ਸੰਘਰਸ਼, ਸਾਹਿਤ ਅਤੇ ਰੰਗਮੰਚ ਦਾ ਸੁਮੇਲ
ਮੰਚ ਜੀਵਨ
ਕੇਵਲ ਧਾਲੀਵਾਲ
ਕੁਝ ਲੋਕ ਸਮਾਜ ਅਤੇ ਇਸ ਧਰਤੀ ਨੂੰ ਸੋਹਣਾ ਬਣਾਉਣ ਲਈ ਹੀ ਦੁਨੀਆ ’ਚ ਆਉਂਦੇ ਨੇ, ਉਹ ਰੁਕਦੇ ਨਹੀਂ, ਥੱਕਦੇ ਨਹੀਂ, ਸੰਘਰਸ਼ ਕਰੀ ਜਾਂਦੇ ਨੇ, ਡਾਢਿਆਂ ਨਾਲ ਮੱਥਾ ਲਾਈ ਰੱਖਦੇ ਨੇ, ਪਰ ਉਨ੍ਹਾਂ ਦੇ ਹੌਸਲੇ ਨਹੀਂ ਡੋਲਦੇ। ਅਜਿਹੇ ਲੋਕਾਂ ਵਿਚੋਂ ਹੀ ਸਾਡਾ ਮਿੱਤਰ ਪਿਆਰਾ ਮਾਸਟਰ ਤਰਲੋਚਨ ਖ਼ੂਬਸੂਰਤ, ਬੇਬਾਕ ਤੇ ਧੜੱਲੇਦਾਰ ਕਲਾਕਾਰ ਅਤੇ ਵਧੀਆ ਇਨਸਾਨ ਸੀ। ਉਹ ਅਚਾਨਕ ਹੈ ਤੋਂ, ਸੀ ਹੋ ਗਿਆ, ਯਕੀਨ ਨਹੀਂ ਆਉਂਦਾ। ਮੈਂ ਮਾਸਟਰ ਤਰਲੋਚਨ ਸਿੰਘ ਨੂੰ ਪਿਛਲੇ 40-45 ਸਾਲਾਂ ਤੋਂ ਜਾਣਦਾ ਹਾਂ। ਅਸੀਂ ਇਕ ਦੂਜੇ ਦੇ ਨਾਟਕੀ ਸਫ਼ਰ ਦੇ ਗਵਾਹ ਰਹੇ ਹਾਂ। ਮਾਸਟਰ ਤਰਲੋਚਨ ਦੀ ਲੋਕ-ਪੱਖੀ ਰੰਗਮੰਚ ਨੂੰ ਬਹੁਤ ਵੱਡੀ ਦੇਣ ਹੈ। ਉਸ ਦੇ ਲਿਖੇ ਨਾਟਕ ‘ਸਾੜਸਤੀ’ ਨੇ ਤਰਕਸ਼ੀਲ ਲਹਿਰ ਦੇ ਪੰਜਾਬ ’ਚ ਪੈਰ ਪੱਕੇ ਕੀਤੇ। ਉਸ ਵੱਲੋਂ ਪੇਸ਼ ਕੀਤੀ ਕੋਰੀਓਗ੍ਰਾਫ਼ੀ ‘ਮੈਂ ਵੱਸਦੀ ਉੱਜੜ ਗਈ’ ਨੇ ਪੰਜਾਬ ਦੇ ਪੇਂਡੂ ਰੰਗਮੰਚ ਦੀ ਲਹਿਰ ਨੂੰ ਨਵੀਨਤਾ ਵੀ ਦਿੱਤੀ ਤੇ ਸੰਗੀਤਕ ਰਵਾਨੀ ਵੀ। ਉਸ ਕੋਲ ਇਕੋ ਸਮੇਂ ਨਾਟਕ, ਥੀਏਟਰ, ਟੀ.