ ਉਨ੍ਹਾਂ ਦੇ ਮਸਤਕ ਵਿੱਚ ਪੈਦਾ ਹੋਏ ਗਿਆਨ ਦੇ ਚਾਨਣ ਨੇ ਉਨ੍ਹਾਂ ਦਾ ਨਾਂ ਏਨਾ ਰੌਸ਼ਨ ਕੀਤਾ ਕਿ ਉਹ ਆਪਣੀ ਵਿੱਦਿਆ ਮੁਕੰਮਲ ਹੁੰਦੇ ਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਧਿਆਪਕ ਬਣੇ ਤੇ ਆਪਣੀ ਬੌਧਿਕ ਲਗਨ ਦੇ ਸਿਰ ’ਤੇ ਵੱਡੇ ਵਿਦਵਾਨ ਵਜੋਂ ਮਕਬੂਲ ਹੋਏ। ਫਿਰ ਉਹ ਆਪਣੇ ਵਿਭਾਗ ਦੇ ਮੁਖੀ ਬਣੇ ਤੇ ਇੱਕ ਲੰਮੇ ਅਰਸੇ ਤੱਕ ਸ਼ਾਨਦਾਰ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ।
ਉਨ੍ਹਾਂ ਦੀ ਬੌਧਿਕ ਕਾਰਗੁਜ਼ਾਰੀ ਦੀ ਸ਼ੁਹਰਤ ਸਰਕਾਰੇ-ਦਰਬਾਰੇ ਪੁੱਜੀ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇੱਕ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ ਕਰ ਦਿੱਤਾ। ਇੱਥੇ ਹੀ ਬਸ ਨਹੀਂ, ਭਾਰਤ ਸਰਕਾਰ ਨੇ ਉਨ੍ਹਾਂ ਦੀ ਲਿਆਕਤ ਅਤੇ ਬੌਧਿਕ ਸੇਵਾ ਦੇ ਸਨਮਾਨ ਵਿੱਚ ਉਨ੍ਹਾਂ ਨੂੰ ‘ਪਦਮ ਸ੍ਰੀ’ ਦੇ ਉੱਚ ਸਨਮਾਨ ਨਾਲ ਨਿਵਾਜ਼ਿਆ।
ਹੁਣ ਉਨ੍ਹਾਂ ਨੇ ਆਪਣੀ ਜੀਵਨ ਗਾਥਾ ਨੂੰ ‘ਲੇਖੇ ਆਵਹਿ ਭਾਗ’ ਦੇ ਸਿਰਲੇਖ ਹੇਠ ਪੁਸਤਕ ਦਾ ਰੂਪ ਦਿੱਤਾ ਹੈ। ਪ੍ਰੋ. ਬੇਦੀ ਦੀ ਇਹ ਸ੍ਵੈ-ਲਿਖਤ ਜੀਵਨ-ਗਾਥਾ ਮੇਰੇ ਤੱਕ ਪੁੱਜੀ ਤਾਂ ਮੈਂ ਉਸ ਨੂੰ ਆਪਣੇ ਸੁਭਾਅ ਵਿਚਲੀ ਕਾਹਲ਼ ਕਾਰਨ ਪਿਛਲੇ ਪਾਸਿਓਂ ਪੜ੍ਹਨਾ ਸ਼ੁਰੂ ਕੀਤਾ। ਆਮ ਸ੍ਵੈ-ਜੀਵਨੀ ਨੂੰ ਸ਼ੁਰੂ ਤੋਂ ਪੜ੍ਹਦਿਆਂ ਰਹੱਸ ਵਧਦਾ ਜਾਂਦਾ ਹੈ ਤੇ ਅਖੀਰ ’ਤੇ ਜਾ ਕੇ ਉਸ ਦੇ ਮਰਮ ਦਾ ਪਤਾ ਲੱਗਦਾ ਹੈ। ਪਰ ਬੇਦੀ ਹੋਰਾਂ ਦੀ ਸ੍ਵੈ-ਜੀਵਨੀ ਦਾ ਮਰਮ ਅਜਿਹਾ ਨਹੀਂ ਜਿਹੜਾ ਕਿਸੇ ਦਿਸ਼ਾ ਵਿੱਚ ਘਟਦਾ ਜਾਂ ਵਧਦਾ ਹੋਵੇ। ਜਿਵੇਂ ਵਾਰਿਸ ਨੇ ਹੀਰ ਬਾਰੇ ਲਿਖਿਆ ਕਿ “ਇਸ਼ਕ ਬੋਲਦਾ ਨੱਢੀ ਦੇ ਥਾਉਂ ਥਾਂਈਂ ਰਾਗ ਨਿਕਲੇ ਜ਼ੀਲ ਦੀ ਤਾਰ ਵਿਚੋਂ”। ਐਨ ਇਸੇ ਤਰ੍ਹਾਂ ਬੇਦੀ ਹੋਰਾਂ ਦੀ ਸ੍ਵੈ-ਜੀਵਨੀ ਦਾ ਰਸ ਅਤੇ ਰਹੱਸ ਜ਼ੀਲ ਦੀ ਤਾਰ ਦੀ ਤਰ੍ਹਾਂ ਹਰ ਅਧਿਆਇ, ਪੈਰੇ, ਵਾਕ ਅਤੇ ਸ਼ਬਦ ਵਿੱਚ ਇਕਸਾਰ ਸਮਾਇਆ ਹੋਇਆ ਹੈ।
ਵਿਸ਼ੇਸ਼ ਗੱਲ ਇਹ ਹੈ ਕਿ ਇਹ ਰਸ ਅਤੇ ਰਹੱਸ ਨਿਰੋਲ ਸਾਹਿਤਕ ਜਾਂ ਕਲਾਤਮਿਕ ਨਹੀਂ ਹੈ। ਉਨ੍ਹਾਂ ਦੀ ਸ੍ਵੈ-ਜੀਵਨੀ ਦਾ ਰਸ ਅਤੇ ਰਹੱਸ ਇੱਕ ਇਮਾਨਦਾਰ ਇਨਸਾਨ ਦੀ ਮਿਹਨਤ ਅਤੇ ਲਗਨ ਦਾ ਹੈ ਜਿਹੜਾ ਉਨ੍ਹਾਂ ਦੀ ਵਿਰਾਸਤ ਵੀ ਹੈ ਤੇ ਹਾਲਾਤ ਦੀ ਦੇਣ ਵੀ।
ਉਨ੍ਹਾਂ ਦੇ ਬਚਪਨ ਦੇ ਦਿਨ, ਕਾਲਜ ਦੇ ਦਿਨ ਤੇ ਵਿਸ਼ਵਵਿਦਿਆਲੇ ਦੇ ਦਿਨਾਂ ਦੀ ਦਾਸਤਾਂ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਇੱਕ ਬੱਚਾ ਜਵਾਨ ਕਿਵੇਂ ਹੁੰਦਾ ਹੈ ਤੇ ਫਿਰ ਇੱਕ ਕਾਬਲ ਇਨਸਾਨ ਕਿਵੇਂ ਬਣਦਾ ਹੈ। ਫਿਰ ਉਨ੍ਹਾਂ ਦੇ ਸੰਸਥਾਵਾਂ ਨਾਲ ਸਬੰਧ, ਸਮ੍ਰਿਤੀਆਂ ਦੇ ਦੀਪਕ, ਖੋਜ ਯਾਤਰਾ ਤੇ ਵਿਦੇਸ਼ ਯਾਤਰਾ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਇੱਕ ਕਾਬਲ ਇਨਸਾਨ ਜ਼ਿੰਮੇਵਾਰ ਇਨਸਾਨ ਕਿਵੇਂ ਬਣਦਾ ਹੈ। ਫਿਰ ਉਨ੍ਹਾਂ ਦੇ ਮੀਡੀਆ ਨਾਲ ਰਿਸ਼ਤੇ, ਸੰਭਾਵਨਾਵਾਂ ਦੇ ਦਿਸਹੱਦੇ, ਅਕਾਦਮਿਕਤਾ ਦੇ ਸ਼ੂਕਦੇ ਦਰਿਆ ਵਿੱਚੋਂ ਲੰਘਦਿਆਂ ਅਹਿਸਾਸ ਹੁੰਦਾ ਹੈ ਕਿ ਇੱਕ ਜ਼ਿੰਮੇਵਾਰ ਇਨਸਾਨ ਕਰਤੇ ਦੀ ਵਡਿਆਈ ਦਾ ਹੱਕਦਾਰ ਕਿਵੇਂ ਬਣਦਾ ਹੈ ਤੇ ਉਸ ਦੇ ਆਪਣੇ ਹੱਥੀਂ ਲਿਖੇ ਹੋਏ ਭਾਗ ਹਕੀਕਤ ਕਿਵੇਂ ਬਣਦੇ ਹਨ।
