ਮੈਰਾਥਨ ਰਾਹੀਂ ਨਸ਼ਿਆਂ ਖਿਲਾਫ਼ ਡਟਣ ਦਾ ਹੋਕਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਅਗਸਤ
ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣ ਲਈ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਲੋਂ ਅੱਜ ਸ਼ਹਿਰ ਵਿਚ 5 ਕਿਲੋਮੀਟਰ ਮੈਰਾਥਨ ਕਰਵਾਈ ਗਈ। ਇਹ ਦੌੜ ਪੁਲੀਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ, ਜਿਸ ’ਚ ਸ਼ਹਿਰ ਦੇ ਲਗਪਗ 3 ਹਜ਼ਾਰ ਵਾਸੀਆਂ ਨੇ ਹਿੱਸਾ ਲਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹਰੀ ਝੰਡੀ ਦੇ ਕੇ ਮੈਰਾਥਨ ਨੂੰ ਰਵਾਨਾ ਕੀਤਾ। ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਐਸਐਸਪੀ ਸੁਰੇਂਦਰ ਲਾਂਬਾ ਨੇ ਮੈਰਾਥਨ ਦੀ ਅਗਵਾਈ ਕੀਤੀ। ਮੈਰਾਥਨ ਜਿੱਤਣ ਵਾਲਿਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਜਿੰਪਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਜਾਗਰੂਕਤਾ ਸਮਾਗਮ ਕਾਰਗਰ ਸਾਬਿਤ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਵਿਚ ਪੁਲੀਸ ਦਾ ਸਹਿਯੋਗ ਕਰਨ। ਐੱਸ.ਐੱਸ.ਪੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਆਸਪਾਸ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲੀਸ ਡਰੱਗ ਹੈਲਪਲਾਈਨ ਨੰਬਰ-95016-60318 ’ਤੇ ਦਿੱਤੀ ਜਾ ਸਕਦੀ ਹੈ। ਮੈਰਾਥਨ ਵਿਚ ਦਸੂਹਾ ਦੇ ਹਰਜੋਧਵੀਰ ਸਿੰਘ, ਫਿਰੋਜ਼ਪੁਰ ਦੇ ਲਵਪ੍ਰੀਤ ਸਿੰਘ ਅਤੇ ਸੰਗਰੂਰ ਦੇ ਪ੍ਰਭਜੋਤ ਸਿੰਘ ਪਹਿਲੇ ਸਥਾਨ ’ਤੇ ਰਹੇ, ਜਿਨ੍ਹਾਂ ਇਨ੍ਹਾਂ ਨੂੰ 5100-5100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਦੂਜੇ ਸਥਾਨ ’ਤੇ ਰਹਿਣ ਵਾਲੇ ਫਾਜ਼ਿਲਕਾ ਦੇ ਰਿੰਕੂ, ਸੁਖਵਿੰਦਰ ਸਿੰਘ, ਟਾਂਡਾ ਦੇ ਲਕਸ਼ਦੀਪ ਸਿੰਘ, ਜਲੰਧਰ ਦੇ ਸ਼ਮਸ਼ੇਰ ਸਿੰਘ ਅਤੇ ਤਰਨਤਾਰਨ ਦੇ ਅੰਮ੍ਰਿਤਪਾਲ ਸਿੰਘ ਨੂੰ 3100-3100 ਰੁਪਏ ਦਾ ਇਨਾਮ ਦਿਤਾ ਗਿਆ। ਲੜਕੀਆਂ ਦੀ ਦੌੜ ’ਚ ਦਸੂਹਾ ਦੀ ਮਨਦੀਪ ਕੌਰ ਪਹਿਲੇ ਸਥਾਨ ’ਤੇ ਅਤੇ ਦਸੂਹਾ ਦੀ ਅਮਨਦੀਪ ਕੌਰ ਤੇ ਪੂਜਾ ਦੂਜੇ ਸਥਾਨ ’ਤੇ ਰਹੀਆਂ। ਇਨ੍ਹਾਂ ਨੂੰ ਕ੍ਰਮਵਾਰ 5100 ਤੇ 3100 ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ 1100-1100 ਰੁਪਏ ਦਾ ਇਨਾਮ ਦਿੱਤਾ ਗਿਆ।