ਵੀ. ਤੇ ਫਿਲਮ ਲੇਖਨ ਦਾ ਤਜਰਬਾ ਸੀ। ਉਸ ਕੋਲ ਨਾਟਕੀ ਭਾਸ਼ਾ ਅਤੇ ਕਾਵਿਕਤਾ ਦਾ ਰੰਗ ਸੀ। ਉਸ ਨੇ ਲੋਕ ਕਲਾ ਮੰਚ ਮਾਛੀਵਾੜਾ, ਆਰਟ ਸੈਂਟਰ ਸਮਰਾਲਾ ਅਤੇ ਪੰਜਾਬ ਲੋਕ ਸੱਭਿਆਚਾਰ ਮੰਚ ਜਿਹੇ ਪਲੇਟਫਾਰਮਾਂ ਉੱਤੇ ਸੰਘਰਸ਼ਸ਼ੀਲ ਰੰਗਕਰਮੀ ਦੀ ਤਰ੍ਹਾਂ ਤਪਦੇ ਦਿਨਾਂ ਵਿਚ ਲੋਕ ਨਾਟਕ ਦਾ ਹੋਕਾ ਦਿੱਤਾ ਸੀ। ਉਸ ਨੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਬਾਲ ਰੰਗਮੰਚ ਨੂੰ ਪੱਕੇ ਪੈਰੀਂ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਮਾਸਟਰ ਤਰਲੋਚਨ ਨਾਲ ਮੇਰੀ ਬੜੀ ਹੀ ਪਿਆਰੀ, ਨਿੱਘੀ ਤੇ ਸਤਿਕਾਰ ਭਰੀ ਦੋਸਤੀ ਰਹੀ। ਕਦੇ ਮੈਂ ਸਮਰਾਲੇ ਕੋਈ ਨਾਟਕ ਮੇਲਾ ਆਯੋਜਿਤ ਕਰਨਾ ਹੁੰਦਾ, ਮਾਸਟਰ ਤਰਲੋਚਨ ਨੂੰ ਚਾਅ ਚੜ੍ਹ ਜਾਂਦਾ। ਮੇਰੇ ਵਾਸਤੇ, ਮੇਰੇ ਹਿੱਸੇ ਦੇ ਸਾਰੇ ਫ਼ਿਕਰ ਉਹ ਆਪਣੇ ਹਿੱਸੇ ਲੈ ਲੈਂਦਾ। ਉਸ ਦੀਆਂ ਪਾਈਆਂ ਪੈੜਾਂ ਤੇ ਕੰਮਾਂ ਦੀ ਬਾਤ ਲੰਮੀ ਹੈ, ਪਰ ਤਰਲੋਚਨ ਦੀ ਉਮਰ ਦੀ ਬਾਤ 9 ਅਪਰੈਲ ਨੂੰ ਪਾਣੀਪਤ ਵਿਖੇ ਸ. ਸਰਦਾਰਾ ਸਿੰਘ ਅਤੇ ਸ੍ਰੀਮਤੀ ਨੌਰਾਤੇ ਕੌਰ ਦੇ ਘਰ ਸ਼ੁਰੂ ਹੋਈ ਸੀ ਹਾਲਾਂਕਿ ਉਸ ਦਾ ਜੱਦੀ ਪਿੰਡ ਮੱਲ ਮਾਜਰਾ (ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ) ਹੈ। ਉਸ ਨੇ ਬੀ.ਏ., ਜੇ.ਬੀ.ਟੀ., ਗਿਆਨੀ ਦੀ ਪੜ੍ਹਾਈ ਕੀਤੀ ਤੇ ਸਰਕਾਰੀ ਸਕੂਲ ਵਿਚ ਅਧਿਆਪਕ ਰਿਹਾ।