ਅਖੀਰ ਵਿੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਪਰਿਵਾਰਕ ਤੇ ਸਮਾਜਿਕ ਬਗੀਚੀ ਵਿੱਚ ਪੂਰਬ ਜਨਮ ਦੇ ਸੰਜੋਗੀ ਫੁੱਲ ਕਿਵੇਂ ਖਿੜੇ ਜਿਨ੍ਹਾਂ ਦੀ ਮਹਿਕ ਬੇਦੀ ਹੋਰਾਂ ਦੇ ਚਿਹਰੇ ਉੱਤੇ ਖ਼ੁਸ਼ਦਿਲ ਮੁਸਕਰਾਹਟ ਦੇ ਰੂਪ ਵਿੱਚ ਹਮੇਸ਼ਾ ਦੇਖੀ ਜਾ ਸਕਦੀ ਹੈ। ਅਜਿਹੇ ਨੇਕਬਖ਼ਤ ਹਿਰਦੇ ਵਿੱਚੋਂ ਹੀ ‘ਸਰਵੇ ਭਵੰਤੂ ਸੁਖਿਨਾ’ ਜਿਹੀ ਨੇਕ ਆਵਾਜ਼ ਸੁਣਾਈ ਦੇ ਸਕਦੀ ਹੈ ਜਿਸ ਦਾ ਇਸ ਸ੍ਵੈ-ਜੀਵਨੀ ਦੇ ਅੰਤਿਮ ਅਧਿਆਇ ਵਿੱਚ ਪ੍ਰਕਾਸ਼ ਹੋਇਆ।
ਰੰਗ-ਬਰੰਗੀ ਕੱਚੀ ਵੰਗ ਦੀ ਬਜਾਏ ਚੂੜਾਮਣੀ ਸੂਹੀ ਜੀਵਨ-ਗਾਥਾ ਦੇ ਵਿਸ਼ੇਸ਼ ਸਮਰਪਣ ਦਾ ਜ਼ਿਕਰ ਨਾ ਕਰੀਏ ਤਾਂ ਬੇਦੀ ਸਾਹਿਬ ਤੇ ਇਸ ਪੁਸਤਕ ਨਾਲ ਅਨਿਆਂ ਹੋਵੇਗਾ। ਇਸ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਸ੍ਵੈ-ਜੀਵਨੀ ਹੋਵੇ ਜਿਹੜੀ ਉਸ ਦੇ ਲੇਖਕ ਨੇ ਇਸ ਤਰ੍ਹਾਂ ਆਪਣੀ ਪਤਨੀ ਨੂੰ ਸਮਰਪਿਤ ਕੀਤੀ ਹੋਵੇ। ਇਸ ਸਮਰਪਣ ਵਿੱਚ ਬੇਦੀ ਸਾਹਿਬ ਦੀ ਸ਼ਖ਼ਸੀਅਤ ਦੀ ਵਿਸ਼ੇਸ਼ ਤਾਸੀਰ ਹੈ ਜੋ ਇਸ ਪੁਸਤਕ ਦੇ ਅੱਖਰਾਂ ਦੀ ਆਤਮਾ ਵਿੱਚ ਘੁਲੀ ਹੋਈ ਹੈ। ਇਸ ਕਰਕੇ ਇਹ ਸ੍ਵੈ-ਜੀਵਨੀ ਆਪਣੀ ਕਿਸਮ ਦੀ ਆਪ ਹੈ।
ਇਸੇ ਕਰਕੇ ਇਸ ਜੀਵਨ ਗਾਥਾ ਨੂੰ ਪੜ੍ਹਦਿਆਂ ਮਨ ਨੂੰ ਸਕੂਨ ਮਿਲਦਾ ਹੈ ਤੇ ਮਸਤਕ ਨੂੰ ਸੇਧ ਹਾਸਲ ਹੁੰਦੀ ਹੈ। ਇਹ ਸਕੂਨ ਅਤੇ ਸੇਧ ਸਾਨੂੰ ਸਫਲ ਜੀਵਨ ਵੱਲ ਆਕਰਸ਼ਿਤ ਕਰਦੀ ਹੈ। ਆਉ ਇਸ ਪੁਸਤਕ ਵਿੱਚ ਗੁਆਚ ਜਾਈਏ ਤੇ ਆਪਣੇ ਸਾਬਤ ਅਤੇ ਸਿਦਕ-ਦਿਲ ਆਪੇ ਨੂੰ ਲੱਭੀਏ।
ਸੰਪਰਕ: 94175-18384