Punjab News: ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਦਸੰਬਰ
ਇੱਥੋਂ ਨੇੜਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਚ 12 ਸਾਲ ਪਹਿਲਾਂ ਲੜਕੀ ਦੀ ਭੇਤਭਰੀ ਹਾਲਤ ’ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਪਟਿਆਲਾ ਦੇ ਥਾਣਾ ਪਸਿਆਣਾ ’ਚ ਕਤਲ ਅਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਰਿਆਣਾ ਦੇ ਕੈਥਲ ਵਾਸੀ ਸਾਹਿਬ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ ਜਿਸ ਨੇ ਦੋਸ਼ ਲਾਏ ਸਨ ਕਿ ਉਸ ਦੀ ਭੈਣ, ਮਾਂ ਨਾਲ ਗੁਰਦੁਆਰਾ ਪਰਮੇਸ਼ਰ ਦੁਆਰ ਜਾਂਦੀ ਸੀ ਤੇ ਕਈ ਵਾਰ ਉਥੇ ਹੀ ਰਹਿ ਜਾਂਦੀ ਸੀ। ਇਸ ਦੌਰਾਨ ਉਸ ਦੇ ਬਾਬੇ ਨਾਲ ਕਥਿਤ ਸਬੰਧ ਬਣ ਗਏ। ਉਹ ਜਦੋਂ ਗਰਭਵਤੀ ਹੋ ਗਈ ਤਾਂ ਉਸ ਦੀ ਮੌਤ ਜ਼ਹਿਰ ਦੇਣ ਨਾਲ ਹੋਣ ਦੀ ਪੁਸ਼ਟੀ ਹੋਈ।
ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹ ਵਿਦੇਸ਼ ਗਏ ਸਨ ਤਾਂ ਲੜਕੀ ਨੇ ਪਰਮੇਸ਼ਰ ਦੁਆਰ ਦੇ ਬਾਹਰ ਆ ਕੇ ਜ਼ਹਿਰੀਲੀ ਦਵਾਈ ਖਾ ਲਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ’ਚ ਜਬਰ ਜਨਾਹ ਜਾਂ ਗਰਭਵਤੀ ਹੋਣ ਦਾ ਕੋਈ ਜ਼ਿਕਰ ਨਹੀਂ ਸੀ। ਇਹ ਖ਼ੁਦਕੁਸ਼ੀ ਦਾ ਮਾਮਲਾ ਸੀ। ਇਸ ਲਈ ਪਰਿਵਾਰ ਦੇ ਬਿਆਨਾਂ ’ਤੇ ਪੁਲੀਸ ਨੇ ਕਿਸੇ ਖਿਲਾਫ਼ ਕੋਈ ਕਾਰਵਾਈ ਨਾ ਕਰਦਿਆਂ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਕੇਸ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਲੜਕੀ ਦੇ ਪਰਿਵਾਰ ਨੂੰ ਕੋਈ ਸ਼ੱਕ ਹੈ ਤਾਂ ਉਹ ਸੀਬੀਆਈ ਸਮੇਤ ਹਰ ਏਜੰਸੀ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਾਂਚ ਲਈ ਪੁਲੀਸ ਜਿੱਥੇ ਵੀ ਬੁਲਾਵੇਗੀ ਉਹ ਹਾਜ਼ਰ ਹੋਣਗੇ।