ਮਾਸਟਰ ਤਰਲੋਚਨ ਦਾ ਪਹਿਲਾ ਸ਼ੌਕ ਗੀਤ ਲਿਖਣ ਤੇ ਚਿੱਤਰਕਲਾ ਦਾ ਰਿਹਾ, ਪਰ ਉਸ ਨੇ ਰੰਗਮੰਚ ਨੂੰ ਵੀ ਲੋਕ ਗੀਤਾਂ ਵਰਗੀ ਲੈਅ ਤੇ ਚਿੱਤਰਕਲਾ ਵਰਗੇ ਰੰਗ ਦਿੱਤੇ। ਉਸ ਦੇ ਲਿਖੇ ਨਾਟਕ ‘ਆਦਮਖ਼ੋਰ ਤੇ ਹੋਰ ਨਾਟਕ’ ਅਤੇ ‘ਸਾੜਸਤੀ ਤੇ ਹੋਰ ਨਾਟਕ’ ਦੋ ਪੁਸਤਕਾਂ ਵੀ ਛਪੀਆਂ। ਉਸ ਨੇ ਬੱਚਿਆਂ ਨਾਲ ਕਈ ਥੀਏਟਰ ਵਰਕਸ਼ਾਪਾਂ ਲਾਈਆਂ ਤੇ ਉਨ੍ਹਾਂ ਦੇ ਬਾਲ ਮਨਾਂ ਦੀ ਉਡਾਰੀ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਝਿਲਮਿਲ ਤਾਰੇ’ ਰਾਹੀਂ ਅਨੇਕਾਂ ਵਾਰ ਪੇਸ਼ ਕੀਤਾ। ਉਸ ਨੇ ਬਤੌਰ ਨਿਰਦੇਸ਼ਕ ਜਲੰਧਰ ਦੂਰਦਰਸ਼ਨ ਤੋਂ ‘ਟੋਆ’ ਅਤੇ ‘ਆਖਰੀ ਨਾਟਕ’ ਦੀ ਪੇਸ਼ਕਾਰੀ ਵੀ ਕੀਤੀ। ਨਾਟਕਕਾਰ ਗੁਰਸ਼ਰਨ ਭਾ’ਜੀ ਬਾਰੇ ਦਸਤਾਵੇਜ਼ੀ ‘ਸਦਾ ਸਫ਼ਰ ਤੇ’ ਲਿਖੀ, ਨਿਰਦੇਸ਼ਤ ਤੇ ਪ੍ਰੋਡਿਊਸ ਕੀਤੀ। ਤਰਲੋਚਨ ਫਿਲਮਾਂ ਵੱਲ ਤੁਰਿਆ ਤਾਂ ਪੰਜਾਬੀ ਫਿਲਮ ‘ਹਸ਼ਰ’ ਅਤੇ ‘ਏਕਮ’ ਬਤੌਰ ਲੇਖਕ ਤੇ ਪਟਕਥਾ ਸੰਵਾਦ ਦੇ ਪੇਸ਼ ਕੀਤੀਆਂ। ਪੰਜਾਬੀ ਫੀਚਰ ਫਿਲਮ ‘ਬਾਜ’ ਵਿਚ ਅਦਾਕਾਰੀ ਵੀ ਕੀਤੀ। ਉਸ ਨੇ ਰੰਗਮੰਚ ਦੇ ਨਾਲ-ਨਾਲ ਮੀਡੀਆ ਨਾਲ ਵੀ ਆਪਣੀ ਗੱਲ ਕਹਿਣ ਲਈ ਸਾਂਝ ਪਾਈ ਰੱਖੀ ਤੇ ‘ਸ਼ਾਮਲਾਟ’, ‘ਇਕ ਉਡਾਰੀ ਐਸੀ ਮਾਰੀ’, ‘ਚੀਖ਼’, ‘ਸਾੜਸਤੀ’, ‘ਤਰਕ’, ‘ਮੰਗੋ’, ‘ਉਹਲਾ’, ‘ਰਿਸ਼ਤਾ’ ਅਤੇ ‘ਆਟਾ ਦਾਲ ਡਾਟ ਕਾਮ’ ਜਿਹੇ ਪ੍ਰਸਿੱਧ ਟੀ.