ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਬੱਦਲ ਫਟਿਆ: ਇਕ ਮੌਤ, ਤਿੰਨ ਜ਼ਖ਼ਮੀ ਤੇ ਕਈ ਵਾਹਨ ਰੁੜੇ
ਸ਼ਿਮਲਾ, 17 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਤੜਕੇ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ ਅਨੁਸਾਰ ਕੁੱਲੂ ਦੇ ਕਾਯਾਸ ਪਿੰਡ ਦੇ ਨੇੜੇ ਤੜਕੇ 3.55 ਵਜੇ ਬੱਦਲ ਫਟ ਗਿਆ, ਜਿਸ ਕਾਰਨ ਕਈ ਵਾਹਨ ਰੁੜ ਗਏ ਤੇ ਸੜਕ ਜਾਮ ਹੋ ਗਈ। ਬੱਦਲ ਫਟਣ ਨਾਲ ਮਰਨ ਵਾਲੇ ਵਿਅਕਤੀ ਦੀ ਪਛਾਣ ਕੁੱਲੂ ਦੇ ਪਿੰਡ ਚੰਸਾਰੀ ਦੇ ਰਹਿਣ ਵਾਲੇ ਬਾਦਲ ਸ਼ਰਮਾ ਵਜੋਂ ਹੋਈ ਹੈ। ਘਟਨਾ ਵਿੱਚ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ। ਉਧਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਵਿੱਚ ਅਗਲੇ ਦੋ ਮਹੀਨਿਆਂ ਵਿੱਚ ਕਿਸੇ ਵੀ ਵੀਆਈਪੀ ਨੂੰ ਸਲਾਮੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸੂਬੇ ਦੀ ਪੁਲੀਸ ਨੂੰ ਹਾਲ ਹੀ ’ਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਚੱਲ ਰਹੇ ਰਾਹਤ ਕਾਰਜਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਮੁੱਖ ਮੰਤਰੀ ਸ੍ਰੀ ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਜ਼ਾਦੀ ਦਿਵਸ ਤੋਂ ਇਲਾਵਾ 15 ਸਤੰਬਰ ਤੱਕ ਕਿਸੇ ਵੀ ਵੀਆਈਪੀ ਨੂੰ ‘ਗਾਰਡ ਆਫ਼ ਆਨਰ’ ਨਾ ਦੇਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