ਵੀ. ਲੜੀਵਾਰਾਂ ਅਤੇ ਟੈਲੀ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਉਸਾਰੂ ਸੇਧ ਦਿੱਤੀ। ਉਸ ਨੇ ਨਾਟਕ ਲਿਖੇ। ਪੰਜਾਬ ਦੇ ਪਿੰਡ-ਪਿੰਡ ਆਪਣੀ ਨਾਟਕ ਟੀਮ ਰਾਹੀਂ ਉਸਾਰੂ ਸੋਚ ਤੇ ਨਵੇਂ ਸਮਾਜ ਦਾ ਸੁਨੇਹਾ ਦਿੱਤਾ। ਉਸ ਨੇ ਕਈ ਸਾਹਿਤਕ ਮੈਗਜ਼ੀਨਾਂ ਦੀ ਸੰਪਾਦਨਾ ਕੀਤੀ। ਕਈ ਕਿਤਾਬਾਂ ਦੀ ਸੰਪਾਦਨਾ ਕੀਤੀ, ਆਲੋਚਨਾ ਦੀ ਪੁਸਤਕ ‘ਵਿਵਹਾਰਕ ਆਲੋਚਨਾ’ ਛਪੀ, ਕਵਿਤਾ ਦੀ ਪੁਸਤਕ ‘ਚੀਖ਼’ ਵੀ ਛਪੀ ਤੇ ਬੱਚਿਆਂ ਦੇ ਗੀਤਾਂ ਦੀ ਪੁਸਤਕ ‘ਜੁਗਨੂੰ ਤਾਂ ਮੇਰਾ ਆੜੀ ਹੈ’ ਵੀ ਲਿਖੀ।
ਉਸ ਨੇ ਰੰਗਮੰਚ ਦੀ ਸ਼ੁਰੂਆਤ ਡਾ. ਹਰਚਰਨ ਸਿੰਘ ਦੇ ਨਾਟਕ ‘ਚਮਕੌਰ ਦੀ ਗੜ੍ਹੀ’ ਅਤੇ ‘ਸਰਹੰਦ ਦੀ ਦੀਵਾਰ’ ਤੋਂ ਕੀਤੀ। ਫਿਰ ਉਸ ਨੇ ਐਮਰਜੈਂਸੀ ਦੌਰਾਨ ਭਾ’ਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਨੂੰ ਬਤੌਰ ਪ੍ਰਬੰਧਕ ਪੰਜਾਬ ਵਿਚ ਥਾਂ-ਥਾਂ ਕਰਵਾਇਆ। ਉਸ ਨੇ ਵਿਦਿਆਰਥੀ ਜਥੇਬੰਦੀਆਂ ਵਿਚ ਰਹਿੰਦਿਆਂ ਇਨਸਾਫ਼ ਮੰਗਦੇ ਲੋਕਾਂ ਦਾ ਸਾਥ ਦਿੰਦਿਆਂ ਜੇਲ੍ਹ ਵੀ ਕੱਟੀ ਤੇ ਜੇਲ੍ਹ ਵਿਚ ਵੀ ਸਾਥੀਆਂ ਨਾਲ ਨਾਟਕ ਤਿਆਰ ਕਰ ਲਿਆ ‘‘ਤੂੰ ਖ਼ੁਦਕੁਸ਼ੀ ਕਰੇਂਗਾ, ਮੈਂ ਸ਼ਹੀਦ ਹੋਵਾਂਗਾ।’’ ਫਿਰ ਉਸ ਨੇ ‘ਲੋਕ ਕਲਾ ਮੰਚ ਮਾਛੀਵਾੜਾ’ ਦੀ ਸਥਾਪਨਾ 1979 ਵਿਚ ਕੀਤੀ। ਬਤੌਰ ਸਕੂਲ ਅਧਿਆਪਕ ਉਸ ਨੇ ਬੱਚਿਆਂ ਅੰਦਰ ਛੁਪੀਆਂ ਕੋਮਲ ਕਲਾਵਾਂ ਨੂੰ ਹੁਲਾਰਾ ਦਿੱਤਾ ਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕੀਤਾ। ਫਿਰ 1990 ਵਿਚ ‘ਆਰਟ ਸੈਂਟਰ ਸਮਰਾਲਾ’ ਦੀ ਸਥਾਪਨਾ ਕੀਤੀ ਤੇ ਨਾਟਕ ‘ਸਾੜਸਤੀ’, ‘ਦੇਵ ਪੁਰਸ਼ ਹਾਰ ਗਏ’, ‘ਆਦਮਖ਼ੋਰ’, ‘ਸੇਲ’, ‘ਛਵੀਆਂ ਦੀ ਰੁੱਤ’, ‘ਇੰਸਪੈਕਟਰ ਮਾਤਾਦੀਨ ਚੰਨ ਤੇ’ ਆਦਿ ਦੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਰੰਗਮੰਚ ਦੀ ਰਵਾਨੀ ਨੂੰ ਇਕ ਦਿਸ਼ਾ ਦਿੱਤੀ ਅਤੇ ਤਰਕਸ਼ੀਲ ਲਹਿਰ ਵਿਚ ਰੰਗਮੰਚ ਦੀ ਭੂਮਿਕਾ ਦਾ ਕੱਦ ਵੀ ਉੱਚਾ ਕੀਤਾ। 1991 ਵਿਚ ਜਦੋਂ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਟਰੇਨਿੰਗ ਲੈ ਕੇ ਪਰਤਿਆ ਤਾਂ ਉਸ ਵੇਲੇ ਸਭ ਤੋਂ ਪਹਿਲੀ ਇਕ ਮਹੀਨਾ ਲੰਮੀ, ਥੀਏਟਰ ਵਰਕਸ਼ਾਪ ਮੈਂ ‘ਆਰਟ ਸੈਂਟਰ ਸਮਰਾਲਾ’ ਦੇ ਕਲਾਕਾਰਾਂ ਨਾਲ ਸਮਰਾਲਾ ਵਿਖੇ ਲਗਾਈ ਜਿਸ ਦਾ ਸਮੁੱਚਾ ਪ੍ਰਬੰਧ ਮਾਸਟਰ ਤਰਲੋਚਨ ਨੇ ਕੀਤਾ। ਉੱਥੇ ਹੀ ਮੈਂ ਨਾਟਕ ‘ਕੋਰਟ ਮਾਰਸ਼ਲ’ ਤਿਆਰ ਕੀਤਾ। ਉਹ ਅਤਿਵਾਦ ਦੇ ਸਿਖਰਲੇ ਦਿਨ ਸਨ, ਪਰ ਤਰਲੋਚਨ ਨੇ ਮੇਰੇ ਤੇ ਥੀਏਟਰ ਵਰਕਸ਼ਾਪ ਦੇ ਕਲਾਕਾਰਾਂ ਲਈ ਬੜੇ ਹਿਫਾਜ਼ਤੀ ਪ੍ਰਬੰਧ ਕੀਤੇ ਸਨ। ਉਸ ਨਾਟਕ ਵਿਚ ਮਾਸਟਰ ਤਰਲੋਚਨ ਨੇ ਕਰਨਲ ਸੂਰਤ ਸਿੰਘ ਦੀ ਯਾਦਗਾਰੀ ਭੂਮਿਕਾ ਨਿਭਾਈ। ਉਦੋਂ ਹੀ ਮਾਸਟਰ ਤਰਲੋਚਨ ਨੇ ਮੇਰੇ ਨਾਟਕ ‘ਬਹੁਰੂਪੀਆ’ ਲਈ ਗੀਤ ਵੀ ਲਿਖੇ। ਇਸ ਤੋਂ ਪਹਿਲਾਂ ਵੀ 1987 ਵਿਚ ਮਾਸਟਰ ਤਰਲੋਚਨ ਹੁਰਾਂ ਦੀ ਟੀਮ ਨਾਲ ਮੈਂ ਭਦੌੜ ਵਿਖੇ ਇਕ ਥੀਏਟਰ ਵਰਕਸ਼ਾਪ ਲਗਾ ਕੇ ਨਾਟਕ ‘ਰਾਤ ਦੇ ਹਨੇਰੇ ਵਿਚ’ ਤਿਆਰ ਕੀਤਾ ਸੀ, ਜਿਸ ਦਾ ਸ਼ੋਅ ਤਰਲੋਚਨ ਨੇ ਮਾਛੀਵਾੜੇ ਕਰਵਾਇਆ ਸੀ। ਉਹ ਹਰ ਵਕਤ ਬਤੌਰ ਪ੍ਰਬੰਧਕ, ਚਿੰਤਕ, ਅਦਾਕਾਰ, ਨਿਰਦੇਸ਼ਕ, ਸਮਾਜਿਕ ਕਾਰਕੁਨ ਬਣ ਕੇ ਆਪਣੇ ਆਲੇ-ਦੁਆਲੇ ਦੇ ਸਮਾਜਿਕ ਫ਼ਿਕਰ ਦੋਸਤਾਂ ਨਾਲ ਸਾਂਝੇ ਕਰਦਾ ਰਹਿੰਦਾ। ਮੇਰੇ ਨਾਟ-ਗਰੁੱਪ ਮੰਚ-ਰੰਗਮੰਚ ਦੀ ਪਹਿਲੀ ਨਾਟ ਪੇਸ਼ਕਾਰੀ ਦਾ ਦੂਜਾ ਸ਼ੋਅ ਵੀ ਤਰਲੋਚਨ ਨੇ ਸਮਰਾਲੇ ਭਰਵੇਂ ਇਕੱਠ ਵਿਚ ਕਰਵਾਇਆ ਸੀ। ਮੇਰੇ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਦੀ ਸਮਰਾਲੇ ਪੇਸ਼ਕਾਰੀ ਤੋਂ ਬਾਅਦ ਉਹ ਭਾਵੁਕ ਹੋਇਆ ਮੇਰੇ ਨਾਲ ਇਕ ਘੰਟਾ ਫੋਨ ’ਤੇ ਗੱਲ ਕਰਦਾ ਰਿਹਾ।
ਉਸ ਵੱਲੋਂ ਚੰਗੇ ਸਾਹਿਤਕ ਗੀਤਾਂ ਦੀ ਨਾਟ-ਪੇਸ਼ਕਾਰੀ ਨੇ ਪੰਜਾਬ ਦੇ ਪੇਂਡੂ ਰੰਗਮੰਚ ਅੰਦਰ ਇਕ ਨਵੀਂ ਰੂਹ ਫੂਕ ਦਿੱਤੀ। ‘ਧਰਤੀ ਪੰਜਾਬ ਦੀ’, ‘ਜੱਗ ਦੀ ਜਨਣੀ’, ‘ਸ਼ਰਧਾਂਜਲੀ’, ‘ਔਹ ਟੁੱਟਗੀ ਸਰਕਾਰ’, ‘ਲੀਡਰ ਬਣਜਾ ਯਾਰ’, ‘ਲੋਰੀਆਂ’ ਜਿਹੀਆਂ ਪੇਸ਼ਕਾਰੀਆਂ ਪੰਜਾਬ ਦੇ ਦਰਸ਼ਕਾਂ ਨੂੰ ਹਮੇਸ਼ਾਂ ਚੇਤੇ ਰਹਿਣਗੀਆਂ। ਉਸ ਨੇ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿਚ ਆਪਣੇ ਨਾਟਕ ‘ਦੇਵ ਪੁਰਸ਼ ਹਾਰ ਗਏ’ ਦੀ ਪੇਸ਼ਕਾਰੀ ਵੀ 1997 ਵਿਚ ਕੀਤੀ। ਪੰਜਾਬੀ ਰੰਗਮੰਚ ਲਈ ਵਿਲੱਖਣ ਪੈੜਾਂ ਪਾਉਣ ਵਾਲੇ ਮਾਸਟਰ ਤਰਲੋਚਨ ਸਿੰਘ ਨੇ ਆਪਣੇ ਕੰਮ ਨਾਲ ਵੱਖਰੀ ਪਛਾਣ ਬਣਾਈ। ਪੰਜਾਬੀ ਰੰਗਮੰਚ ਦੇ ਸਫ਼ਰ ’ਚ ਉਸ ਦੀਆਂ ਪੈੜਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹ ਲੋਕ ਸੰਗਰਾਮਾਂ ਦੇ ਕਾਫ਼ਲਿਆਂ ਦੇ ਨਾਲ ਤੁਰਦਾ-ਤੁਰਦਾ ਬਹੁਤ ਦੂਰ ਤੁਰ ਗਿਆ।
ਉਸ ਨੇ ਤਾਂ ਹਾਲੇ ਕੁਝ ਦਿਨ ਪਹਿਲਾਂ ਹੀ ਮੇਰੇ ਨਾਲ ਫੋਨ ਉਪਰ ਲੰਮੀ ਗੱਲਬਾਤ ਕਰਦਿਆਂ ਕਿਹਾ ਸੀ, ‘‘ਕੇਵਲ ਯਾਰ, ਆਪਾਂ ਸਾਰੇ ਬਹੁਤੇ ਹੀ ਰੁੱਝ ਗਏ ਹਾਂ, ਮੇਰਾ ਦਿਲ ਕਰਦਾ ਮੈਂ ਤੇਰੇ ਕੋਲ ਦੋ ਦਿਨ ਆ ਕੇ ਰਹਾਂ ਤੇ ਫੇਰ ਆਪਾਂ ਗੱਲਾਂ ਕਰੀਏ, ਯਾਦਾਂ ਸਾਂਝੀਆਂ ਕਰੀਏ, ਕੁਝ ਨਵੀਂ ਪਲੈਨਿੰਗ ਕਰੀਏ’’... ਪਰ ਹੁਣ ਮੈਂ ਕਿਸ ਨਾਲ ਯਾਦਾਂ ਸਾਂਝੀਆਂ ਕਰਾਂ ਕਿਉਂਕਿ ਯਾਦਾਂ ਸਾਂਝੀਆਂ ਕਰਨ ਵਾਲਾ ਤਾਂ ਆਪ ਯਾਦ ਬਣ ਗਿਆ। ਸਾਡੇ ਲਈ ਤੇਰੇ ਨਾਲ ਸਮਰਾਲਾ ਵੱਸਦਾ ਸੀ, ਪਰ ਹੁਣ ਜਦੋਂ ਵੀ ਸਮਰਾਲੇ ਵਿਚਦੀ ਲੰਘਾਂਗੇ ਤਾਂ ਤੇਰੇ ਬਗੈਰ ਉਜਾੜ ਨਜ਼ਰ ਆਏਗੀ। ਪਰ ਤੇਰੀ ਦੋਸਤੀ ਦੀਆਂ ਸੋਹਣੀਆਂ ਯਾਦਾਂ ਦੀ ਮਹਿਕ ਸਮਰਾਲੇ ਦੀਆਂ ਗਲੀਆਂ, ਬਾਜ਼ਾਰਾਂ ’ਚੋਂ ਆਉਂਦੀ ਰਹੇਗੀ। ਅਲਵਿਦਾ, ਸਾਡੇ ਆਪਣਿਆ।
ਸੰਪਰਕ: 98142-99422